June 23, 2026 1:50 am

ਬਜੁਰਗ ਵਿਧਵਾ ਔਰਤ ਕੁਦਰਤੀ ਕਰੋਪੀ ਦੀ ਹੋਈ ਸ਼ਿਕਾਰ, ਘਰ ਦੀ ਛੱਤ ਡਿੱਗੀ ਜਾਨੀ ਨੁਕਸਾਨ ਤੋਂ ਬਚਾਅ

ਮੋਰਿੰਡਾ, 16 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 7 ਦੀ ਵਸਨੀਕ ਬਜੁਰਗ ਵਿਧਵਾ ਔਰਤ ਕੁਦਰਤੀ ਕਰੋਪੀ ਦੀ ਸ਼ਿਕਾਰ ਹੋ ਗਈ। ਪਿੱਛਲੇ ਦਿਨੀਂ ਪਏ ਤੇਜ਼ ਮੀਂਹ ਕਾਰਨ ਵਾਰਡ ਨੰਬਰ 7 ਉੱਚੀ ਘਾਟੀ ਵਿੱਖੇ ਇਕੱਲੀ ਰਹਿ ਰਹੀ ਬਜੁਰਗ ਵਿਧਵਾ ਸੌਮਾ ਦੇਵੀ ਨਾਂਅ ਦੀ ਔਰਤ ਦੇ ਘਰ ਦੀ ਛੱਤ ਡਿੱਗ ਗਈ। ਭਾਵੇਂ ਇਸ ਕੁਦਰਤੀ ਕਰੋਪੀ ਨਾਲ ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪ੍ਰੰਤੂ ਘਰ ਅੰਦਰ ਪਿਆ ਸਮਾਨ ਮਲਵੇ ਥੱਲੇ ਦਬ ਕੇ ਨੁਕਸਾਨਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਰਾਜਪ੍ਰੀਤ ਸਿੰਘ ਰਾਜੀ ਨੇ ਦੱਸਿਆ ਕਿ ਉਕਤ ਵਿਧਵਾ ਔਰਤ ਪਿੱਛਲੇ ਲੰਮੇਂ ਸਮੇਂ ਤੋਂ ਇੱਥੇ ਇਕੱਲੀ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਮਕਾਨ ਦੀ ਛੱਤ ਪੁਰਾਣੀ ਹੋਣ ਕਾਰਨ ਥਾਂ ਥਾਂ ਤੋਂ ਝੜਨ ਲੱਗ ਗਈ ਸੀ ਅਤੇ ਪਿੱਛਲੇ ਦਿਨੀਂ ਪਏ ਤੇਜ ਮੀਂਹ ਕਾਰਨ ਛੱਤ ਡਿੱਗ ਗਈ। ਜਦੋਂ ਘਰ ਦੀ ਛੱਤ ਡਿੱਗੀ ਤਾਂ ਮਾਤਾ ਸੌਮਾ ਕਮਰੇ ਵਿੱਚ ਨਹੀਂ ਸੀ। ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਨਾਲ ਭਾਂਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰੰਤੂ ਕਮਰੇ ਦੇ ਅੰਦਰ ਪਈ ਪੇਟੀ, ਮੰਜੇ ਅਤੇ ਹੋਰ ਘਰੇਲੂ ਸਮਾਨ ’ਤੇ ਛੱਤ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ। ਸਮਾਜ ਸੇਵੀ ਰਾਜਪ੍ਰੀਤ ਸਿੰਘ ਰਾਜੀ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਪੀੜ੍ਹਤ ਔਰਤ ਦੀ ਮੱਦਦ ਦੀ ਮੰਗ ਕਰਦਿਆਂ ਦੱਸਿਆ ਕਿ ਸੋਮਾ ਦੇਵੀ ਕੱਚੇ ਮਕਾਨਾਂ ਲਈ ਸਰਕਾਰੀ ਸਹਾਇਤਾ ਲੈਣ ਲਈ ਕਈ ਬਾਰ ਦਰਖ਼ਾਸਤ ਦੇ ਚੁੱਕੀ ਹੈ ਪ੍ਰੰਤੂ ਸਰਕਾਰ ਵੱਲੋਂ ਇਕੱਲੀ ਰਹਿ ਰਹੀ ਵਿਧਵਾ ਔਰਤ ਦੀ ਕੋਈ ਮੱਦਦ ਨਹੀਂ ਕੀਤੀ ਗਈ। ਇਸ ਸਬੰਧੀ ਜਦੋਂ ਬਲਵਿੰਦਰ ਸਿੰਘ ਬਾਜਵਾ ਪ੍ਰਧਾਨ ਨਗਰ ਕੋਂਸਲ ਮੋਰਿੰਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੀੜ੍ਹਤ ਮਹਿਲਾ ਨਾਲ ਹਮਦਰਦੀ ਪ੍ਰਗਟਾਉਂਦਿਆ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀ ਮੱਦਦ ਲਈ ਉਹ ਪਹਿਲ ਦੇ ਅਧਾਰ ’ਤੇ ਉਪਰਾਲ੍ਹਾ ਕਰਕੇ ਯੋਗ ਮੱਦਦ ਦਿਵਾਉਣ ’ਚ ਮੱਦਦ ਕਰਨਗੇ।

Send this to a friend