ਬੈਂਕ ’ਚ ਲੱਗੀ ਲੰਬੀ ਕਤਾਰ ਦੇਖ ਕੇ ਮੈਂ ਅੰਦਾਜਾ ਲਾਇਆ ਕਿ ਕੈਸ਼ ਕਾਉਂਟਰ ਤੱਕ ਪਹੁੰਚਣ ਲਈ ਮੇਰੀ ਵਾਰੀ ਛੇਤੀ ਨੀ ਆਉਂਣੀ, ਪਰ ਫਿਰ ਵੀ ਹਿੰਮਤ ਕਰਕੇ ਮੈਂ ਹੋਰਾਂ ਵਾਂਗ ਕਤਾਰ ਵਿੱਚ ਖੜ ਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗਿਆ। ਦੁਪਹਿਰ ਦੇ ਸਾਢੇ ਬਾਰਾਂ ਵਜੇ ਦਾ ਸਮਾਂ ਸੀ। ਮੈਂ ਸੋਚਿਆ ਕਿ ਵਾਰੀ ਦੋ ਵਜੇ ਤੋਂ ਪਹਿਲਾਂ ਨੀ ਆਉਂਦੀ। ਕੈਬਿਨ ਵਿੱਚ ਕੁਰਸੀ ’ਤੇ ਬੈਠੇ ਬਾਬੂ ਜੀ ਵਾਰ ਵਾਰ ਸਾਰਿਆਂ ਨੂੰ ਲਾਇਨ ’ਚ ਲੱਗਣ ਦੀ ਨਸੀਅਤ ਦੇ ਰਹੇ ਸਨ। ਮੈਨੂੰ ਉਹਨਾਂ ਦਾ ਬੈਂਕ ਅੰਦਰ ਅਨੁਸ਼ਾਸ਼ਨ ਬਣਾਏ ਰੱਖਣਾਂ ਕਾਫੀ ਚੰਗਾ ਲੱਗਿਆ। ਪਰ ਬਾਬੂ ਜੀ ਦੀ ਇਹ ਚੰਗੀ ਨੀਤੀ ਥੋੜਾ ਸਮਾਂ ਹੀ ਰਹੀ ਅਤੇ ਛੇਤੀ ਹੀ ਦਮ ਤੋੜ ਗਈ। ਇੱਕ ਸਖਸ਼ ਨੇ ਖੱਬੇ ਪਾਸੇ ਤੋਂ ਆ ਕੇ ਬਾਬੂ ਜੀ ਨੂੰ ਉਚੀ ਆਵਾਜ਼ ਵਿੱਚ ਸੱਤ ਸ਼੍ਰੀ ਅਕਾਲ ਬੁਲਾਈ। ਬਾਬੂ ਜੀ ਨੇ ਕੰਮ ਛੱਡ ਕੇ ਹੱਥ ਉਸ ਸੱਜਣ ਨਾਲ ਹੱਥ ਮਿਲਾਇਆ, ਪੈਸੇ ਫੜੇ ਅਤੇ ਉਸਦੇ ਪੈਸੇ ਜਮਾਂ ਕਰਨ ਲਈ ਫਾਰਮ ਵੀ ਆਪ ਹੀ ਭਰਨ ਲੱਗ ਪਏ। ਲਾਇਨ ’ਚ ਖੜੇ ਲੋਕ ਬੇਬਸੀ ਵਾਲੀ ਹਾਲਤ ਵਿੱਚ ਸਨ, ਬਾਬੂ ਜੀ ਨੂੰ ਕੋਈ ਕੁੱਝ ਵੀ ਨਾ ਕਹਿ ਸਕਿਆ। ਲਾਇਨ ’ਚ ਲੱਗਣ ਨੂੰ ਕਹਿਣ ਵਾਲੇ ਬਾਬੂ ਜੀ ਦੋਗਲੀ ਨੀਤੀ ਅਪਣਾ ਰਹੇ ਸਨ, ਪਰ ਉਹਨਾਂ ਨੂੰ ਹੁਣ ਇਸਦੀ ਕੋਈ ਪ੍ਰਵਾਹ ਨਹੀਂ ਸੀ। ਉਹਨਾਂ ਨੇ ਆਪਣੀ ਜਾਣ ਪਹਿਚਾਣ ਨੂੰ ਪੁਗਾਉਣ ਲਈ ਆਪਣੀ ਅਸੂਲਨ ਸੋਚ ਨੂੰ ਛੱਡ ਦਿੱਤਾ ਸੀ। ਸੰਸਥਾ ਦਾ ਮੁਖੀ ਉਚੀ ਆਵਾਜ ’ਚ ਵਿਦਿਆਰਥੀਆਂ ਨੂੰ ਗਿਆਨਵਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਦਿਆਰਥੀ ਪੂਰਨ ਇਕਾਗਰਤਾ ਅਤੇ ਬੜੇ ਗੋਹ ਨਾਲ ਮੁੱਖ ਅਧਿਆਪਕ ਦੀ ਇੱਕ ਇੱਕ ਗੱਲ ਨੂੰ ਸੁਣ ਰਹੇ ਸਨ। ਮੁੱਖ ਅਧਿਆਪਕ ਕਹਿ ਰਹੇ ਸਨ ਕਿ ਬਚਪਨ ਵਿੱਚ ਉਹ ਅਜਿਹੇ ਸਕੂਲ ’ਚ ਪੜੇ ਹਨ ਜਿਸਦੇ ਮੁੱਖ ਅੀਧਆਪਕ ਬਹੁਤ ਹੀ ਸਖਤ ਕਾਇਦਾ ਕਾਨੂੰਨ ਦੀ ਪਾਲਣਾਂ ਕਰਦੇ ਸਨ ਅਤੇ ਕਿਸੇ ਵੀ ਬਾਹਰੀ ਸ਼ਿਫਾਰਸ਼ ਨੂੰ ਆਪਣੇ ’ਤੇ ਭਾਰੂ ਨਹੀਂ ਸੀ ਹੋਣ ਦਿੰਦੇ। ਉਹ ਕਿਸੇ ਵੱਡੇ ਛੋਟੇ ਆਦਮੀ ਜਾਂ ਉਸਦੇ ਅਹੁਦੇ ਦੀ ਪ੍ਰਵਾਹ ਕੀਤੇ ਬਿਨਾਂ ਸਕੂਲ ਦਾ ਸੰਚਾਲਣ ਕਰਦੇ ਸਨ ਅਤੇ ਅੱਜ ਉਹ ਆਪ ਵੀ ਉਹੀ ਅਸੂਲ ਅਪਣਾ ਕ,ੇ ਬਿਨਾ ਭੇਦ ਭਾਵ ਅਤੇ ਬਾਹਰੀ ਸ਼ਿਫਾਰਸਾਂ ਦੀ ਪ੍ਰਵਾਹ ਕੀਤੇ ਬਿਨਾਂ ਸੰਸਥਾ ਚਲਾ ਰਹੇ ਹਨ। ਪਰ ਜਦੋਂ ਦਾਖਲਿਆਂ ਸਮੇਂ ਪਹਿਲਾਂ ਰੱਦ ਕੀਤੇ ਦਾਖਲੇ ਨੂੰ ਨੇਤਾ ਦੇ ਫੋਨ ਤੋਂ ਬਾਅਦ ਤੁਰੰਤ ਸਵੀਕਾਰ ਕਰ ਲਿਆ ਗਿਆ ਤਾਂ ਲੱਗਿਆ ਕਿ ਮੁੱਖ ਅਧਿਆਪਕ ਨੇ ਆਪਣੇ ਅਸੂਲੀ ਵਿਹਾਰ ਨੂੰ ਛੱਡ ਦੋਗਲੀ ਨੀਤੀ ਅਪਣਾ ਲਈ ਸੀ। ਨਾਕੇ ’ਤੇ ਚਲਾਣ ਕੱਟਦੇ ਪੁਲਿਸ ਵਾਲੇ ਨੇ ਇੱਕ ਸਕੂਟਰ ’ਤੇ ਜਾ ਰਹੇ ਨੋਜਵਾਨ ਨੂੰ ਰੋਕਿਆ ਅਤੇ ੇ ਲਾਲ ਬੱਤੀ ਪਾਰ ਕਰਨ ਦਾ ਕਾਰਨ ਪੁੱਛਿਆ। ਨੌਜਵਾਨ ਨੇ ਬੜੀ ਹਲੀਮੀ ਨਾਲ ਦੱਸਿਆ ਕਿ ਬੱਤੀਆਂ ਤਾਂ ਚਲਦੀਆਂ ਹੀ ਨਹੀਂ, ਖਰਾਬ ਹਨ, ਫਿਰ ਪਾਰ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪੁਲਿਸ ਵਾਲਾ ਆਪਣੀ ਗਲਤੀ ’ਤੇ ਪੜਦਾ ਪਾਉਂਦਾ ਹੋਇਆ ਰੋਹਬ ਮਾਰਦਿਆਂ ਕਹਿਣ ਲੱਗਿਆ, ਬੱਤੀਆਂ ਤਾਂ ਉਹ ਹੁਣੇ ਚਲਾ ਦਿੰਦੈ, ਇਹ ਕਹਿ ਕੇ ਉੇਸ ਨੇ ਨੌਜਵਾਨ ਦਾ ਚਲਾਨ ਕੱਟ ਕੇ ਹੱਥ ’ਚ ਫੜਾ ਦਿੱਤਾ। ਕੁੱਝ ਸਮੇਂ ਬਾਅਦ ਉਥੋਂ ਕਾਲੇ ਸ਼ੀਸ਼ਆਂ ਵਾਲੀ ਇੱਕ ਮਹਿੰਗੀ ਗੱਢੀ ਲੰਘੀ। ਗੱਡੀ ਨੂੰ ਦੇਖ ਕੇ ਪੁਲਿਸ ਵਾਲਾ ਇੱਕਦਮ ਸਾਵਧਾਨ ਹੋ ਗਿਆ ਅਤੇ ਸ਼ਾਇਦ ਕਾਨੂੰਂਨ ਅਨੁਸਾਰ ਕਾਲੇ ਸ਼ੀਸ਼ਿਆਂ ਦਾ ਚਲਾਣ ਕੱਟਣਾਂ ਹੁਣ ਉਸਦੇ ਵਸ ਦੀ ਗੱਲ ਨਹੀਂ ਸੀ ਰਹੀ। ਇਹ ਦੇਖ ਕੇ ਜਨਤਾ ਦੀ ਰਾਖੀ ਕਰਨ ਵਾਲਿਆਂ ਦੀ ਅਸਲੀਅਤ ਸਾਹਮਣੇ ਆ ਗਈ, ਉਹ ਵੀ ਦੋਗਲੀ ਨੀਤੀ ਅਪਣਾ ਗਿਆ ਸੀ, ਮਾੜੇ ਲਈ ਹੋਰ ਅਤੇ ਤਕੜੇ ਲਈ ਹੋਰ। ਪਿੰਡ ’ਚ ਇੱਕ ਗਰੀਬ ਪਰਿਵਾਰ ਦੀ ਸਿਰ ਢੱਕਣ ਲਈ ਛੱਤੀ ਹੋਈ ਜਗਾ ਨੂੰ ਸਰਪੰਚ ਇਹ ਕਹਿ ਕੇ ਢਹਾਉਣ ਦੇ ਹੁਕਮ ਲੈ ਆਇਆ ਕਿ ਜਿਸ ਜਗ੍ਹਾ ਇਹ ਘਰ ਹੈ ਉਹ ਸਰਕਾਰੀ ਥਾਂ ਹੈ। ਗਰੀਬ ਪਰਿਵਾਰ ਨੂੰ ਚਿੰਤਾ ਛਿੜ ਗਈ, ਮਿਹਨਤ ਨਾਲ ਪਾਇਆ ਛੱਪਰ ਵੀ ਬੇਗਾਨਾ ਹੋ ਗਿਆ, ਪਰ ਹੁਣ ਹੋਰ ਕੋਈ ਹੱਲ ਨਹੀਂ ਸੀ। ਪਿੰਡ ਦੇ ਸਿਆਣੇ ਬੰਦਿਆਂ ਨੇ ਸਰਪੰਚ ਨੂੰ ਸਲਾਹ ਦਿੱਤੀ ਕੀ ਇਹ ਠੀਕ ਹੈ ਕਿ ਇਹ ਘਰ ਸਰਕਾਰੀ ਜਗਾ ਵਿੱਚ ਹੈ ਪਰ ਇਸ ਗਰੀਬ ਦਾ ਘਰ ਢਹਾਉਣ ਤੋਂ ਪਹਿਲਾਂ ਜੇਕਰ ਸਾਬਕਾ ਸਰਪੰਚ ਵਲੋਂ ਦੱਬੀ ਸਰਕਾਰੀ ਢਾਈ-ਤਿੰਨ ਕਿੱਲੇ ਜਗ੍ਹਾ ਖਾਲੀ ਕਰਾ ਲਈ ਜਾਵੇ ਤਾਂ ਜਿਆਦਾ ਠੀਕ ਰਹੂ। ਇਹ ਸੁਣ ਕੇ ਇਮਾਨਦਾਰ ਸਰਪੰਚ ਸੋਚਣ ਲੱਗ ਪਿਆ। ਬਰਾਬਾਰ ਦੀ ਟੱਕਰ ਦੇਣ ਵਾਲੇ ਸਾਬਕਾ ਸਰਪੰਚ ਨਾਲ ਪੰਗਾ ਲੈਣਾਂ ਸੌਖਾ ਨਹੀਂ ਸੀ। ਸਰਪੰਚ ਚੁੱਪ ਕਰ ਗਿਆ, ਪਰ ਦੋਗਲ਼ੀ ਨੀਤੀ ਇਹ ਵੀ ਅਪਣਾ ਗਿਆ।
ਉਪਰੋਕਤ ਦਰਸਾਏ ਸਾਰੇ ਕੰਮ ਦੋਗਲੀ ਨੀਤੀ ਅਤੇ ਸੋਚ ਕਾਰਨ ਗੁੱਸੇ ਅਤੇ ਅਰਖ ਦਾ ਕੇਂਦਰ ਬਿੰਦੂ ਬਣ ਗਏ। ਲਿਖਣ ਲਈ ਹੋਰ ਵੀ ਬਹੁਤ ਮਿਸਾਲਾਂ ਹਨ, ਪਰ ਇਸ ਲੇਖ ’ਚ ਜਗ੍ਹਾ ਦੀ ਘਾਟ ਕਾਰਨ ਲਿਖਣਾਂ ਸਭੰਵ ਨਹੀਂ। ਜਾਣ ਸਿਆਣ ਜਾਂ ਤਕੜੇ ਨੂੰ ਦੇਖ ਕੇ ਸਖਤ ਅਤੇ ਅਣਖੀ ਸੁਭਾਅ ਠੰਡਾਂ ਠਾਰ ਹੋ ਜਾਂਦਾ ਹੈ ਅਤੇ ਅਣਜਾਣ ਜਾਂ ਆਮ ਇਨਸਾਨ ਦੀ ਵਾਰੀ ਠੰਡਾਂ ਠਾਰ ਸੁਭਾਅ ਵੀ ਅੱਗ ਵਾਂਗ ਭਾਂਬੜ ਬਣ ਜਾਂਦਾ ਹੈ, ਅਜਿਹਾ ਵਰਤਾਰਾ ਅਸੀਂ ਅਕਸਰ ਆਪਣੇ ਆਲੇ ਦੁਆਲੇ ਦੇਖਦੇ ਹਾਂ। ਬਰਾਬਰਤਾ ਸਿਰਫ ਕਾਗਜਾਂ ’ਚ ਪੜਨ ਲਈ ਹੀੇ ਰਹਿ ਗਈ ਹੈ, ਤਾਕਤ ਅਤੇ ਹਾਉਂਮੈ ਅੱਗੇ ਅਸੂਲ ਅਤੇ ਸ਼ਰਾਫਤ ਸਭ ਉਡਾਰੀ ਮਾਰ ਜਾਂਦੇ ਹਨ।
ਸ਼ਾਇਦ ਇਹ ਨੇਤਾਵਾਂ ਦੀ ਦੋਗਲ਼ੀ ਨੀਤੀ ਜਾਂ ਜ਼ੁਬਾਨ ਦਾ ਹੀ ਕਾਰਨ ਹੈ ਕਿ ਭਾਰਤ ਵਰਗਾ ਮੁਲਕ ਜੋ ਕਦੇ ਸੋਨੇ ਦੀ ਚੀੜੀ ਹੁੰਦਾ ਸੀ ਅੱਜ ਆਪਣੇ ਨਾਗਰਿਕਾਂ ਨੂੰ ਦੋ ਵਕਤ ਦੀ ਰੋਟੀ ਦੇਣ ਤੋਂ ਵੀ ਅਸਮਰੱਥ ਨਜ਼ਰ ਆ ਰਿਹਾ ਹੈ। ਇਹ ਇਸ ਨਿਆਂ ਪਸੰਦ ਅਤੇ ਸਭਿਅਤ ਸਮਾਜ ਦੀ ਗੱਲ ਹੈ।