June 28, 2026 6:37 am

ਨਹੀਂ ਰਹੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ

image ਨਵੀਂ ਦਿੱਲੀ, 20 ਮਾਰਚ (ਵਿਸ਼ਵ ਵਾਰਤਾ) : ਪ੍ਰਸਿੱਧ ਲੇਖਕ ਅਤੇ ਪੱਤਰਕਾਰ ਖੁਸ਼ਵੰਤ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਉਨ੍ਹਾਂ ਨੇ ਸੁਜਾਨ ਸਿੰਘ ਪਾਰਕ ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਏ। ਪੱਤਰਕਾਰ ਦੇ ਤੌਰ ’ਤੇ ਖੁਸ਼ਵੰਤ ਸਿਘ ਨੇ ‘ਇਲਸਟ੍ਰੇਟੇਡ ਵੀਕਲੀ ਆਫ ਇੰਡੀਆ’ ਦਾ ਸੰਪਾਦਨ ਕੀਤਾ, ਜਿਸ ਦਾ ਪ੍ਰਕਾਸ਼ਨ ਹੁਣ ਬੰਦ ਹੋ ਚੁਕਾ ਹੈ। ਇਸ ਤੋਂ ਬਾਅਦ ਉਹ ਹਿੰਦੋਸਤਾਨ ਟਾਈਮਸ ਅਖ਼ਬਾਰ ਦੇ ਵੀ ਸੰਪਾਦਕ ਰਹੇ। ਸਵ. ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਖੁਸ਼ਵੰਤ ਸਿੰਘ ਨੂੰ ਰਾਜ ਸਭਾ ਲਈ ਮਨੋਨੀਤ ਕੀਤਾ ਗਿਆ ਸੀ। ਉਹ 1980 ਤੋਂ 86 ਤੱਕ ਸੰਸਦ ਮੈਂਬਰ ਰਹੇ। ਉਨ੍ਹਾਂ ਨੂੰ 1974 ਵਿਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। 1984 ਵਿਚ ਹਰਿਮੰਦਰ ਸਾਹਿਬ ਵਿਚ ਫੌਜ ਦੇ ਪ੍ਰਵੇਸ਼ ਦੇ ਵਿਰੋਧ ਵਿਚ ਉਨ੍ਹਾਂ ਨੇ ਇਹ ਸਨਮਾਨ ਵਾਪਸ ਕਰ

ਦਿੱਤਾ ਸੀ। ਸਾਲ 2007 ਵਿਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ‘ਟ੍ਰੇਨ ਟੂ ਪਾਕਿਸਤਾਨ’ ਅਤੇ ‘ਆਈ ਸ਼ੈਲ ਨਾਟ ਹਿਅਰ ਦਾ ਨਾਈਟਿੰਗਲ’ ਵਰਗੀਆਂ ਪ੍ਰਸਿੱਧ ਪੁਸਤਕਾਂ ਲਿਖੀਆਂ। 
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਘੇ ਪੱਤਰਕਾਰ, ਇਤਿਹਾਸਕਾਰ, ਨਾਵਲਕਾਰ, ਕਾਲਮ ਨਵੀਸ ਅਤੇ ਸਾਹਿਤਕਾਰ ਸ. ਖੁਸ਼ਵੰਤ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਦਾ ਅੱਜ ਸਵੇਰੇ ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਆਪਣੇ ਸ਼ੋਕ ਸੰਦੇਸ਼ ਸਿੰਘ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ. ਖੁਸ਼ਵੰਤ ਸਿੰਘ ਇੱਕ ਮਹਾਨ ਬੁੱਧੀਜੀਵੀ, ਪੱਤਰਕਾਰ ਅਤੇ ਲੇਖਕ ਸਨ। ਉਨ੍ਹਾਂ ਕਿਹਾ ਕਿ ਖੁਸ਼ਵੰਤ ਸਿੰਘ ਨੂੰ ਉਨ੍ਹਾਂ ਦੀ ‘ਹਿਸਟਰੀ ਆਫ਼ ਸਿੱਖਸ‘ ਲਈ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ ਜੋ ਕਿ ਸਿੱਖਾਂ ਦੇ ਇਤਿਹਾਸ ਦੇ ਅਧਿਐਨ ਲਈ ਇੱਕ ਸਭ ਤੋਂ ਵਧੀਆ ਹਵਾਲਾ ਪੁਸਤਕ ਹੈ। ਉਨਾਂ ਨੇ ਸ. ਖੁਸ਼ਵੰਤ ਸਿੰਘ ਦੀ ਯਾਦਗਾਰੀ ਰਚਨਾ ‘ਟਰੇਨ ਟੂ ਪਾਕਿਸਤਾਨ’ ਦਾ ਜ਼ਿਕਰ ਕੀਤਾ। ਇਸੇ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀ ਸ. ਖੁਸ਼ਵੰਤ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਸ. ਖੁਸ਼ਵੰਤ ਸਿੰਘ ਦੀ ਮੌਤ ਲਈ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।

Send this to a friend