June 24, 2026 12:51 pm

‘ਕਰਤਾਰਪੁਰ ਲਾਂਘੇ ’ਤੇ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਜਲਦ ਪੱਤਰ ਭੇਜਣ ਦਾ ਭਰੋਸਾ ਦਿੱਤਾ ਸੀ’

ਲੋਕਲ ਬਾਡੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਦਾਅਵਾ

ਚੰਡੀਗੜ੍ਹ, 18 ਸਤੰਬਰ- ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨੂੰ ਲੈ ਕੇ ਸਿਆਸਤ ਸਿਖਰਾਂ ’ਤੇ ਪਹੁੰਚ ਗਈ ਹੈ।ਲਾਂਘਾ ਖੋਲ੍ਹਣ ਦਾ ਸਿਹਰਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਜਾਂਦਾ ਵੇਖ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮੈਦਾਨ ਵਿਚ ਉਤਾਰਿਆ ਹੈ। ਬੀਬਾ ਬਾਦਲ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿਧੂ ਬਿਨ੍ਹਾਂ ਬੁਲਾਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਣ ਪਹੁੰਚ ਗਏ। ਇਸ ਮੌਕੇ ਸੁਸ਼ਮਾ ਨੇ ਸਿਧੂ ਨੂੰ ਝਾੜ ਵੀ ਪਾਈ ਹੈ। ਬਾਦਲ ਦੇ ਦਾਅਵਿਆਂ ਨੂੰ ਰਦ ਕਰਦਿਆਂ ਸ. ਨਵਜੋਤ ਸਿੰਘ ਸਿਧੂ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਜ਼ਰੂਰਤ ਸਬੰਧੀ ਗਲਬਾਤ ਕੀਤੀ ਹੈ।ਉਨ੍ਹਾਂ ਕਿਹਾ ਕਿ ਦੋਵਾਂ ਵਿਚਾਲੇ ਵਿਸਥਾਰ ਨਾਲ ਗਲਬਾਤ ਹੋਈ।ਉਨ੍ਹਾਂ ਦਾਅਵਾ ਕੀਤਾ ਕਿ ਇਸ ਮੁਲਾਕਾਤ ਦੌਰਾਨ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਭਰੋਸਾ ਦਿੱਤਾ ਸੀ ਕਿ ਕਰਤਾਰਪੁਰ ਲਾਂਘੇ ਬਾਰੇ ਪ੍ਰਸਤਾਵ ਦਾ ਡਰਾਫਟ ਤਿਆਰ ਹੋ ਚੁੱਕਾ ਹੈ ਅਤੇ ਇਸ ਸਬੰਧ ਵਿੱਚ ਛੇਤੀ ਹੀ ਪਾਕਿਸਤਾਨ ਨੂੰ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਭਾਰਤੀ ਸਰਕਾਰ ਤੋਂ ਸਕਾਰਾਤਮਕ ਉਮੀਦ ਜਤਾਈ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਤੇ ਆਕਾਲੀ ਦਲ ਬੀਬਾ ਬਾਦਲ ਨੇ ਸਿਧੂ ‘ਤੇ ਵਾਰ ਕਰਦਿਆਂ ਕਿਹਾ ਕਿ ਸਚਾਈ ਇਹ ਹੈ ਕਿ ਪਾਕਿਸਤਾਨੀ ਸਰਕਾਰ ਨੇ ਹੁਣ ਤਕ ਇਸ ਬਾਰੇ ਕੋਈ ਬਿਆਨ ਨਹੀਂ ਦਿਤਾ। ਉਨ੍ਹਾਂ ਹੈਰਾਨੀ ਜਤਾਈ ਕਿ ਸਿਧੂ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਨੇ ਲਾਂਘੇ ਲਈ ਹਰੀ ਝੰਡੀ ਦੇ ਦਿਤੀ ਹੈ ਪਰ ਸੁਸ਼ਮਾ ਸਵਰਾਜ ਨੇ ਜੋ ਚਿਠੀ ਹਰਸਿਮਰਤ ਨੂੰ ਲਿਖੀ ਹੈ, ਉਸ ਮੁਤਾਬਕ ਇਹੋ ਜਿਹਾ ਕੁਝ ਵੀ ਨਹੀਂ। ਪਾਕਿਸਤਾਨ ਸਰਕਾਰ ਨੇ ਅਜਿਹੀ ਕੋਈ ਗਲਬਾਤ ਨਹੀਂ ਕੀਤੀ।

Send this to a friend