ਪੁਲਿਸ ਪ੍ਰਸਾਸ਼ਨ ਮੁਸ਼ਤੈਦ-ਨਹਿਰਾਂ, ਸਤਲੁਜ ਦਰਿਆ ਦੀ ਨਿਗਰਾਨੀ
ਸਮਰਾਲਾ 24 ਸਤੰਬਰ (ਕਮਲਜੀਤ)- ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਸ਼ ਕਾਰਨ ਅੱਜ ਪੂਰੇ ਪੰਜਾਬ ਵਿੱਚ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ। ਇਸੇ ਮੀਂਹ ਕਾਰਨ ਸਮਰਾਲਾ ਦੀਆਂ ਸੜਕਾਂ ਵੀ ਤਲਾਅ ਦਾ ਰੂਪ ਧਾਰਨ ਕਰ ਚੁੱਕੀਆਂ ਹਨ, ਪੂਰੇ ਬਜਾਰ ਵਿੱਚ ਪਾਣੀ ਹੀ ਪਾਣੀ ਫਿਰ ਰਿਹਾ ਨਜ਼ਰ ਆ ਰਿਹਾ ਹੈ। ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਬਰਸਾਤ ਕਾਰਨ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਚਲਾ ਗਿਆ ਹੈ। ਅੱਜ ਸਵੇਰ ਤੋਂ ਹੀ ਲਗਾਤਾਰ ਪੈ ਰਹੀ ਬਾਰਸ਼ ਕਾਰਨ ਦੁਕਾਨਦਾਰ ਵਿਹਲੇ ਬੈਠੇ ਨਜ਼ਰ ਆਏ ਪ੍ਰੰਤੂ ਡੱਬੀ ਬਜਾਰ, ਚੌੜਾ ਬਜਾਰ ਅਤੇ ਗੁਰੂ ਨਾਨਕ ਰੋਡ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ’ਚੋ ਪਾਣੀ ਕੱਢਣ ਵਿੱਚ ਮਸ਼ਰੂਫ ਰਹੇ ਅਤੇ ਨਾਲ ਨਾਲ ਸਮਰਾਲਾ ਦੇ ਪ੍ਰਸਾਸ਼ਨ ਨੂੰ ਕੋਸਦੇ ਨਜ਼ਰ ਆਏ। ਜਦੋਂ ਇਨ੍ਹਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮਰਾਲਾ ਦਾ ਨਗਰ ਕੌਂਸਲ ਅਤੇ ਸਿਵਲ ਪ੍ਰਸਾਸ਼ਨ ਗੂੜੀ ਨੀਂਦਰ ਸੁੱਤਾ ਪਿਆ ਹੈ ਪਿਛਲੇ 20 ਸਾਲਾਂ ਵਿੱਚ ਸਮਰਾਲਾ ਵਿੱਚ ਸੀਵਰੇਜ ਜੋ ਊਠ ਦੀ ਬੁੱਲ ਤਰ੍ਹਾਂ ਲਮਕ ਰਿਹਾ ਹੈ, ਜਿਸਦੇ ਆਉਂਦੇ ਭਵਿੱਖ ਵਿੱਚ ਕਿਸੇ ਤਰ੍ਹਾਂ ਚੱਲਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ। ਸਕੂਲੀ ਬੱਚਿਆਂ ਨੂੰ ਗਲੀ ਮੁਹੱਲਿਆਂ ਦੇ ਗੰਦੇ ਪਾਣੀ ਵਿੱਚੋਂ ¦ਘ ਕੇ ਸਕੂਲ ਆਉਣਾ ਜਾਣਾ ਪੈਂਦਾ ਹੈ।
ਇਸ ਕਾਰਨ ਬਿਮਾਰੀਆਂ ਦਾ ਖਦਸ਼ਾ ਵੱਧ ਸਕਦਾ ਹੈ। ਇਸ ਬਰਸਾਤ ਕਾਰਨ ਆਮ ਲੋਕਾਂ ਦੇ ਕੱਚੇ ਪੱਕੇ ਮਕਾਨ ਚੋਣ ਲੱਗ ਪਏ ਹਨ। ਮਿਸਤਰੀ ਤੇ ਮਜ਼ਦੂਰ ਜੋ ਕੇ ਰੋਜ਼ ਦਾ ਕਿੱਤਾ ਕਰਕੇ ਆਪਣੇ ਪਰਿਵਾਰ ਨੂੰ ਚਲਾ ਰਹੇ ਹਨ। ਉਹ ਬਰਸਾਤ ਕਾਰਨ ਰੁਜ਼ਗਾਰ ਤੋਂ ਬੇਰੁਜ਼ਗਾਰ ਹੋ ਗਏ ਹਨ। ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈ ਵੇ ਸੜ੍ਹਕ ਇਸ ਬਰਸਾਤ ਕਾਰਨ ਕਾਫੀ ਨੁਕਸਾਨੀ ਗਈ ਹੈ। ਜਿਸ ਉਪਰ ਕੁਝ ਸਮਾਂ ਪਹਿਲਾਂ ਸੜਕ ਵਿਭਾਗ ਵੱਲੋਂ ਪੈਚ ਲਗਾਏ ਗਏ ਸੀ। ਉਹ ਹੁਣ ਟੁੱਟੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸਮਰਾਲਾ ਸ਼ਹਿਰ ਵਿੱਚ ਸੀਵਰੇਜ ਦਾ ਪ੍ਰਬੰਧ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਬਰਸਾਤਾਂ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ।
ਬੀਤੇ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਜ਼ਿਲ੍ਹਾ ਪ੍ਰਸਾਸ਼ਨ ਨੇ ਰੈਡ ਅਲਾਰਟ ਘੋਸ਼ਿਤ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਪੁਲਿਸ ਪ੍ਰਸਾਸ਼ਨ ਪੂਰੀ ਮੁਸ਼ਤੈਦੀ ਨਾਲ ਚਾਰੇ ਪਾਸੇ ਖਾਸ ਕਰਕੇ ਨਹਿਰਾਂ, ਸਤਲੁਜ ਦਰਿਆ ਤੇ ਆਪਣੀ ਨਿਗਰਾਨੀ ਕਰ ਰਹੀ ਹੈ, ਜਿਸ ਕਾਰਨ ਆਮ ਲੋਕਾਂ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋ ਸਕੇ। ਸਿਹਤ ਵਿਭਾਗ ਵੱਲੋਂ ਵੀ ਪੂਰੀ ਨਜ਼ਰਸਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਪਾਤਕਾਲੀਨ ਸਥਿਤੀ ਦਾ ਸਾਹਮਣਾ ਕੀਤਾ ਜਾ ਸਕੇ।