ਨਿਸਵਾਰਥ ਭਾਵ ਦੇ ਨਾਲ ਕਿਸੇ ਲੋੜਵੰਦ, ਮਜ਼ਬੂਰ , ਦੁਖੀ ਦੀ ਕੀਤੀ ਸਹਾਇਤਾ ਦਾਨ ਦੇ ਦਾਇਰੇ ਵਿਚ ਆ ਜਾਂਦੀ ਹੈ ।ਕੀਤਾ ਹੋਇਆ ਦਾਨ ਉਹੀ ਸਹੀ ਹੁੰਦਾ ਹੈ ਜਿਸ ਵਿਚ ਕੋਈ ਹੰਕਾਰ – ਭਾਵ , ਸਵਾਰਥ – ਭਾਵ , ਦਿਖਾਵਾ – ਭਾਵ ਸ਼ਾਮਲ ਨਾ ਹੋਵੇ । ਸਵਾਰਥ , ਦਿਖਾਵਾ ਤੇ ਹੰਕਾਰ – ਭਾਵ ਦਾਨ ਦੀ ਗਰਿਮਾ ਅਤੇ ਮਰਿਆਦਾ ਨੂੰ ਤਹਿਸ – ਨਹਿਸ ਕਰਕੇ ਖੇਰੂੰ – ਖੇਰੂੰ ਕਰ ਦਿੰਦੇ ਹਨ । ਦਾਨ ਅਤੇ ਦਿਖਾਵਾ ਦੋਨਾਂ ਵਿਚ ਵਿਰੋਧਾ – ਵਾਸ ਹੈ। ਅੰਨ , ਪਾਣੀ , ਵਸਤਰ , ਮਾਇਆ , ਵਸਤੂ, ਭੋਜਨ – ਪਦਾਰਥ , ਗਿਆਨ , ਵਿਦਿਆ ਆਦਿ ਕਈ ਤਰ੍ਹਾਂ ਦਾ ਦਾਨ ਹੋ ਸਕਦਾ ਹੈ । ਨਿਸਵਾਰਥ , ਹੰਕਾਰ ਰਹਿਤ ,ਦਿਖਾਵਾ – ਮੁਕਤ ਕੀਤਾ ਹੋਇਆ ਦਾਨ ਦਾਨ – ਲੈਣ ਅਤੇ ਦਾਨ – ਦੇਣ ਵਾਲਿਆਂ ਦੋਨਾਂ ਦੇ ਲਈ ਸਹੀ ਅਤੇ ਸਾਰਥਕ ਹੋ ਸਕਦਾ ਹੈ । ਦਾਨ ਕਰਨ ਸਮੇਂ ਕੀਤਾ – ਦਿਖਾਇਆ ਦਿਖਾਵਾ ਸ਼ਾਂਤੀ , ਸਕੂਨ , ਮਾਨਵ – ਭਾਵਨਾ ਨੂੰ ਕਿਤੇ ਨਾ ਕਿਤੇ ਮਾਨਸਿਕ , ਭਾਵਨਾਤਮਕ, ਸਮਾਜਿਕ ਤੌਰ ‘ਤੇ ਠੇਸ ਪਹੁੰਚਾ ਸਕਦਾ ਹੈ । ਦਾਨ ਵਜੋਂ ਦਿਤੀ ਗਈ ਵਸਤੂ ਉਤੇ ਆਪਣੇ ਜਾਂ ਆਪਣੇ ਪਰਿਵਾਰ ਦੇ ਜਾਂ ਵਡੇ – ਬਜ਼ੁਰਗਾਂ ਦੇ ਨਾਮ ਆਦਿ ਲਿਖਵਾਉਣੇ ਵੀ ਸ਼ਾਇਦ ਕਿਤੇ ਨਾ ਕਿਤੇ ਦਾਨ ਭਾਵਨਾ ਨੂੰ ਖੰਡਿਤ ਕਰਦੇ ਜਾਪਦੇ ਹਨ । ਸੋਚਣ ਅਤੇ ਸਮਝਣ ਵਾਲੀ ਇਕ ਚਿਤ ਗਲ ਹੈ ਕਿ ਕੀ ਠਦਿਖਾਵਾ ਰਹਿਤ ਦਾਨ ਨਹੀਂ ਹੋ ਸਕਦਾ।’’ ਜਾਂ ਠਦਿਖਾਵਾ ਰਹਿਤ ਦਾਨ ਕਿਉਂ ਨਹੀਂ ਹੋ ਸਕਦਾ।’’ ਸਾਡੇ ਵਡੇ ਮਹਾਂਪੁਰਸ਼ਾਂ , ਬੁਧੀਜੀਵੀਆਂ , ਬਜ਼ੁਰਗਾਂ ਆਦਿ ਦਾ ਇਹ ਮੰਨਣਾ ਹੈ ਕਿ ਦਾਨ ਹਮੇਸ਼ਾਂ ਹੰਕਾਰ – ਭਾਵਨਾ ਤੋਂ ਮੁਕਤ , ਸਵਾਰਥ – ਭਾਵਨਾ ਤੋਂ ਮੁਕਤ ਅਤੇ ਦਿਖਾਵਾ – ਰਹਿਤ ਹੋਣਾ ਸਹੀ ਅਤੇ ਜ਼ਰੂਰੀ ਹੈ । ਦਿਖਾਵਾ ਕਦੇ ਦਾਨ ਨਹੀਂ ਹੋ ਸਕਦਾ ਅਤੇ ਦਾਨ ਦਿਖਾਵੇ ਦਾ ਮੋਹਤਾਜ ਨਹੀਂ । ਦਾਨ ਮਾਨਵਤਾ ਪ੍ਰਤੀ ਇਕ ਕਰਮ ਅਤੇ ਭਾਵਨਾ ਹੈ ,ਨਾ ਕੇ ਦੁਨੀਆਂ ਨੂੰ ਦਿਖਾਉਣ ਲਈ ਕੋਈ ਸਾਧਨ । ਹਾਂ , ਜਿਥੇ ਦਾਨ ਦੇਣ ਵਾਲੇ ਪਾਤਰ ਦਾ ਹੰਕਾਰ – ਰਹਿਤ , ਸਵਾਰਥ – ਰਹਿਤ ਤੇ ਦਿਖਾਵਾ ਰਹਿਤ ਹੋਣਾ ਸਹੀ ਹੋ ਸਕਦਾ ਹੈ , ਉਥੇ ਨਾਲ ਹੀ ਦਾਨ ਲੈਣ ਵਾਲੇ ਪਾਤਰ ਦਾ ਵੀ ਸੁਯੋਗ, ਸਦਾਚਾਰੀ ਅਤੇ ਲੋੜਵੰਦ ਤੇ ਸਹੀ ਹੋਣਾ ਦਾਨ ਲਈ ਬਹੁਤ ਜ਼ਰੂਰੀ ਹੈ । ਕਿਹਾ ਵੀ ਗਿਆ ਹੈ ਕਿ ਜੇਕਰ ਸੰਸਾਰ ਨੂੰ ਦਿਖਾ ਕੇ ਕੋਈ ਕੁਝ ਦਾਨ ਕੀਤਾ ਜਾਵੇ ਤਾਂ ਸੰਸਾਰ – ਦੁਨੀਆਂ ਤਾਂ ਦੇਖਦੀ ਹੈ ; ਪਰੰਤੂ ਪਰਮ ਪਿਤਾ ਪ੍ਰਮਾਤਮਾ ਪਰਮੇਸ਼ਰ ਨਹੀਂ ਦੇਖਦਾ ਅਤੇ ਹੰਕਾਰ ਰਹਿਤ , ਸਵਾਰਥ ਰਹਿਤ ਤੇ ਦਿਖਾਵਾ ਰਹਿਤ ਕੀਤੇ ਦਾਨ ਨੂੰ ਦੁਨੀਆਂ ਤਾਂ ਸ਼ਾਇਦ ਨਹੀਂ ਦੇਖਦੀ , ਪਰੰਤੂ ਪਰਮ ਪਿਤਾ ਪ੍ਰਮਾਤਮਾ ਪਰਮੇਸ਼ਵਰ ਜ਼ਰੂਰ ਦੇਖਦਾ ਹੈ ਤੇ ਭਾਗ ਲਾਉਂਦਾ ਹੈ । ਸੋ ਦਾਨ ਦਿਖਾਵਾ ਰਹਿਤ ਹੋ ਕੇ ਅਤੇ ਪਰਮੇਸ਼ਰ ਨੂੰ ਸਮਰਪਿਤ ਹੋ ਕੇ ਦੇਣਾ ਹੀ ਸਹੀ ਹੈ।