ਗੁਰਦਵਾਰਾ ਪਲਾਹ ਸਾਹਿਬ ਅਜਨਾਲਾ ਰੋਡ ਤੇ ਗੁਮਟਾਲਾ ਨੇੜ੍ਹੇ ਖੈਰਾਂਬਾਦ ਪਿੰਡ ਦੀ ਜੂਹ ਵਿੱਚ ਸਥਿੱਤ ਹੈ। ਇਸ ਗੁਰਦਵਾਰਾ ਸਾਹਿਬ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਹੈ।ਭਾਈ ਗੁਰਦਾਸ ਜੀ ਸਤਿਗੁਰੂ ਜੀ ਦੀ ਮਹਿਮਾ ਕਰਦੇ ਲਿੱਖਦੇ ਹਨ ਕਿ:
ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸਾਹ ਅਡੋਲਾ।
ਸਿੱਖ ਇਤਿਹਾਸ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜ਼ੁਲਮ ਖਿਲਾਫ ਚਾਰ ਜੰਗਾਂ ਲੜੀਆਂ। ਪਹਿਲੀ ਲੜਾਈ ਦਾ ਮੁੱਢ ਇਸ ਜਗ੍ਹਾ ਤੋਂ ਬੱਝਿਆ ਸੀ। ਪ੍ਰਿੰ. ਸਤਿਬੀਰ ਸਿੰਘ ਲਿੱਖਦੇ ਹਨ ਕਿ ਇੱਕ ਗੱਲ ਦਾ ਵਾਧਾ ਹੁਣ ਜਰੂਰ ਸੀ ਕਿ ਸਿੱਖਾਂ ਦੀ ਜਥੇਬੰਦੀ ਹੁਣ ਪੱਕੇ ਪੈਰਾਂ ਉਤੇ ਖੜੀ ਹੋ ਗਈ ਸੀ ਤੇ ਹਰ ਹੱਲੇ ਦੇ ਟਾਕਰੇ ਲਈ ਤਿਆਰ ਸੀ। ਇਤਨੀ ਭੜਕਾਹਟ ਕਿ ਇੱਕ ਚਿੰਗਾਰੀ ਹੀ ਜਵਾਲਾ ਬਣਾਉਣ ਲਈ ਕਾਫੀ ਸੀ। ਉਹ ਚਿੰਗਾਰੀ 1629 ਦੀ ਵੈਸਾਖੀ ਨੂੰ ਛੱਡ ਦਿੱਤੀ ਗਈ। ਸਿੱਖ ਦੂਰ-ਦੂਰ ਤੋਂ ਅੰਮ੍ਰਿਤਸਰ ਦਰਸ਼ਨ ਕਰਨ ਆਏ ਸਨ ਤੇ ਸ਼ਿਕਾਰ ਖੇਡਣ ਲਈ ਦੂਰ ਪਰਾਂ ਵੀ ਨਿਕਲ ਜਾਂਦੇ ਸਨ। ਪ੍ਰਿੰ. ਤੇਜਾ ਸਿੰਘ ਤੇ ਪ੍ਰੋ. ਗੰਡਾ ਸਿੰਘ ਲਿੱਖਦੇ ਹਨ ਕਿ ਇੱਕ ਦਿਨ ਸਿੱਖ ਸ਼ਿਕਾਰ ਖੇਡਣ ਲਈ ਗੁਮਟਾਲੇ ਦੀ ਜੂਹ ਤੱਕ ਪਹੁੰਚ ਗਏ। ਇਹ ਅਸਥਾਨ ਅੰਮ੍ਰਿਤਸਰ ਤੋਂ ਕੋਈ ਚਾਰ ਪੰਜ ਕਿਲੋਮੀਟਰ ਦੀ ਦੂਰੀ ਤੇ ਖੈਰਾਂਬਾਦ ਪਿੰਡ ਦੇ ਨੇੜੇ ਪੈਂਦਾ ਹੈ। ਇਹ ਜਗ੍ਹਾ ਸ਼ਾਹੀ ਹਾਕਮਾਂ ਲਈ ਰਾਖਵੀਂ ਸੀ। ਉਸ ਦਿਨ ਸ਼ਾਹ ਜਹਾਨ ਉਸ ਜਗ੍ਹਾ ਤੇ ਸ਼ਿਕਾਰ ਖੇਡ ਰਿਹਾ ਸੀ। ਸ਼ਾਹ ਜਹਾਨ ਨੇ ਆਪਣਾ ਇੱਕ ਚਿੱਟਾ ਬਾਜ਼ ਅਸਮਾਨ ਵਿੱਚ ਛੱਡਿਆ ਹੋਇਆ ਸੀ ਜੋ ਸ਼ਾਹ ਜਹਾਨ ਨੂੰ ਈਰਾਨ ਦੇ ਬਾਦਸ਼ਾਹ ਨੇ ਸਪੈਸ਼ਲ ਤੋਰ ਤੇ ਤੋਹਫੇ ਵਿੱਚ ਦਿੱਤਾ ਹੋਇਆ ਸੀ। ਉਹ ਬਾਜ਼ ਸ਼ਿਕਾਰ ਕਰਕੇ ਰੱਜ-ਪੁੱਜ ਕੇ ਵਾਪਸ ਜ਼ਮੀਨ ਤੇ ਆ ਗਿਆ। ਥੋੜ੍ਹੇ ਚਿਰ ਬਾਦ ਹੀ ਬਾਦਸ਼ਾਹ ਸ਼ਾਹ ਜਹਾਨ ਦੇ ਨੇੜ੍ਹਿਉਂ ਇੱਕ ਸੁਰਖਾਬ ਪੰਛੀ ਉਡਿਆ ਤਾਂ ਸ਼ਾਹ ਜਹਾਨ ਨੇ ਅਦਭੁੱਤ ਪੰਛੀ ਵੇਖ ਕੇ ਉਹੀ ਬਾਜ਼ ਉਸ ਦੇ ਪਿੱਛੇ ਫਿਰ ਛੱਡ ਦਿੱਤਾ। ਕਾਫੀ ਦੇਰ ਸ਼ਾਹੀ ਬਾਜ਼ ਵਾਪਸ ਨਾ ਆਇਆ, ਏਨੇ ਚਿਰ ਨੂੰ ਸ਼ਾਹ ਜਹਾਨ ਨੇ ਲਾਹੌਰ ਵੱਲ ਕੂਚ ਕਰ ਦਿੱਤਾ ਤੇ ਆਪਣੇ ਸ਼ਿਕਾਰੀਆਂ ਨੂੰ ਬਾਜ਼ ਫੜ੍ਹ ਕੇ ਲਿਆਉਣ ਲਈ ਕਿਹਾ। ਸਤਿਗੁਰੂ ਜੀ ਅਰਾਮ ਕਰਨ ਲਈ ਦੋ ਪਿੱਪਲਾਂ ਹੇਠ ਬੈਠ ਗਏ।
ਬਿਧੀਏ ਸੋਂ ਬੋਲੇ ਬਹੁ ਫਿਰੇ। ਅਧਿਕ ਤੁਰੰਗ ਧਵਾਵਨਿ ਕਰੇ।
ਸ਼੍ਰਮਤਿ ਭਏ ਕਿਤਿ ਛਾਂਵ ਨਿਹਾਰਹੁ। ਉਤਰਹਿਂ ਤਹਾਂ ਸੁ ਸ਼੍ਰਮ ਨਿਰਵਾਰਹੁ॥
ਫਿਰੇ ਸਊਰ ਦੂਰਿ ਲਗਿ ਹੇਰੇ।
ਆਇ ਬਤਾਏ ਸਤਿਗੁਰੁ ਨੇਰੇ।
ਮਹਾਂਰਾਜ ਦ੍ਵੈ ਪੀਪਰ ਖਰੇ।
ਗੁਮਟਾਲਾ ਹਦਿ ਤੇ ਬਹੁ ਪਰੇ॥
ਸ਼ਿਕਾਰੀ ਬਾਜ਼ ਦੇ ਪਿੱਛੇ-ਪਿੱਛੇ ਹੋ ਤੁਰੇ। (ਸੁਰਖਾਬ ਇੱਕ ਪੰਛੀ ਹੈ ਜੋ ਬੱਤਖ ਦੀ ਨਸਲ ਦਾ ਦਰਮਿਆਨੇ ਕੱਦ ਦਾ ਹੰਸ ਵਰਗਾ ਹੁੰਦਾ ਹੈ। ਇਸਦਾ ਰੰਗ ਲਾਲ ਬਾਦਾਮੀ ਹੁੰਦਾ ਹੈ। ਇਸਦੇ ਖੰਭ ਬਹੁਤ ਖੂਬਸੂਰਤ ਤੇ ਬੜੇ ਮਹਿੰਗੇ ਹੁੰਦੇ ਹਨ। ਇਸਦੇ ਖੰਭਾਂ ਨੂੰ ਰਾਜੇ ਮਹਾਰਾਜੇ ਆਪਣੀ ਕਲਗੀ ਵਿੱਚ ਸਜਾਉਂਦੇ ਹਨ। ਇਸ ਪੰਛੀ ਨੂੰ ਚਕ੍ਰਵਾਕ ਤੇ ਚਕਵਾ ਵੀ ਕਹਿੰਦੇ ਹਨ) ਇਸ ਗਲ ਦੀ ਗਵਾਹੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਆਪਣੀ ਲਿੱਖਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਭਰਦੇ ਹਨ।
ਹਟਿ ਜਬਿ ਚਲਯੋ ਬਿਹਂਗ ਸੁਰਕਾਬ। ਨਿਕਸਿ ਉਡਯੋ ਪਿਖਿ ਸ਼ਾਹ ਅਜਾਬ।
ਨਿਜ ਕਰ ਤੇ ਤਬਿ ਬਾਜ ਚਲਾਯਹੁ। ਤੀਰ ਮਨਿੰਦ ਬਿਹਂਗ ਪਰ ਆਯਹੁ।
ਸਿੱਖਾਂ ਨੇ ਜਦ ਸ਼ਾਹੀ ਬਾਜ਼ ਨੂੰ ਅਸਮਾਨ ਵਿੱਚ ਦੇਖਿਆ ਤਾਂ ਏਧਰੋਂ ਆਪਣਾ ਬਾਜ਼ ਵੀ ਉਸ ਸ਼ਾਹੀ ਬਾਜ਼ ਦੇ ਪਿੱਛੇ ਛੱਡ ਦਿੱਤਾ। ਸਤਿਗੁਰੂ ਜੀ ਦੇ ਬਾਜ਼ ਨੇ ਸ਼ਾਹੀ ਬਾਜ਼ ਵੀ ਤੇ ਉਹ ਸੁਰਖਾਬ ਪੰਛੀ ਵੀ ਨੀਚੇ ਉਤਾਰ ਲਏ। ਸਿੱਖਾਂ ਨੇ ਸਾਹੀ ਬਾਜ਼ ਪਕੜ ਕੇ ਸਤਿਗੁਰੂ ਜੀ ਦੇ ਸਾਹਮਣੇ ਪੇਸ਼ ਕੀਤਾ । ਸਤਿਗੁਰੂ ਜੀ ਇਸ ਸ਼ਾਹੀ ਬਾਜ਼ ਨੂੰ ਦੇਖ ਕੇ ਬੜੇ ਖੁਸ਼ ਹੋਏ। ਸ਼ਾਹੀ ਫੌਜ਼ਾਂ ਸ਼ਾਹੀ ਬਾਜ਼ ਦਾ ਪਿੱਛਾ ਕਰਦੀਆਂ ਹੋਈਆਂ ਆ ਗਈਆਂ। ਸ਼ਾਹੀ ਫੌਜ਼ਾਂ ਨੇ ਸਤਿਗੁਰੂ ਜੀ ਨੂੰ ਬਾਜ਼ ਵਾਪਸ ਕਰਨ ਲਈ ਕਿਹਾ। ਬੋਲ ਕੁਬੋਲ ਬੋਲੇ ਤੇ ਸ਼ਾਹੀ ਅਤਾਬ ਦਾ ਡਰ ਵੀ ਦਿੱਤਾ। ਜੰਗ ਦੀਆ ਧਮਕੀਆਂ ਵੀ ਦਿੱਤੀਆਂ। ਸਿੱਖਾਂ ਨੇ ਬਾਜ਼ ਵਾਪਸ ਕਰਨ ਤੋਂ ਨਾਂਹ ਕਰ ਦਿੱਤੀ ਤੇ ਜੰਗ ਲਈ ਤਿਆਰ ਹੋ ਗਏ। ਸ਼ਾਹੀ ਫੌਜ਼ਾਂ ਵਾਪਸ ਚਲੀਆਂ ਗਈਆਂ।ਲਾਹੌਰ ਜਾ ਕੇ ਕੁਲੀਜ਼ ਖਾਂ ਨੂੰ ਸਾਰੀ ਗੱਲ ਦੱਸੀ ਤੇ ਕੁਲੀਜ਼ ਖਾਂ ਨੇ ਅੱਗੇ ਸ਼ਾਹ ਜਹਾਨ ਨੂੰ ਸਾਰੀ ਗੱਲ ਤੋਂ ਜਾਣੂ ਕਰਾਇਆ ਕਿ ਅੱਜ ਸਿੱਖਾਂ ਨੇ ਬਾਜ਼ ਨੂੰ ਹਥ ਪਾਇਆ ਹੈ, ਕੱਲ ਨੂੰ ਤਾਜ਼ ਨੂੰ ਹੱਥ ਪਾਉਣਗੇ। ਸ਼ਾਹ ਜਹਾਨ ਨੇ ਕੁਲੀਜ਼ ਖਾਂ ਨੂੰ ਸਿੱਖਾਂ ਤੇ ਹਮਲਾ ਕਰਨ ਦੀ ਆਗਿਆ ਦੇ ਦਿਤੀ। ਕੁਲੀਜ਼ ਖਾਂ ਨੇ ਆਪਣੇ ਫੌਜਦਾਰ ਮੁਖ਼ਲਿਸ ਖ਼ਾਨ ਨੂੰ ਸੱਤ ਹਜ਼ਾਰ ਫੌਜ਼ ਦੇ ਕੇ ਹਮਲਾ ਕਰਨ ਲਈ ਭੇਜ ਦਿੱਤਾ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਇਹ ਜੰਗ ਸ਼ੁਰੂ ਹੋਈ। ਪਿਪਲੀ ਸਾਹਿਬ ਪੁਤਲੀ ਘਰ ਤੋਂ ਹੁੰਦੀ ਹੋਈ, ਲੋਹਗੜ੍ਹ ਪਹੁੰਚ ਗਈ। ਸ਼ਾਹੀ ਫੌਜ਼ਾਂ ਦਾ ਬਹਤੁ ਨੁਕਸਾਨ ਹੋਇਆ। ਅੰਤ ਚੱਬੇ ਪਿੰਡ ਜਿੱਥੇ ਗੁ. ਸੰਗਰਾਣਾ ਸਾਹਿਬ ਸਥਿੱਤ ਹੈ, ਇਸ ਜਗ੍ਹਾ ਤੇ ਇਸ ਲੜਾਈ ਦਾ ਅੰਤ ਹੋਇਆ। ਸ਼ਾਹੀ ਫੌਜ਼ਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਹੱਥੋਂ ਹਾਰ ਖਾ ਕੇ ਲਾਹੌਰ ਵੱਲ ਦੌੜ ਗਈਆਂ ਤੇ ਗੁਰੂ ਜੀ ਦੀ ਜਿੱਤ ਹੋਈ। ਭਾਈ ਗੁਰਦਾਸ ਜੀ ਦੂਜੇ ਸਤਿਗੁਰੂ ਜੀ ਦੀ ਸਿਫਤ ਕਰਦੇ ਲਿੱਖਦੇ ਹਨ ਕਿ:
ਗੁਰ ਹਰਿ ਗੋਬਿੰਦ ਖਸਟਮ ਅਵਤਾਰੇ।
ਜਿਨਿ ਪਕੜ ਤੇਗ ਬਹੁ ਦੁਸਟ ਪਛਾਰੇ।
ਇਉਂ ਸਭ ਮੁਗਲਨ ਕਾ
ਮਨ ਬਉਰਾਨਾ।
ਤਬ ਹਰਿ ਭਗਤਨ ਸੋ ਦੁੰਦ ਰਚਾਨਾ।
ਇਉਂ ਕਰਿ ਹੈ ਗੁਰਦਾਸ ਪੁਕਾਰਾ।
ਹੇ ਸਤਿਗੁਰੁ ਮੁਹਿ ਲੇਹੁ ਉਬਾਰਾ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁ. ਪਲਾਹ ਸਾਹਿਬ ਵਿਖੇ 5 ਅੱਸੂ 21 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਲਾਨਾ ਜੋੜ੍ਹ ਮੇਲਾ ਸ਼੍ਰੋਮਣੀ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਵੀ ਰਾਗੀ, ਢਾਡੀ, ਕਥਾ ਵਾਚਕ ਤੇ ਕਵੀਸ਼ਰੀ ਜਥੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।