ਚੰਡੀਗੜ੍ਹ- ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦੀ ਸੂਚੀ ਐਲਾਨਣ ਮਗਰੋਂ ਬਾਗੀ ਧੜੇ ਦੇ ਲੀਡਰ ਸੁਖਪਾਲ ਸਿੰਘ ਖਹਿਰੇ ਨੇ ਵਡਾ ਐਲਾਨ ਕੀਤਾ ਹੈ। ਖਹਿਰਾ ਨੇ ਕਿਹਾ ਕਿ ਉਹ ਸਤ ਨਵੰਬਰ ਤਕ ਉਡੀਕ ਕਰਨਗੇ ਕਿ ਆਮ ਆਦਮੀ ਪਾਰਟੀ ਆਪਣੇ ਢਾਂਚੇ ਨੂੰ ਭੰਗ ਕਰ ਦੇਵੇ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਆਪਣੇ ਮੌਜੂਦਾ ਢਾਂਚੇ ਨੂੰ ਭੰਗ ਨਹੀਂ ਕਰਦੀ ਤਾਂ ਪੰਜਾਬ ਵਿਚ ਨਵਾਂ ਫਰੰਟ ਕਾਇਮ ਕੀਤਾ ਜਾਏਗਾ।
ਖਹਿਰਾ ਨੇ ਕਿਹਾ ਕਿ ਅਕਾਲੀ ਦਲ ਤੋਂ ਨਾਰਾਜ਼ ਟਕਸਾਲੀ ਆਗੂਆਂ ਨਾਲ਼ ਟੈਲੀਫ਼ੋਨ ‘ਤੇ ਗਲਬਾਤ ਹੋ ਰਹੀ ਹੈ। ਬੈਂਸ ਭਰਾ ਵੀ ਖਹਿਰਾ ਨਾਲ ਚਲ਼ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਇਲਾਵਾ ਬਰਗਾੜੀ ਮੋਰਚੇ ਦੇ ਕੁਝ ਲੀਡਰ ਵੀ ਖਹਿਰਾ ਨਾਲ ਆ ਸਕਦੇ ਹਨ। ਉਨ੍ਹਾਂ ਸੰਕੇਤ ਦਿਤਾ ਕਿ ਆਉਣ ਵਾਲੇ ਸਮੇਂ ਵਿਚ ਵਖਰਾ ਸਿਆਸੀ ਮੰਚ ਤਿਆਰ ਹੋ ਸਕਦਾ ਹੈ।



