7 ਦੀ ਪਟਿਆਲਾ ਰੈਲੀ ’ਚ ਸ਼ਾਮਿਲ ਹੋਣ ਦਾ ਐਲਾਨ
ਜਗਰਾਉਂ, 3 ਅਕਤੂਬਰ (ਪਰਮਜੀਤ ਸਿੰਘ ਗਰੇਵਾਲ)- ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ, ਜਿਸ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਲੜਿਆ, ਮੋਰਚੇ ਲਾਏ ਤੇ ਅੱਗੇ ਵੀ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਫੈਸਲਾਕੁੰਨ ਲੜਾਈ ਲੜਨ ਦੇ ਸਮਰਥ ਹੈ, ਫੈਡਰੇਸ਼ਨ ਪੰਜਾਬ ਦੇ ਹੱਕਾਂ, ਮੌਜੂਦਾ ਚੰਡੀਗੜ੍ਹ ਦਾ ਮਸਲਾ ਅਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਪਹਿਲਾਂ ਵਾਂਗ ਡਟਕੇ ਖੜ੍ਹੇਗੀ ਅਤੇ ਮੋਹਰੀ ਹੋ ਕੇ ਸੰਘਰਸ਼ ’ਚ ਸ਼ਾਮਿਲ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਇਕ ਮੀਟਿੰਗ ਦੌਰਾਨ ਸੰਬੋਧਨ ਹੁੰਦਿਆਂ ਕਹੇ। ਭਾਈ ਗਰੇਵਾਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਪੰਥ ਅਤੇ ਪੰਜਾਬ ਨੂੰ ਆਪਣੇ ਹੱਕਾਂ ਅਤੇ ਵਜੂਦ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸੰਘਰਸ਼ ਦਾ ਸਭ ਤੋਂ ਵੱਡਾ ਮੁਦੱਈ ਅਕਾਲੀ ਦਲ ਹੀ ਰਿਹਾ ਹੈ। ਅਸੀ ਵਿਸ਼ਵਾਸ ਕਰਦੇ ਹਾਂ ਕਿ ਦੇਸ਼ ਅਤੇ ਵਿਦੇਸ਼ਾਂ ਅੰਦਰ ਅਕਾਲੀ ਦਲ ਹੀ ਅਜਿਹੀ ਜਮਾਤ ਹੈ, ਜੋ ਸਿੱਖਾਂ ਦੇ ਹਰ ਮਸਲੇ ਅਤੇ ਹੱਕਾਂ ਲਈ ਮੋਹਰੀ ਹੋ ਕੇ ਅਗਵਾਈ ਕਰਦੀ ਹੈ। ਸਿੱਖ ਤੇ ਪੰਜਾਬ ਵਿਰੋਧੀ ਸ਼ਕਤੀਆਂ ਸਮੇਂ-ਸਮੇਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਝੀਆਂ ਚਾਲਾਂ ਚਲਦੇ ਆਏ ਹਨ। ਅੱਜ ਵੀ ਸਿੱਖਾਂ ਦੀ ਮੁੱਖ ਦੁਸ਼ਮਣ ਜਮਾਤ ਜਿਸ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ, ਸੈਕੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਏ, ਦਰਜਨਾਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ, ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਵੱਲੋਂ ਝੂਠੇ ਪ੍ਰਚਾਰ ਰਾਹੀਂ ਅਕਾਲੀ ਦਲ ਨੂੰ ਕਟਹਿਰੇ ’ਚ ਖੜ੍ਹਾ ਕਰਨ ਤੇ ਤੋੜਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਫੈਡਰੇਸ਼ਨ ਦੇ ਵਰਕਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਰ ਖੇਤਰ ’ਚ ਕੰਮ ਕਰਨਗੇ। ਭਾਈ ਗਰੇਵਾਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਪਿੱਛਲੇ ਸਮੇਂ ਸਿੱਖਾਂ ਦੇ ਮਨ੍ਹਾਂ ’ਤੇ ਡੂੰਘਾ ਅਸਰ ਕਰਨ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੰਘਾਂ ਦੀ ਸ਼ਹੀਦੀ ਦੀ ਵਾਪਰੀ ਘਟਨਾ ਅਕਾਲੀ ਦਲ ਦੀ ਸਰਕਾਰ ਸਮੇਂ ਵਾਪਰੀ ਸੀ, ਭਾਵੇਂ ਕਿ ਅਕਾਲੀ ਸਰਕਾਰ ਨੇ ਉਸ ਖਿਲਾਫ਼ ਕਾਰਵਾਈ ਜ਼ਰੂਰ ਕੀਤੀ ਪਰ ਅੱਜ ਵੀ ਸੰਗਤ ਦੇ ਮਨ੍ਹਾਂ ’ਚ ਕੁਝ ਅਣਸੁਲਝੇ ਸਵਾਲ ਜਿਉਂਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ’ਚ ਜਾ ਕੇ ਉਸ ਘਟਨਾ ਲਈ ਆਪਣੇ ਵੱਲੋਂ ਕੀਤੀ ਕਾਰਵਾਈ ਤੋਂ ਜਾਣੂ ਕਰਵਾ ਕੇ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਦਾ ਉਪਰਾਲਾ ਕਰੇ। ਫੈਡਰੇਸ਼ਨ ਵਰਕਰ ਉਸ ਮੁਹਿੰਮ ’ਚ ਪੂਰਾ ਸਹਿਯੋਗ ਕਰੇਗੀ ਅਤੇ ਦੋਸ਼ੀਆਂ ਨੂੰ ਸਜ੍ਹਾਂ ਦੁਆਉਣ ਲਈ ਲੜਾਈ ਲੜੇਗੀ। ਇਸ ਸਮੇਂ ਫੈਡਰੇਸ਼ਨ ਵਰਕਰਾਂ ਵੱਲੋਂ ਸ੍ਰੀ ਅਕਾਲ ਤਖ਼ਖ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀ ਕਰਾਜਸ਼ੈਲੀ ਬਾਰੇ ਉਠ ਰਹੇ ਸਵਾਲਾਂ ਨੂੰ ਦੇਖਦਿਆਂ ਇਨ੍ਹਾਂ ਸੰਸਥਾਵਾਂ ਦੇ ਸਨਮਾਨ ਦੀ ਬਹਾਲੀ ਲਈ ਅਕਾਲੀ ਦਲ ਵੱਲੋਂ ਠੋਸ ਉਪਰਾਲੇ ਕੀਤੇ ਜਾਣ। ਇਸ ਸਮੇਂ ਸ. ਸੁਖਬੀਰ ਸਿੰਘ ਬਾਦਲ ਨੇ ਭਾਈ ਗਰੇਵਾਲ ਦੀ ਅਗਵਾਈ ’ਚ ਪਿੱਛਲੇ ਸਮੇਂ ਫੈਡਰੇਸ਼ਨ ਵਰਕਰਾਂ ਵੱਲੋਂ ਪੰਥ ਅਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੀਤੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਈ ਗਰੇਵਾਲ ਹਮੇਸ਼ਾਂ ਸੱਚੇ ਮਨ ਨਾਲ ਪੰਥ ਨੂੰ ਸਮਰਪਿਤ ਹਨ ਤੇ ਕਦੇ ਵੀ ਸਰਕਾਰੀ ਜ਼ਬਰ ਜਾਂ ਜੇਲ੍ਹਾਂ ਤੋਂ ਨਹੀਂ ਡਰੇ ਤੇ ਅੱਜ ਵੀ ਡਟੇ ਹੋਏ ਹਨ। ਇਸ ਸਮੇਂ ਫੈਡਰੇਸ਼ਨ ਵੱਲੋਂ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਅਤੇ ਕੀਤੇ ਜਾ ਰਹੇ ਜ਼ੁਲਮ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਅਕਤੂਬਰ ਦੀ ਜ਼ਬਰ ਵਿਰੋਧੀ ਪਟਿਆਲਾ ਰੈਲੀ ’ਚ ਸ਼ਾਮਿਲ ਹੋਣ ਦਾ ਵੀ ਐਲਾਨ ਕੀਤਾ। ਇਸ ਸਮੇਂ ਪਰਮਜੀਤ ਸਿੰਘ ਧਰਮ ਸਿੰਘਵਾਲਾ, ਭੁਪਿੰਦਰ ਸਿੰਘ ਬਜਰੁੜ, ਮਨਪ੍ਰੀਤ ਸਿੰਘ ਬੰਟੀ, ਗੁਰਜੀਤ ਸਿੰਘ ਗੱਗੀ, ਦਿਲਬਾਗ ਸਿੰਘ ਵਿਰਕ, ਜਸਵੀਰ ਸਿੰਘ ਸੰਗਰੂਰ, ਕੰਵਲਜੀਤ ਸਿੰਘ ਲਾਲੀ, ਪਰਮਜੀਤ ਸਿੰਘ ਕਲਸੀ, ਦਿਸ਼ਦੀਪ ਸਿੰਘ ਵਾਰਿਸ, ਹਿੰਮਤ ਸਿੰਘ ਰਾਜਾ, ਗੁਰਬਖਸ਼ ਸਿੰਘ ਸੇਖੋਂ, ਕੁਲਜੀਤ ਸਿੰਘ ਧੰਜਲ, ਧਰਮਿੰਦਰ ਸਿੰਘ ਮੁਕਤਸਰ, ਗੁਰਕੀਰਤਨ ਸਿੰਘ ਜਲਾਲਾਬਾਦ, ਗੁਰਪ੍ਰੀਤ ਸਿੰਘ ਫਰੀਦਕੋਟ, ਜਗਰਾਜ ਸਿੰਘ ਵਿਰਕ, ਗੁਰਪ੍ਰੀਤ ਸਿੰਘ ਢੁੱਡੀਕੇ, ਹਰੀ ਸਿੰਘ ਕਾਉਂਕੇ, ਗੁਰਚਰਨ ਸਿੰਘ ਢਿਲੋਂ, ਜਵਿੰਦਰ ਸਿੰਘ ਹੁਸ਼ਿਆਰਪੁਰ ਤੇ ਸੁਖਦੀਪ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।