June 20, 2026 10:20 pm

ਪਟਿਆਲਾ ’ਚ ਖ਼ੂਨਦਾਨ ਨੂੰ ਲਹਿਰ ਬਣਾਉਣ ਵਾਲਾ ਖ਼ੂਨਦਾਨੀ ਸ਼ੁਭਾਸ਼ ਚੰਦ ਜੈਨ

ਖ਼ੂਨ ਦਾਨ ਕਰਨਾ ਇੱਕ ਪਵਿਤਰ ਕਾਰਜ਼ ਹੈ। ਪਟਿਆਲਾ ਸ਼ਹਿਰ ਜਿਸਨੂੰ ਜਿਥੇ ਸਮਾਜ ਸੇਵਕਾਂ ਦਾ ਸ਼ਹਿਰ ਗਿਣਿਆਂ ਜਾਂਦਾ ਹੈ, ਉਸ ਦੇ ਨਾਲ ਹੀ ਖ਼ੂਨ ਦਾਨੀਆਂ ਦਾ ਵੀ ਇਸ ਸ਼ਹਿਰ ਵਿਚ ਵੱਡਾ ਯੋਗਦਾਨ ਹੈ। ਪਟਿਆਲਾ ਵਿਖੇ ਰਾਜਿੰਦਰਾ ਸਰਕਾਰ ਹਸਪਤਾਲ ਪੁਰਾਣੇ ਪੈਪਸੂ ਦੇ ਇਲਾਕੇ ਵਿਚ ਸਿਹਤ ਸਹੂਲਤਾਂ ਦੇਣ ਵਾਲਾ ਉਤਰੀ ਭਾਰਤ ਵਿਚ ਇੱਕੋ-ਇੱਕ ਸਰਕਾਰੀ ਹਸਪਤਾਲ ਸੀ। ਇੱਥੋਂ ਤੱਕ ਕਿ ਜੰਮੂ ਕਸ਼ਮੀਰ ਤੋਂ ਲੈਕੇ ਦਿੱਲੀ ਤੱਕ ਨਾਲ ਲੱਗਦੀਆਂ ਸਟੇਟਾਂ ਨਾਭਾ, ਜੀਂਦ ਅਤੇ ਕੁਰਕਸ਼ੇਤਰਾ ਦੇ ਇਲਾਕੇ ਵਿਚੋਂ ਵੀ ਗ਼ਰੀਬ ਲੋਕ ਇਲਾਜ ਲਈ ਇਥੇ ਆਉਂਦੇ ਸਨ। ਇਸ ਲਈ ਇਥੇ ਮਰੀਜਾਂ ਲਈ ਖ਼ੂਨ ਦੀ ਅਤਿਅੰਤ ਜ਼ਰੂਰਤ ਸੀ ਕਿਉਂਕਿ ਪਛੜੇ ਇਲਾਕਿਆਂ ਦੇ ਗ਼ਰੀਬ ਮਰੀਜਾਂ ਨੂੰ ਖ਼ੂਨ ਪਟਿਆਲਾ ਸਥਿਤ ਖ਼ੂਨ ਦਾਨੀ ਹੀ ਖ਼ੂਨ ਦਾਨ ਕਰਦੇ ਸਨ। ਮਰੀਜਾਂ ਦੇ ਰਿਸ਼ਤੇਦਾਰ ਵੀ ਖ਼ੂਨ ਦਾਨ ਕਰਨ ਤੋਂ ਹਿਚਕਚਾਉਂਦੇ ਸਨ। ਉਨ੍ਹਾਂ ਨੂੰ ਭੁਲੇਖਾ ਹੁੰਦਾ ਸੀ ਕਿ ਖ਼ੂਨ ਦਾਨ ਕਰਨ ਨਾਲ ਵਿਅਕਤੀ ਵਿਚ ਖ਼ੂਨ ਦੀ ਘਾਟ ਹੋ ਜਾਵੇਗੀ ਅਤੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਪਟਿਆਲਾ ਕਿਉਂਕਿ ਵਿਦਿਅਕ ਅਤੇ ਸਭਿਆਚਾਰਕ ਕੇਂਦਰ ਦੇ ਤੌਰ ਤੇ ਜਾਣਿਆਂ ਜਾਂਦਾ ਸੀ, ਇਸ ਲਈ ਇਥੋਂ ਦੇ ਲੋਕ ਪੜ੍ਹੇ ਲਿਖੇ ਹਨ, ਇਸ ਕਰਕੇ ਇਹ ਲੋਕ ਵਹਿਮਾਂ ਭਰਮਾਂ ਤੋਂ ਕੋਹਾਂ ਦੂਰ ਹਨ। ਪਟਿਆਲਵੀ ਖ਼ੂਨਦਾਨ ਕਰਨ ਵਿਚ ਕੋਈ ਹਿਚਕਚਾਹਟ ਮਹਿਸੂਸ ਨਹੀਂ ਕਰਦੇ ਸਨ। ਭਾਵੇਂ ਪਟਿਆਲਾ ਵਿਖੇ ਇਸ ਖ਼ੇਤਰ ਵਿਚ ਖ਼ੂਨ ਦਾਨ ਕਰਨ ਵਾਲੇ ਬਹੁਤ ਲੋਕ ਹਨ ਪ੍ਰੰਤੂ ਉਨ੍ਹਾਂ ਵਿਅਕਤੀਆਂ ਵਿਚੋਂ ਸ਼ੁਭਾਸ਼ ਚੰਦ ਜੈਨ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ਼ ਨਹੀਂ। ਸ਼ੁਭਾਸ਼ ਚੰਦ ਜੈਨ ਥਾਪਰ ਕਾਲਜ ਵਿਚ ਬਤੌਰ ਸੁਪਰਇਨਟੈਂਡੈਂਟ ਨੌਕਰੀ ਕਰਦਾ ਸੀ। ਇਸ ਸਮੇਂ ਥਾਪਰ ਡੀਮਡ ਯੂਨੀਵਰਸਿਟੀ ਬਣ ਗਈ ਹੈ। ਉਸ ਨੂੰ ਉਤਰੀ ਭਾਰਤ ਦੇ ਉਘੇ ਸਮਾਜ ਸੇਵਕ ਵੀਰ ਦਸੌਂਧੀ ਰਾਮ ਦੀ ਜ਼ਿੰਦਗੀ ਤੋਂ ਪ੍ਰੇਰਨਾ ਮਿਲੀ, ਜਿਸ ਕਰਕੇ ਉਸਨੇ ਸਮਾਜ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ। ਸਮਾਜ ਸੇਵਾ ਦੇ ਨਾਲ ਹੀ ਉਸਨੇ ਖ਼ੂਨਦਾਨ ਕਰਨ ਨੂੰ ਪਹਿਲ ਦਿੱਤੀ ਕਿਉਂਕਿ ਉਹ ਸਮਝਦਾ ਸੀ ਕਿ ਖ਼ੂਨ ਦਾਨ ਕਰਕੇ ਕਿਸੇ ਇਨਸਾਨ ਦੀ ਜ਼ਿੰਦਗੀ ਬਚਾਉਣਾ ਹੀ ਉਤਮ ਸਮਾਜ ਸੇਵਾ ਹੈ। ਉਸਨੇ ਆਪ ਤਾਂ 82 ਵਾਰ ਖ਼ੂਨ ਦਾਨ ਕੀਤਾ ਹੀ ਪ੍ਰੰਤੂ ਖ਼ੂਨ ਦਾਨ ਨੂੰ ਇੱਕ ਲਹਿਰ ਬਣਾਉਣ ਵਿਚ ਵੀ ਉਸਦਾ ਯੋਗਦਾਨ, ਉਸ ਸਮੇਂ ਵਰਣਨਯੋਗ ਸੀ ਕਿਉਂਕਿ ਹੋਰ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਤ ਕਰਨਾ ਅਤਿਅੰਤ ਮੁਸ਼ਕਲ ਕੰਮ ਸੀ। ਉਹ ਕਿਉਂਕਿ ਥਾਪਰ ਕਾਲਜ ਵਿਚ ਨੌਕਰੀ ਕਰਦਾ ਸੀ, ਇਸ ਲਈ ਉਸਨੇ ਸਭ ਤੋਂ ਪਹਿਲਾਂ ਥਾਪਰ ਕਾਲਜ ਦੇ ਨੌਜਵਾਨ ਵਿਦਿਆਰਥੀਆਂ ਨੂੰ ਪ੍ਰੇਰਤ ਕਰਕੇ ਆਪਣੇ ਨਾਲ ਜੋੜਿਆ। ਜਿਸਦੇ ਸਿੱਟੇ ਵੱਜੋਂ ਜਿਲ੍ਹਾ ਰੈਡ ਕਰਾਸ ਅਤੇ ਹੋਰ ਸਵੈ-ਇਛਤ ਸੰਸਥਾਵਾਂ ਦੇ ਸਹਿਯੋਗ ਨਾਲ ਉਹ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਦਾ ਰਹਿੰਦਾ ਸੀ। ਉਸਨੇ ਲੋਕਾਂ ਵਿਚੋਂ ਖ਼ੂਨ ਦਾਨ ਕਰਨ ਲਈ ਪਏ ਭੁਲੇਖਿਆਂ ਨੂੰ ਦੂਰ ਕਰਨ ਵਿਚ ਮਹੱਤਵਪੂਰਨ ਹਿੱਸਾ ਪਾਇਆ। ਸ਼ੁਭਾਸ਼ ਚੰਦ ਜੈਨ ਆਮ ਤੌਰ ਤੇ ਵਿਦਿਆਰਥੀਆਂ ਨੂੰ ਪ੍ਰੇਰਦਿਆਂ ਕਹਿੰਦਾ ਹੁੰਦਾ ਸੀ ਕਿ ਸਦਭਾਵਨਾ ਪੈਦਾ ਕਰਨ ਲਈ ਸਭ ਤੋਂ ਉਤਮ ਖ਼ੂਨਦਾਨ ਹੈ ਕਿਉਂਕਿ ਇਹ ਦਾਨ ਜਾਤ ਪਾਤ, ਧਰਮ ਅਤੇ ਊਚ ਨੀਚ ਦੀ ਭਾਵਨਾ ਨੂੰ ਖ਼ਤਮ ਕਰਨ ਵਿਚ ਸਹਾਈ ਹੁੰਦਾ ਹੈ। ਖ਼ੂਨਦਾਨ ਦੀ ਲਹਿਰ ਨੂੰ ਮਜ਼ਬੂਤ ਅਤੇ ਜ਼ੋਰਦਾਰ ਬਣਾਉਣ ਵਿਚ ਵਿਦਿਆਰਥੀਆਂ ਦਾ ਸਹਿਯੋਗ ਬਹੁਤ ਹੀ ਸਾਰਥਿਕ ਰਿਹਾ ਕਿਉਂਕਿ ਸ਼ੁਭਾਸ ਜੈਨ ਨਮਰਤਾ ਅਤੇ ਹਲੀਮੀ ਦਾ ਪ੍ਰਤੀਕ ਸੀ।
ਸ਼ੁਭਾਸ਼ ਚੰਦ ਜੈਨ ਦਾ ਜਨਮ 14 ਅਕਤੂਬਰ 1946 ਵਿਚ ਪਿਤਾ ਓਮ ਪ੍ਰਕਾਸ਼ ਜੈਨ ਅਤੇ ਮਾਤਾ ਕੌਸ਼ਲਿਆ ਦੇਵੀ ਜੈਨ ਦੇ ਘਰ ਪਟਿਆਲਾ ਵਿਖੇ ਹੋਇਆ। ਉਸਨੇ ਆਪਣੀ ਪੜ੍ਹਾਈ  ਪਟਿਆਲਾ ਵਿਚੋਂ ਹੀ ਪ੍ਰਾਪਤ ਕੀਤੀ। ਉਸਦੇ ਤਿੰਨ ਲੜਕੀਆਂ ਹਨ, ਤਿੰਨੋ ਪੜ੍ਹੀਆਂ ਲਿਖੀਆਂ ਹਨ। ਸ਼ੁਭਾਸ਼ ਜੈਨ ਦਾ ਸਾਰਾ ਪਰਿਵਾਰ ਪਤਨੀ ਅਤੇ ਲੜਕੀਆਂ ਲੋੜਵੰਦਾਂ ਲਈ ਖ਼ੂਨ ਦਾਨ ਕਰਦੀਆਂ ਰਹਿੰਦੀਆਂ ਹਨ। ਉਸਨੇ ਲਗਪਗ 300 ਖ਼ੂਨ ਦਾਨ ਦੇ ਕੈਂਪ ਸਕੂਲਾਂ ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਲਗਵਾਏ। ਉਸਦੇ ਪਰਿਵਾਰ ਨੂੰ ਖ਼ੂਨਦਾਨੀ ਪਰਿਵਾਰ ਦੇ ਤੌਰ ਤੇ ਜਾਣਿਆਂ ਜਾਂਦਾ ਸੀ। ਉਹ ਆਪ 60 ਸਾਲ ਦੀ ਉਮਰ ਤੱਕ ਖ਼ੂਨ ਦਾਨ ਕਰਦਾ ਰਿਹਾ ਹੈ। ਬਹੁਤ ਸਾਰੀਆਂ ਰਾਜ ਸਰਕਾਰ ਅਤੇ ਸਵੈ-ਇਛਤ ਸੰਸਥਾਵਾਂ ਵੱਲੋਂ ਆਪ ਨੂੰ ਖ਼ੂਨ ਦਾਨ ਕਰਨ ਕਰਕੇ ਮਾਣ ਸਨਮਾਨ ਦਿੱਤੇ ਗਏ ਹਨ। ਆਪ ਨੂੰ ਅਨੇਕਾਂ ਵਾਰ ਰਾਸ਼ਟਰਪਤੀ, ਰਾਜਪਾਲ, ਮੁੱਖ ਮੰਤਰੀ ਅਤੇ ਮੰਤਰੀ ਸਾਹਿਬਾਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਹੈ। ਲਗਪਗ 50 ਸੰਸਥਾਵਾਂ ਨੇ ਆਪਦੇ ਯੋਗਦਾਨ ਨੂੰ ਵਿਲੱਖਣ ਮੰਨਦਿਆਂ ਸਨਮਾਨਤ ਕੀਤਾ ਹੈ, ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਵੱਲੋਂ ਰਾਜਪਾਲ ਪੰਜਾਬ ਨੇ ਆਪਨੂੰ ਪਟਿਆਲਾ ਰਤਨ ਦਾ ਖ਼ਿਤਾਬ ਵੀ ਦਿੱਤਾ। ਉਹ ਪੰਜਾਬ ਅਤੇ ਪਟਿਆਲਾ ਦੀਆਂ ਅਨੇਕਾਂ ਸੰਸਥਾਵਾਂ ਨਾਲ ਮੈਂਬਰ ਦੇ ਤੌਰ ਤੇ ਜੁੜਿਆ ਰਿਹਾ ਹੈ। ਕਈ ਸੰਸਥਾਵਾਂ ਦਾ ਉਹ ਪ੍ਰਧਾਨ ਅਤੇ ਉਪ-ਪ੍ਰਧਾਨ ਵੀ ਰਿਹਾ ਹੈ। ਆਪ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਬਹੁਤ ਸਾਰੀਆਂ ਨੈਸ਼ਨਲ ਕਾਨਫ਼ਰੰਸਾਂ ਅਤੇ ਸਮਾਜ ਸੇਵਾ ਦੇ ਸੈਮੀਨਾਰਾਂ ਵਿਚ ਹਿੱਸਾ ਲਿਆ ਹੈ।
ਆਪ ਕੋਲ ਖ਼ੂਨ ਦਾਨੀਆਂ ਦੀ ਸੂਚੀ ਹੁੰਦੀ ਸੀ ਅਤੇ ਲੋੜ ਪੈਣ ਤੇ ਤੁਰੰਤ ਖ਼ੂਨ ਦਾਨੀਆਂ ਨੂੰ ਬੁਲਾ ਕੇ ਗ਼ਰੀਬ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਰਾਤ ਬਰਾਤੇ ਵੀ ਤਿਆਰ ਬਰ ਤਿਆਰ ਰਹਿੰਦਾ ਸੀ। ਆਮ ਤੌਰ ਤੇ ਨੈਗੇਟਿਵ ਬਲੱਡ ਗਰੁਪ ਦੇ ਖ਼ੂਨ ਮਿਲਣ ਦੀ ਸਮੱਸਿਆ ਬਣੀ ਰਹਿੰਦੀ ਸੀ। ਆਪਨੇ ਉਨ੍ਹਾਂ ਦਾਨੀਆਂ ਦੀ ਸੂਚੀ ਵੀ ਬਣਾ ਕੇ ਰੱਖੀ ਹੋਈ ਸੀ ਤਾਂ ਜੋ ਲੋੜ ਪੈਣ ਤੇ ਤੁਰੰਤ ਮਦਦ ਕੀਤੀ ਜਾ ਸਕੇ।

Send this to a friend