ਪਟਿਆਲਾ, 31 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਅਜ ਖ਼ਾਲਸਾ ਕਾਲਜ ਪਟਿਆਲਾ ਦੇ ਯੂਥ ਕਲਬ ਅਤੇ ਰੈਡ ਕਰਾਸ ਸੁਸਾਇਟੀ ਵਲੋਂ ਵਿਜੀਲੈਂਸ ਦਿਵਸ ਦੇ ਅਵਸਰ ‘ਤੇ ਵਿਜੀਲੈਂਸ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ ਭ੍ਰਿਸ਼ਟਾਚਾਰ ਮਿਟਾਓ ਨਵਾਂ ਭਾਰਤ ਬਣਾਓ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਪਟਿਆਲਾ ਜਿਲ੍ਹੇ ਦੇ ਵਿਜੀਲੈਸ ਬਿੳਰੋ ਦੇ ਐਸ. ਐਸ. ਪੀ. ਸ. ਜਸਪ੍ਰੀਤ ਸਿੰਘ ਸਿਧੂ ,ਪਟਿਆਲ਼ਾ ਜਿਲੇ ਦੇ ਏ.ਡੀ.ਸੀ.ਜਨਰਲ ਸ੍ਰੀ ਸੌਕਤ ਅਹਿਮਦ, ਡਾਇਰੈਕਟਰ ਜੀ.ਐਸ.ਟੀ, ਸ.ਗੁਰਪਾਲ ਸਿੰਘ ਚਹਿਲ, ਐਸ.ਪੀ. ਪਟਿਆਲਾ ਸ.ਪ੍ਰੀਤੀਪਾਲ ਸਿੰਘ ਤੇ ਐਸ.ਪੀ. ਪਟਿਆਲਾ ਸ. ਕੇਸਰ ਸਿੰਘ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਕਾਲਜ ਵਲੋਂ ਇਹ ਸੈਮੀਨਾਰ ਲੋਹ ਪੁਰਸ਼ ਸਰਦਾਰ ਵਲਭ ਭਾਈ ਪਟੇਲ ਜੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਕਾਲਜ ਦੀ ਰੈਡ ਕਰਾਸ ਸੁਸਾਇਟੀ ਅਤੇ ਯੂਥ ਕਲਬ ਦੇ ਕਨਵੀਨਰ ਡਾ. ਸਰਬਜੀਤ ਸਿੰਘ ਆਹਲੂਵਾਲੀਆ ਨੇ ਵੀ ਨਿਤ ਦਿਨ ਵਧ ਰਹੇ ਭ੍ਰਿਸ਼ਟਾਚਾਰ ਦੇ ਖ਼ਿਲਾਫ ਆਪਣੇ ਵਿਚਾਰ ਸਾਂਝੇ ਕੀਤੇ । ਸ.ਜਸਪ੍ਰੀਤ ਸਿੰਘ ਸਿਧੂ ਐਸ.ਐਸ.ਪੀ. ਪਟਿਆਲਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਪੜ੍ਹੇ ਲਿਖੇ ਵਰਗ ਦਾ ਅਗੇ ਆਉਣਾ ਅਤੇ ਪਿੰਡਾਂ ਵਿਚ ਰਹਿ ਰਹੇ ਅਨਪੜ੍ਹ ਜਾਂ ਘਟ ਪੜ੍ਹੇ ਲਿਖੇ ਲੋਕਾਂ ਨੂੰ ਵਿਜੀਲੈਂਸ ਬਿਊਰੋ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ । ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਪ੍ਰੀਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਕਿਹਾ ਕਿ ਵਿਜ਼ੀਲੈਂਸ ਬਿਊਰੋ ਇਕ ਅਜਿਹਾ ਵਿਭਾਗ ਹੈ,ਜੋ ਸਮਾਜ ਵਿਚ ਬੜੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਪਰ ਉਹ ਆਪਣੇ ਮਿਸ਼ਨ ਵਿਚ ਤਦ ਹੀ ਕਾਮਯਾਬ ਹੋ ਸਕਦਾ ਹੈ, ਜੇਕਰ ਹਰ ਨਾਗਰਿਕ ਉਸ ਨੂੰ ਸਹਿਯੋਗ ਦੇਵੇਗਾ ਅਤੇ ਖੁਦ ਮਾਨਸਿਕ ਤੌਰ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇਗਾ ਡਾ.ਉਭਾ ਨੇ ਇਹ ਵੀ ਕਿਹਾ ਕਿ ਸਿਰਫ ਪੈਸੇ ਦੀ ਹੀ ਨਹੀਂ ਅਸੀਂ ਜਦੋਂ ਵੀ ਆਪਣੇ ਜਿੰਮੇ ਲਗੇ ਕਿਸੇ ਵੀ ਫਰਜ਼ ਦੀ ਕੁਤਾਹੀ ਕਰਦੇ ਹਾਂ ਤਾਂ ਉਹ ਵੀ ਭ੍ਰਿਸ਼ਟਾਚਾਰ ਹੀ ਹੈ। ਸ.ਗੁਰਪਾਲ ਸਿੰਘ ਚਹਿਲ ਆਈ.ਏ.ਐਸ. ਨੇ ਕਿਹਾ ਕਿ ਅਸੀਂ ਜਿਸ ਵੀ ਵਿਭਾਗ ਵਿਚ ਕੰਮ ਕਰਦੇ ਹਾਂ, ਸਾਨੂੰ ਉਸ ਵਿਭਾਗ ਅਤੇ ਆਮ ਜਨਤਾ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ। ਕਿਉਂਕਿ ਕਿਸੇ ਵੀ ਅਫ਼ਸਰ ਨੂੰ ਮਿਲਣ ਵਾਲੀ ਤਨਖਾਹ ਆਮ ਜਨਤਾ ਦੀ ਕਮਾਈ ਵਿਚੋਂ ਕਟੇ ਗਏ ਟੈਕਸ ਵਿਚੋਂ ਅਦਾ ਕੀਤੀ ਜਾਂਦੀ ਹੈ। ਇਸ ਸੈਮੀਨਾਰ ਦੌਰਾਨ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਖ਼ਾਲਸਾ ਕਾਲਜ ਪਟਿਆਲਾ ਵੱਲੋਂ ਚੌਕਸੀ ਦਿਵਸ ’ਤੇ ‘ਭ੍ਰਿਸ਼ਟਾਚਾਰ ਮਿਟਾਓ-ਨਵਾਂ ਭਾਰਤ ਬਣਾਓ’ ਵਿਸ਼ੇ ’ਤੇ ਸੈਮੀਨਾਰ



