ਇੰਟਰਨੈਟ ਨੂੰ ਜੇ ਅੱਜ ਦੇ ਸਮੇਂ ਦਾ ‘ਗਿਆਨੀ ਪੰਡਿਤ’ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਸਦੇ ਨਾਲ ਜੁੜਿਆ ਇਨਸਾਨ ਆਪਣੇ ਆਪ ਨੂੰ ਹਮੇਸ਼ਾਂ ‘ਅਪਡੇਟ’ ਰੱਖਦਾ ਹੈ। ਇਨਫਾਰਮੇਸ਼ਨ ਟੈਕਨਾਲੋਜੀ ਦੇ ਯੁੱਗ ’ਚ ਜੋ ਇਨਸਾਨ ਇੰਟਰਨੈਟ ਤੋਂ ਅਨਜਾਣ ਹੈ, ਉਸਨੂੰ ਪੱਛੜਿਆ ਹੋਇਆ ਮੰਨਿਆ ਜਾਂਦਾ ਹੈ। ਸ਼ਾਇਦ ਹੀ ਅੱਜ ਕੋਈ ਅਜਿਹਾ ਖੇਤਰ ਹੋਵੇਗਾ, ਜਿੱਥੇ ਇੰਟਰਨੈਟ ਦੀ ਵਰਤੋਂ ਨਾ ਹੁੰਦੀ ਹੋਵੇ ਅਤੇ ਤੁਹਾਨੂੰ ਕੋਈ ਅਜਿਹਾ ਵਿਅਕਤੀ ਵੀ ਨਹੀਂ ਮਿਲੇਗਾ ਜੋ ‘ਇੰਟਰਨੈਟ’ ਸ਼ਬਦ ਤੋਂ ਅਨਜਾਣ ਹੋਵੇ, ਭਾਵੇਂ ਉਹ ਕੋਰਾ ਅਨਪੜ੍ਹ ਹੀ ਕਿਉਂ ਨਾ ਹੋਵੇ। ਘਰ ਦੀ ਰਸੋਈ ਤੋਂ ਲੈ ਕੇ ਉਚ ਸਿੱਖਿਆ ਲੈਣ ਵਾਲੇ ਵਿਦਿਆਰਥੀ ਇਸ ਇੰਟਰਨੈਟ ਪ੍ਵਣਾਲੀ ਦਾ ਹਿੱਸਾ ਬਣ ਚੁੱਕੇ ਹਨ। ਨੋਜਵਾਨ ਵਰਗ ਤੋਂ ਲੈ ਕੇ ਛੋਟੇ-ਛੋਟੇ ਬੱਚੇ ਅਤੇ ਵਡੇਰੀ ਉਮਰ ਦੇ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਨ, ਇਹ ਗੱਲ ਵੱਖਰੀ ਹੈ ਕਿ ਸੋਸ਼ਲ ਮੀਡੀਆ ਨੂੰ ਲੋਕ ਇਸਤੇਮਾਲ ਕਿਸ ਮਕਸਦ ਲਈ ਕਰਦੇ ਹਨ। ਇੰਟਰਨੈਟ ਤਾਂ ਇੱਕ ਮਾਧਿਅਮ ਬਣਦਾ ਹੈ ਕਿਸੇ ਘਰ ਬੈਠੇ ਵਿਅਕਤੀ ਨੂੰ ਦੇਸ਼ ਦੁਨੀਆਂ ਨਾਲ ਜੋੜਨ ਦਾ, ਪ੍ਰੰਤੂ ਇਸਦੀ ਦੁਰਵਰਤੋਂ ਨੇ ਇੰਟਰਨੈਟ ਨੂੰ ਬਦਨਾਮ ਵੀ ਕੀਤਾ ਹੋਇਆ ਹੈ। ਸੀਬੀਐਸਈ ਅਤੇ ਆਈਸੀਐਸਈ ਨਾਮੀ ਬੋਰਡਾਂ ਤੋਂ ਪੜ੍ਹ ਰਹੇ ਵਿਦਿਆਰਥੀ ਇੰਟਰਨੈਟ ਦੀ ਮੱਦਦ ਨਾਲ ਆਪਣੇ ਗਿਆਨ ’ਚ ਵਾਧਾ ਕਰ ਰਹੇ ਹਨ। ਖਾਸਕਰ 9ਵੀਂ ਤੇ 10ਵੀਂ ਦੇ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਦੀ ਸੀ.ਡੀਜ਼ ਦੇ ਜ਼ਰੀਏ ਪੜ੍ਹਾਈ ਕਰਦੇ ਹਨ।
ਇੰਟਰਨੈਟ ’ਤੇ ਲਾਇਬਰੇਰੀ ਵੀ ਮੌਜੂਦ ਹੈ, ਜਿੱਥੋਂ ਹਰ ਤਰ੍ਹਾਂ ਦੀਆਂ ਕਿਤਾਬਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ, ਗੂਗਲ ’ਤੇ ਕੁਝ ਵੀ ਸਰਚ ਕਰਦਿਆਂ ਹਜ਼ਾਰਾਂ ਆਪਸ਼ਨਜ਼ ਖੁੱਲ ਜਾਂਦੀਆਂ ਹਨ, ਯੂ ਟਿਊਬ ’ਤੇ ਚੰਗੇ ਵਿਦਵਾਨਾਂ ਦੀ ਕੀਤੀ ਖੋਜ ਤੇ ਉਨ੍ਹਾਂ ਦੇ ਲੈਕਚਰ ਦੇਖੇ ਜਾਂ ਸੁਣੇ ਜਾ ਸਕਦੇ ਹਨ, ਇੰਟਰਨੈਟ ਬੈਂਕਿੰਗ ਦੀ ਸਹੂਲਤ ਨਾਲ ਕਿਸੇ ਨੂੰ ਪੈਸਾ ਭੇਜਣਾ ਤੇ ਮੰਗਵਾਉਣਾ, ਮੋਬਾਇਲ ਸੇਵਾਵਾਂ, ਟੀ.ਵੀ., ਰੇਡੀਓ ਤੇ ਹੋਰ ਮਨੋਰੰਜਨ ਦੇ ਸਾਧਨ ਵੀ ਇੰਟਰਨੈਟ ਦੇ ਸਦਕਾ ਹੀ ਹਾਸਿਲ ਹੋਏ ਹਨ। ਇੱਥੋਂ ਤੱਕ ਕਿ ਨੌਕਰੀਆਂ, ਪੈਨ ਕਾਰਡ, ਪਾਸਪੋਰਟ ਆਦਿ ਲਈ ਅਪਲਾਈ ਕਰਨਾ ਆਦਿ ਕੰਮ ਵੀ ਘਰ ਬੈਠੇ ਕਰਨ ਦੀ ਸਹੂਲਤ ਇੰਟਰਨੈਟ ਦੇ ਕਾਰਨ ਹੀ ਮਿਲੀ ਹੈ। ਕੁਝ ਵੀ ਖ੍ਰੀਦਣਾ ਤੇ ਵੇਚਣਾ, ਏਅਰ ਟਿਕਟ ਤੇ ਰਿਜ਼ਰਵੇਸ਼ਨ, ਰੇਲਵੇ ਟਿਕਟ ਤੇ ਰਿਜ਼ਰਵੇਸ਼ਨ, ਬੱਸਾਂ ਦੀ ਟਿਕਟ ਤੇ ਰਿਜ਼ਰਵੇਸ਼ਨ, ਟੈਕਸੀ ਸਰਵਿਸ, ਹੋਟਲ ਬੁਕਿੰਗ, ਆਨਲਾਈਨ ਸ਼ਾਪਿੰਗ ਆਦਿ ਕੰਮਾਂ ਲਈ ਕੋਈ ਭੱਜ ਦੌੜ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਸਗੋਂ ਘਰ ਬੈਠੇ ਹੀ ਸਾਰੇ ਕੰਮ ਹੋ ਜਾਂਦੇ ਹਨ। ਖੇਤੀਬਾੜੀ ਗਿਆਨ, ਬਿਊਟੀਸ਼ਨ ਤੇ ਬੂਟੀਕ ਵਾਲੇ ਨਵੇਂ-ਨਵੇਂ ਡਿਜ਼ਾਇਨ, ਬਿਜਲੀ ਤੇ ਮੋਬਾਇਲ ਬਿਲਾਂ ਦੇ ਭੁਗਤਾਨ ਵੀ ਇੰਟਰਨੈਟ ਸਦਕਾ ਹੀ ਹੁੰਦੇ ਹਨ ਅਤੇ ਅਖ਼ਬਾਰਾਂ ਤੇ ਮੈਗਜ਼ੀਨ ਵੀ ਲੋਕ ਹੁਣ ਇੰਟਰਨੈਟ ਦੀ ਸੁਵਿਧਾ ਰਾਹੀਂ ਹੀ ਪੜ੍ਹ ਲੈਂਦੇ ਹਨ।
ਇਸ ਗੱਲੋਂ ਵੀ ਮੁੱਕਰਿਆ ਨਹੀਂ ਜਾ ਸਕਦਾ ਕਿ ਇੰਟਰਨੈਟ ਦੀ ਦੁਰਵਰਤੋਂ ਨੇ ਪਰਿਵਾਰਕ ਸਾਂਝਾਂ ਖਤਮ ਕਰਕੇ ਰੱਖ ਦਿੱਤਾ ਹੈ। ਘਰ ਵਿਚ ਬੈਠੇ ਲੋਕ ਪਰਿਵਾਰ ਨਾਲ ਵਕਤ ਬਿਤਾਉਣ ਦੀ ਬਜਾਏ ਝੱਟ ਆਪਣਾ ਮੋਬਾਇਲ ਖੋਲ੍ਹ ਕੇ ਵਟਸਅੱਪ, ਫੇਸਬੁੱਕ, ਟਵੀਟਰ, ਇੰਸਟਾਗ੍ਰਾਮ, ਸਨੈਪਚੈਟ, ਈਮੋ ਆਦਿ ’ਤੇ ਆਪਣੀਆਂ ਨੋਟੀਫਿਕੇਸ਼ਨ ਚੈਕ ਕਰਨ ’ਚ ਵਿਅਸਤ ਹੋ ਜਾਂਦੇ ਹਨ। ਪਰਿਵਾਰ ਨਾਲ ਗੱਲਬਾਤ ਕਰਨੀ, ਉਨ੍ਹਾਂ ਬਾਰੇ ਜਾਨਣ ਦਾ ਰਿਵਾਜ ਤਾਂ ਲਗਭਗ ਹਵਾ ਹੋ ਚੱਕਿਆ ਹੈ। ਕਈ ਵਾਰ ਕੋਈ ਮਹਿਮਾਨ ਚਿਰਾਂ ਮਗਰੋਂ ਮਿਲਣ ਆਉਂਦਾ ਹੈ, ਉਸਦੇ ਸਮੇਤ ਸਾਰੇ ਆਪੋ ਆਪਣੇ ਮੋਬਾਇਲਾਂ ’ਚ ਵਿਅਸਤ ਹੋਏ ਆਮ ਹੀ ਦੇਖੇ ਜਾ ਸਕਦੇ ਹਨ, ਕਿਉਂਕਿ ਗੱਲਬਾਤ ਕਰਨ ਦਾ ਸਮਾਂ ਤਾਂ ਹੈ ਹੀ ਨਹੀਂ ਕਿਸੇ ਕੋਲ। ਜੇਕਰ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ-ਦੂਜੀ ਪਾਰਟੀ ’ਤੇ ਦੂਸ਼ਣਬਾਜ਼ੀਆਂ ਕਰਦੇ ਹਨ, ਇਹ ਲੋਕ ਆਪਣੇ ਬਣਾਏ ਆਈ.ਟੀ. ਸੈਲ ਰਾਹੀਂ ਕੂੜ ਪ੍ਰਚਾਰ ਕਰਦੇ ਹਨ। ਦੂਜੇ ਪਾਸੇ ਗਲਤ ਅਨਸਰਾਂ ਦੀਆਂ ਭੜਕਾਊ ਪੋਸਟਾਂ ਕਾਰਨ ਅਨੇਕਾਂ ਵਾਰ ਦੇਸ਼ ਅੰਦਰ ਦੰਗੇ-ਫਸਾਦ ਤੇ ਹਿੰਸਕ ਘਟਨਾਵਾਂ ਦੀ ਸਥਿੱਤੀ ਪੈਦਾ ਹੋਈ ਹੈ। ਕਈ ਵਾਰ ਤਾਂ ਕਿਸੇ ਦੇਸ਼ ਵਿਰੋਧੀ ਅਨਸਰ ਦੀ ਵਜ੍ਹਾ ਨਾਲ ਕੋਈ ਐਸੀ ਇਨਫਾਰਮੇਸ਼ਨ ਲੀਕ ਆਊਟ ਹੋ ਜਾਂਦੀ ਹੈ, ਜੋ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਜਾਂਦੀ ਹੈ। ਅਜਿਹੀ ਇੰਟਰਨੈਟ ਵਰਤੋਂ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਦੇਸ਼ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਮਿਲ ਕੇ ਇੰਟਰਨੈਟ ਪ੍ਰਣਾਲੀ ਦੇ ਰਾਹੀਂ ਦੇਸ਼ ਦੇ ਨੌਜਵਾਨ ਤੇ ਹਰ ਨਾਗਰਿਕ ਨੂੰ ਨਸ਼ਿਆਂ ਦੀ ਰੋਕਥਾਮ, ਸਿਹਤ ਸੰਭਾਲ, ਵਾਤਾਵਰਨ ਦੀ ਸ਼ੁੱਧਤਾ, ਮਿੱਟੀ, ਹਵਾ ਤੇ ਪਾਣੀ ਦੀ ਸਾਂਭ-ਸੰਭਾਲ, ਧੀਆਂ ਤੇ ਔਰਤਾਂ ਦੀ ਇੱਜ਼ਤ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਿੱਖਿਆ ਦੇ ਪ੍ਰਸਾਰ ਸਬੰਧੀ ਜਾਗਰੂਕ ਕਰ ਸਕਦੇ ਹਨ।
ਅੰਤ ਵਿਚ ਲੋੜ ਹੈ ਕਿ ਇੰਟਰਨੈਟ ਦਾ ਸਹੀ ਇਸਤੇਮਾਲ ਕੀਤਾ ਜਾਵੇ, ਖਾਸਕਰ ਵਿਦਿਆਰਥੀ ਵਰਗ ਘੰਟਿਆਂਬੱਧੀ ਆਪਣਾ ਸਮਾਂ ਇੰਟਰਨੈਟ ਦੀ ਵਰਤੋਂ ’ਚ ਖਰਾਬ ਨਾ ਕਰੇ, ਕਿਉਂਕਿ ਪੜ੍ਹਾਈ ਦੌਰਾਨ ਉਸਦਾ ਸਮਾਂ ਬਹੁਤ ਕੀਮਤੀ ਹੁੰਦਾ ਹੈ, ਜੋ ਜ਼ਿੰਦਗੀ ’ਚ ਕਦੇ ਵੀ ਉਸਨੂੰ ਦੋਬਾਰਾ ਹਾਸਿਲ ਨਹੀਂ ਹੁੰਦਾ। ਮਾਂ-ਬਾਪ ਅਤੇ ਅਧਿਆਪਕਾਂ ਦਾ ਵੀ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਬੱਚੇ ਦੀ ਇੰਟਰਨੈਟ ਵਰਤੋਂ ’ਤੇ ਨਜ਼ਰ ਰੱਖਣ ਕਿ ਉਹ ਕਿਹੜੀਆਂ ਸਾਈਟਸ ਇਸਤੇਮਾਲ ਕਰਦਾ ਹੈ। ਸਕੂਲਾਂ-ਕਾਲਜਾਂ ’ਚ ਅਧਿਆਪਕਾਂ ਤੇ ਲੈਕਚਰਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਿੱਦਿਅਕ ਅਦਾਰਿਆਂ ’ਚ ਮੋਬਾਇਲ ਤੇ ਇੰਟਰਨੈਟ ਦੀ ਵਰਤੋਂ ਨਾ ਕਰਨ, ਕਿਉਂਕਿ ਇੱਕ ਕੌੜਾ ਸੱਚ ਹੈ ਕਿ ਬੱਚੇ ਉਹੀ ਕਰਦੇ ਹਨ, ਜੋ ਅਸੀਂ ਕਰਦੇ ਹਾਂ। ਇਸ ਲਈ ਸਾਨੂੰ ਖੁਦ ਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜੋ ਅਸੀਂ ਆਪਣੇ ਬੱਚਿਆਂ ਤੋਂ ਆਸ ਰੱਖਦੇ ਹਾਂ।