ਤਲਵੰਡੀ ਸਾਬੋ, 24 ਅਕਤੂਬਰ (ਰਾਮ ਰੇਸ਼ਮ ਨਥੇਹਾ)- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕਰਨ ਤੇ ਅੱਜ ਹਲਕੇ ਦੇ ਨਾਲ ਲੱਗਦੇ ਹਰਿਆਣੇ ਦੇ ਪਿੰਡਾਂ ਦੇ ਧਾਰਮਿਕ ਆਗੂਆਂ ਵੱਲੋਂ ਸਿੰਘ ਸਾਹਿਬ ਦਾ ਸਨਮਾਨ ਕੀਤਾ ਗਿਆ। ਅੱਜ ਹਰਿਆਣੇ ਦੇ ਸਿੱਖ ਧਾਰਮਿਕ ਆਗੂਆਂ ਵਿੱਚੋਂ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ,ਬਾਬਾ ਦਰਸ਼ਨ ਸਿੰਘ ਦਾਦੂਵਾਲੇ,ਬਾਬਾ ਕੁੰਦਨ ਸਿੰਘ ਅਤੇ ਬਾਬਾ ਮੇਜਰ ਸਿੰਘ ਦੇਸੂ ਸ਼ਹੀਦਾਂ,ਬਾਬਾ ਮਹਿੰਦਰ ਸਿੰਘ ਗੁ:ਬੁੰਗਾ ਮਸਤੂਆਣਾ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਉਣ ਤੇ ਉਨਾਂ ਨੂੰ ਵਧਾਈ ਦਿੰਦਿਆਂ ਉਨਾਂ ਦਾ ਵਿਸ਼ੇਸ ਸਨਮਾਨ ਕੀਤਾ।ਸਿੱਖ ਧਾਰਮਿਕ ਆਗੂਆਂ ਨੇ ਇਸ ਮੌਕੇ ਆਸ ਪ੍ਰਗਟਾਈ ਕਿ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਵਿੱਚ ਪੈਦਾ ਹੋਏ ਵਿਚਾਰਕ ਮਤਭੇਦਾਂ ਨੂੰ ਦੂਰ ਕਰਕੇ ਕੌਮ ਨੂੰ ਇੱਕ ਲੜੀ ਵਿੱਚ ਪਰੋ ਕੇ ਕੌਮੀ ਏਕਤਾ ਲਈ ਬਣਦੇ ਯਤਨ ਆਰੰਭਣਗੇ।
ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮੌਕੇ ਉਨਾਂ ਦਾ ਸਾਥ ਦੇਣ ਵਾਲੇ ਸਿੱਖ ਆਗੂਆਂ ਤੇ ਵਿਸ਼ੇਸ ਕਰਕੇ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਭਾਈ ਜਸਵਿੰਦਰ ਸਿੰਘ ਨਿੱਜੀ ਸਹਾਇਕ ਸਿੰਘ ਸਾਹਿਬ, ਭਾਈ ਚਰਨਜੀਤ ਸਿੰਘ ਦਾਦੂ, ਭਾਈ ਬਲਵੀਤ ਸਿੰਘ ਦਾਦੂ, ਭਾਈ ਅਮਨਾ ਸਿੰਘ ਦਾਦੂ ਆਦਿ ਸਿੰਘ ਵੀ ਹਾਜ਼ਰ ਸਨ।
ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਨਣ ’ਤੇ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਖ ਆਗੂਆਂ ਵੱਲੋਂ ਸਨਮਾਨ



