May 4, 2026 5:42 am

ਮਿੰਨੀ ਬੱਸ ਪਲਟਣ ਕਾਰਨ ਇੱਕ ਵਿਦਿਆਰਥੀ ਦੀ ਮੌਤ, ਚਾਰ-ਪੰਜ ਗੰਭੀਰ ਜ਼ਖਮੀ

ਰਾਮਪੁਰਾ ਫੂਲ, 24 ਸਤੰਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ, ਮਨਪ੍ਰੀਤ ਗਿੱਲ)- ਅੱਜ ਸਵੇਰੇ ਤਕਰੀਬਨ 07:30 ਵਜੇ ਮਾਨਸਾ ਤੋਂ ਰਾਮਪੁਰਾ ਵੱਲ ਆ ਰਹੀ ਮਿੰਨੀ ਬੱਸ ਮਾਨ ਬੱਸ ਸਰਵਿਸ ਪਿੰਡ ਡਿੱਖ ਅਤੇ ਸੂਚ ਵਿਚਕਾਰ ਪਲਟਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਤੇ 5 ਵਿਦਿਆਰਥੀ ਗੰਭੀਰ ਜਖਮੀ ਹੋ ਗਏ ਤੇ ਹੋਰ 15-16 ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਕਤ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀ ਰਮੇਸ਼ ਕੁਮਾਰ ਨਾਇਬ ਤਹਿਸੀਲਦਾਰਾ ਬਾਲਿਆਂਵਾਲੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਵਿਦਿਆਰਥੀ ਗੁਰਜੀਤ ਸਿੰਘ ਪੁੱਤਰ ਜਗਰਾਜ ਸਿੰਘ (18) ਵਾਸੀ ਸੂਚ ਦੀ ਮੌਤ ਹੋ ਗਈ ਤੇ ਵਿਦਿਆਰਥਣਾਂ ਰਮਨਦੀਪ ਕੌਰ, ਸੰਦੀਪ ਕੌਰ, ਰਮਨਦੀਪ ਕੌਰ,ਰਿੰਪੀ ਕੌਰ, ਅਮਨਦੀਪ ਕੌਰ ਦੇ ਗੰਭੀਰ ਸੱਟਾ ਲੱਗੀਆਂ ਜਿਨ੍ਹਾਂ ਨੂੰ ਸਹਾਰਾ ਵੈਲਫੇਅਰ ਸੋਸਾਇਟੀ ਢੱਡੇ ਦੇ ਪ੍ਰਧਾਨ ਕੇਵਲ ਸ਼ਰਮਾ ਵੱਲੋਂ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਰਮਨਦੀਪ ਕੌਰ ਪੁੱਤਰੀ ਪਾਲਾ ਸਿੰਘ ਵਾਸੀ ਸੂਚ ਦੀ ਹਾਲਾਤ ਗੰਭੀਰ ਹੋਣ ਕਾਰਨ ਆਦੇਸ਼ ਹਸਪਤਾਲ ਭੁੱਚੋ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਵਿਦਿਆਰਥੀ ਰਾਮਪੁਰਾ ਪਿੰਡ ਸਕੂਲ ਦੇ ਗਿਆਰਵੀਂ ਜਮਾਤ ਦਾ ਵਿਦਆਿਰਥੀ ਸੀ ਜਿਸ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ। ਜਦ ਕਿ ਜਿਆਦਾਤਰ ਜਖਮੀ ਬੱਚੀਆਂ ਸੂਚ ਪਿੰਡ ਦੀਆਂ ਸਨ ਜੋ ਕਿ ਡਿੱਖ ਦੇ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਸਨ ਅਤੇ ਇਕ ਲੜਕੀ ਆਦੇਸ਼ ਹਸਪਤਾਲ ਵਿਚ ਕੰਮ ਕਰਦੀ ਸੀ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ 15-16 ਪਿੰਡਵਾਸੀਆਂ ਨੂੰ ਫਸਟ ਏਡ ਦਿੱਤੀ ਗਈ ਹੈ ਜਦ ਕਿ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਜੈ ਸਿੰਘ ਨੇ ਕਿਹਾ ਕਿ ਡਰਾਈਵਰ ਬੀਰਬਲ ਸਿੰਘ ਵਾਸੀ ਬੁਰਜ ਢਿੱਲਵਾਂ ਖਿਲਾਫ ਧਾਰਾ 304 ਏ, 279 ਅਧੀਨ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ।

Send this to a friend