ਸਿਹਤ ਵਿਗੜਨ ਕਾਰਨ ਕਿੱਲਿਆਂਵਾਲੀ ਰੈਲੀ ’ਚ ਨਹੀਂ ਪਹੁੰਚੇ
ਚੰਡੀਗੜ੍ਹ, 8 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਲੋਕਲ ਬਾਡੀ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਜੱਲਿਆਂਵਾਲਾ ਬਾਗ ਦੀ ਮੁਰੰਮਤ ਲਈ ਇਜਾਜ਼ਤ ਨਹੀਂ ਦੇ ਰਹੀ। ਇਸ ਇਸ ਦੌਰਾਨ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਿਹਤ ਵਿਗੜਨ ਕਾਰਨ ਉਹ ਲੰਬੀ ਰੈਲੀ ਵਿਚ ਸ਼ਾਮਲ ਹੋਣ ਤੋਂ ਅਸਮਰਥ ਰਹੇ ਹਨ। ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਨੂੰ ਠੇਕੇ ‘ਤੇ ਨਹੀਂ ਦਿਤਾ ਜਾਏਗਾ। ਇਸ ਸਬੰਧੀ ਉਹ ਕੇਂਦਰੀ ਸਭਿਆਚਾਰ ਮੰਤਰੀ ਨਾਲ ਗਲ ਕਰ ਚੁਕੇ ਸਨ।ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਜਲ੍ਹਿਆਂਵਾਲਾ ਬਾਗ਼ ਦੀ ਮੁਰੰਮਤ ਤੇ ਸਾਂਭ-ਸੰਭਲਾ ਦੀ ਇਜਾਜ਼ਤ ਨਹੀਂ ਦੇ ਰਹੀ। ਜਲ੍ਹਿਆਂਵਾਲਾ ਬਾਗ਼ ਟਰਸਟ ਦੇ ਅਧੀਨ ਹੈ ਤੇ ਟਰਸਟ, ਕੇਂਦਰ ਸਰਕਾਰ ਦੇ ਅਧੀਨ ਹੈ।ਸਿਧੂ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਜਲ੍ਹਿਆਂਵਾਲਾ ਬਾਗ਼ ‘ਤੇ ਕੋਈ ਪੈਸਾ ਖ਼ਰਚ ਨਹੀਂ ਕੀਤਾ ਗਿਆ। ਜਲ੍ਹਿਆਂਵਾਲਾ ਬਾਗ਼ ਦੀ ਮੁਰੰਮਤ ਲਈ ਕੇਂਦਰ ਸਰਕਾਰ ਤੋਂ 20 ਕਰੋੜ ਰੁਪਏ ਦੀ ਰਕਮ ਮੰਗੀ ਗਈ ਸੀ। ਇਸ ਵਿਚੋਂ ਸਰਕਾਰ ਨੇ 8 ਕਰੋੜ ਰੁਪਏ ਦੀ ਅਦਾਇਗੀ ਕਰ ਦਿਤੀ ਹੈ ਪਰ ਅਜੇ ਤਕ ਇਸ ਪੈਸੇ ਨੂੰ ਖ਼ਰਚ ਕਰਨ ਦੀ ਮਨਜ਼ੂਰੀ ਨਹੀਂ ਦਿਤੀ।ਸਿਧੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੇ 100 ਸਾਲਾ ਤੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਉਨ੍ਹਾਂ ਲਈ ਬਹੁਤ ਅਹਿਮ ਹਨ।