June 22, 2026 4:48 am

ਰਾਸ਼ਟਰ, ਭਾਰਤੀ ਰਾਸ਼ਟਰ ਅਤੇ ਹਿੰਦੂ ਰਾਸ਼ਟਰ

ਨਾਗਪੁਰ ਵਿੱਚ ਆਰ.ਐਸ.ਐਸ. ਦੇ ਮਹੱਤਵਪੂਰਨ ਸਮਾਗਮ ਵਿੱਚ ਸ੍ਰੀ ਪ੍ਰਣਵ ਮੁਖਰਜੀ ਦਾ ਭਾਸ਼ਣ ਰਾਸ਼ਟਰਵਾਦ ’ਤੇ ਕੇਂਦਰਤ ਸੀ,ਜਿਸ ਵਿੱਚ ਪੂਰਵ ਰਾਸ਼ਟਰਪਤੀ ਨੇ ਆਪਣੇ ਨਿੱਜੀ ਅਨੁਭਵ ਅਤੇ ਰਚਨਾਤਮਿਕ ਵਿਚਾਰ ਪ੍ਰਗਟ ਕੀਤੇ। ਇਹ ਸਹੀ ਵੇਲਾ ਹੈ ਕਿ ਹੁਣ ਰਾਸ਼ਟਰਵਾਦ, ਭਾਰਤੀ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਬਾਰੇ ਵਿਚਾਰ ਚਰਚਾ ਕੀਤੀ ਜਾਵੇ। ਰਾਸ਼ਟਰ ਦਾ ਸੰਕਲਪ ਪੱਛਮ ਦੀ ਦੇਣ ਹੈ ਜਿੱਥੇ ਸਾਮੰਤਵਾਦੀ ਜੀਵਨ ਪ੍ਰਬੰਧ ਦੇ ਪਤਨ ਉਪਰੰਤ ਸਨਅਤੀਕਰਨ ਨਾਲ ਜਦੋਂ ਪੂੰਜੀਵਾਦ ਦੀ ਆਮਦ ਹੁੰਦੀ ਹੈ ਤਾਂ ਇੱਕ ਦੇਸ਼ ਨੂੰ ਭਾਵਨਾਤਮਿਕ ਤੌਰ ’ਤੇ ਇੱਕਜੁੱਟ ਕਰਨ ਲਈ ਆਮ ਵਸੋਂ ਨੂੰ ਇੱਕ ਰਾਸ਼ਟਰ ਵਜੋਂ ਇਕਸੁਰ ਕੀਤਾ ਗਿਆ। ਇਸ ਇਕਸੁਰਤਾ ਦਾ ਆਧਾਰ ਲੋਕਾਈ ਦਾ ਸਾਂਝਾ ਸਭਿਆਚਾਰਕ ਵਿਰਸਾ,ਇੱਕ ਸਾਂਝੀ ਭਾਸ਼ਾ,ਇੱਕ ਸਾਂਝੀ ਧਰਤੀ,ਇੱਕ ਸਾਂਝਾ ਧਰਮ ਬਣਿਆਂ। ਇਉਂ ਰਾਸ਼ਟਰ ਦੀ ਮਜ਼ਬੂਤੀ ਹੀ ਦੇਸ਼ ਦੀ ਮਜ਼ਬੂਤੀ ਸੀ। ਰੂਸੋ ਦੇ ਸਮਾਨਤਾ,ਸੁਤੰਤਰਤਾ ਤੇ ਭਾਈਚਾਰੇ ਦੇ ਵਿਚਾਰ ਨੇ ਵੀ ਇੱਕ ਵਿਲੱਖਣ ਰਾਸ਼ਟਰ ਦੇ ਨਿਰਮਾਣ ਵਿੱਚ ਭੂਮਿਕਾ ਨਿਭਾਈ। ਪੂੰਜੀਵਾਦੀ ਪਸਾਰ ਨੇ ਇਕ ਰਾਸ਼ਟਰਵਾਦ ਨੂੰ ਅੰਧ ਰਾਸ਼ਟਰਵਾਦ ਵਿੱਚ ਤਬਦੀਲ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਯੂਰਪੀਨ ਦੇਸ਼ਾਂ ਵਿੱਚ ਛੋਟੀਆਂ-ਵੱਡੀਆਂ ਜੰਗਾਂ ਹੁੰਦੀਆਂ ਰਹੀਆਂ । ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦਾ ਕਾਰਣ ਅੰਧ-ਰਾਸ਼ਟਰਵਾਦ ਹੀ ਸੀ ਜੋ ਰਾਸ਼ਟਰਾਂ ਦੀ ਆਪਸੀ ਨਫ਼ਰਤ ਦੀ ਜ਼ਮੀਨ ਵਿਚੋਂ ਉਗਿਆ ਜ਼ਹਿਰੀ ਫ਼ਲ ਦੇਣ ਵਾਲਾ ਬੂਟਾ ਸੀ। ਦੂਸਰੇ ਵਿਸ਼ਵ ਯੁੱਧ ਨੂੰ ਰੋਕਣ ਲਈ 1938 ਦੀ ਮਿਊਨਿਖ ਸੰਧੀ ਹੋਈ ਜਿਸ ਨੂੰ ਬਾਅਦ ਵਿੱਚ ਹਿਟਲਰ ਦੇ ਨਾਜ਼ੀਵਾਦ ਨੇ ਤੋੜ ਦਿੱਤਾ। ਨਾਜ਼ੀਵਾਦ ਯਹੂਦੀਆਂ ਦੇ ਖ਼ਿਲਾਫ਼ ਧਾਰਮਿਕ ਨਫ਼ਰਤ ਦੀ ਮਿੱਟੀ ਵਿਚੋਂ ਪੈਦਾ ਹੋਇਆ । ਪੂੰਜੀਵਾਦੀ ਪਸਾਰ ਤੇ ਧਾਰਮਿਕ ਨਫ਼ਰਤ ਨੇ ਸੰਸਾਰ ਨੂੰ ਵਿਸ਼ਵ ਯੁੱਧ ਦੀ ਜੂਹ ਵਿੱਚ ਧੂਹ ਲਿਆਂਦਾ। ਰਾਸ਼ਟਰਵਾਦ ਤੋਂ ਅੰਧ-ਰਾਸ਼ਟਰਵਾਦ ਵੱਲ ਨੂੰ ਹੋਈ ਤਬਦੀਲੀ ਸੰਸਾਰ ਦੀ ਵੱਡੀ ਤਬਾਹੀ ਦਾ ਕਾਰਣ ਬਣੀ। ਇਹ ਪੱਛਮੀ ਰਾਸ਼ਟਰਵਾਦ ਦੀਆਂ ਹੀ ਝਲਕਾਂ ਸਨ। ਭਾਰਤੀ ਰਾਸ਼ਟਰਵਾਦ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਭਾਰਤੀ ਲੋਕਾਂ ਦੀ ਸਾਂਝੀ ਲੜਾਈ ਦੌਰਾਨ ਪਨਪਿਆ ਤੇ ਵਿਕਸਿਤ ਹੋਇਆ। ਮਹਾਤਮਾ ਗਾਂਧੀ ਦੀ ਪ੍ਰੰਪਰਕ ਪ੍ਰਗਤੀਵਾਦੀ ਸੋਚ,ਜਵਾਹਰ ਲਾਲ ਨਹਿਰੂ ਦੀ ਆਧੁਨਿਕ ਸਮਾਜਵਾਦੀ ਸਮਝ ਅਤੇ ਡਾ.ਬੀ.ਆਰ.ਅੰਬੇਡਕਰ ਦੀ ਜਾਤੀਵਾਦ ਦੇ ਖ਼ਾਤਮੇ ਲਈ ਸਮਾਜਿਕ ਨਿਆਂ ਦੀ ਸੂਝ-ਬੂਝ ਨੇ ਭਾਰਤੀ ਰਾਸ਼ਟਰ ਦੇ ਨਿਰਮਾਣ ਵਿੱਚ ਅਹਿਮ ਹਿੱਸਾ ਪਾਇਆ। ਇਸ ਧਾਰਾ ਦੇ ਐਨ ਸੱਜੇ ਪਾਸੇ 1925 ਤੋਂ ਸ਼ੁਰੂ ਹੋਈ ਆਰ.ਐਸ.ਐਸ. ਦਾ ਫ਼ਿਰਕੂ ਦ੍ਰਿਸ਼ਟੀਕੋਣ ਜੋ ਭਾਰਤ ਨੂੰ ਮਨੂੰਵਾਦੀ ਨਜ਼ਰੀਏ ਤੋਂ ਦੇਖਦਾ ਸੀ ਤੇ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਸੀ ਤੇ ਹੈ। ਇਸ ਦੇ ਖੱਬੇ ਪਾਸੇ ਸਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਕ੍ਰਾਂਤੀਕਾਰੀ ਲਹਿਰ ਸੀ ਜੋ ਮਨੁੱਖ ਹੱਥੋਂ ਮਨੁੱਖ ਦੀ ਹੁੰਦੀ ਲੁੱਟ ਨੂੰ ਸਦਾ ਲਈ ਖ਼ਤਮ ਕਰਨ ਵਾਸਤੇ ਆਪਣੇ ਜੀਵਨ ਦੀ ਆਹੂਤੀ ਦਿੰਦੇ ਰਹਿਣ ਵਾਲਾ ਮਾਰਗ ਸੀ। ਕ੍ਰਾਂਤੀ ਦੀ ਬਲਦੀ ਇਹ ਮਿਸਾਲ ਹੁਣ ਤੱਕ ਵੀ ਬਲਦੀ ਆ ਰਹੀ ਹੈ। 1947 ਤੋਂ ਹਾਸਲ ਕੀਤੀ ਆਜ਼ਾਦੀ ਤੋਂ ਬਾਅਦ ਭਾਰਤੀ ਸੰਵਿਧਾਨ ਦੇ ਨਿਰਮਾਣ ਨਾਲ ਭਾਰਤੀ ਰਾਸ਼ਟਰਵਾਦ ਦਾ ਅਸਲੀ ਆਧਾਰ ਤਿਆਰ ਹੋਇਆ। ਪੰਡਿਤ ਜਵਾਹਰ ਲਾਲ ਨਹਿਰੂ,ਡਾ.ਰਾਧਾ ਕ੍ਰਿਸ਼ਨਨ, ਡਾ.ਰਾਜਿੰਦਰ ਪ੍ਰਸਾਦ ਤੇ ਡਾ.ਬੀ.ਆਰ.ਅੰਬੇਡਕਰ ਨੇ ਨਵੇਂ ਭਾਰਤ ਦਾ ਸੁਪਨਾ ਲਿਆ,ਜੋ ਭਾਰਤੀ ਰਾਸ਼ਟਰ ਦੀ ਬੁਨਿਆਦ ਬਣਿਆਂ। ਸੰਸਾਰ ਸਮਾਜਵਾਦੀ ਤੇ ਸਾਮਰਾਜੀ ਕੈਂਪ ਵਿੱਚ ਵੰਡਿਆ ਗਿਆ। ਸ੍ਰੀ ਨਹਿਰੂ ਦੀ ਅਗਵਾਈ ਵਿੱਚ ਭਾਰਤ ਨੇ ਸਮਾਜਵਾਦੀ ਕੈਂਪ ਵੱਲ ਆਪਣਾ ਝੁਕਾਓ ਰੱਖਿਆ ਅਤੇ ਚੀਨ ਨਾਲ ਮਿਲ ਕੇ ਬੁੱਧ ਦੇ ਵਿਚਾਰ ‘ਪੰਚਸ਼ੀਲ’ ਨੂੰ ਆਧਾਰ ਬਣਾ ਕੇ ਮਜ਼ਬੂਤ ਗੁੱਟ-ਨਿਰਲੇਪ ਲਹਿਰ ਨੂੰ ਵੀ ਉਭਾਰਿਆ। ਭਾਰਤੀ ਸੰਵਿਧਾਨ ਜੋ ਭਾਰਤੀ ਰਾਸ਼ਟਰ ਦਾ ਫ਼ਲਸਫ਼ਾ ਹੈ,ਅਸਲੋਂ ਹੀ ਨਵਾਂ ਮਾਨਵੀ ਨਜ਼ਰੀਆ ਹੈ। ਇਸ ਦੀ ਪ੍ਰਸਤਾਵਨਾ ਦੇ ਪਹਿਲੇ ਵਾਕ ਵਿੱਚ ‘ਅਸੀਂ ਭਾਰਤ ਦੇ ਲੋਕ’ ਭਾਰਤ ਦੇ ਵਭਿੰਨ ਵਿਚਾਰਾਂ ਵਾਲੇ ਲੋਕਾਂ ਨੂੰ ਸੰਕੇਤ ਕਰਦਾ ਹੈ। ਇਹ ਅਨੇਕਤਾ ਵਿੱਚ ਏਕਤਾ ਦਾ ਹਾਮੀ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਧਰਮ-ਨਿਰਪੱਖਤਾ, ਸਮਾਜਵਾਦ ਤੇ ਲੋਕਤੰਤਰੀ ਗਣਰਾਜ ਭਾਰਤ ਨੂੰ ਅਨੂਪਮ ਕਿਸਮ ਦਾ ਰਾਸ਼ਟਰ ਬਣਾਉਂਦਾ ਹੈ। ਭਾਰਤ ਵਿੱਚ ਸੰਸਾਰ ਦੇ ਚਾਰ ਵੱਡੇ ਧਰਮ ਹਨ-ਹਿੰਦੂ ਧਰਮ,ਬੁੱਧ ਧਰਮ,ਜੈਨ ਧਰਮ ਅਤੇ ਸਿੱਖ ਧਰਮ। ਇਸਲਾਮ ਅਤੇ ਈਸਾਈ ਧਰਮ ਵੀ ਭਾਰਤ ਦਾ ਸਹਿਜ ਅੰਗ ਬਣੇ ਹੋਏ ਹਨ ਕਿਉਂਕਿ ਇਨ੍ਹਾਂ ਵਿੱਚ ਬਹੁਤਾਤ ਭਾਰਤ ਦੀ ਆਮ ਲੋਕਾਈ ਹੀ ਪ੍ਰਵੇਸ਼ ਹੋਈ ਹੈ। ਪੰਜ ਹਜਾਰ ਸਾਲ ਪਹਿਲਾਂ ਦੇ ਲੰਮੇ ਇਤਿਹਾਸ ਵਿੱਚ 3500 ਵਰ੍ਹੇ ਇਸ ਦੇ ਵੱਖ-ਵੱਖ ਹਿੱਸਿਆਂ ਉਤੇ ਵਿਦੇਸ਼ੀ ਹਕੂਮਤ ਕਰਦੇ ਰਹੇ ਹਨ। ਇਹ ਭਾਰਤੀ ਰਾਸ਼ਟਰ ਦੀ ਹੀ ਮਹਾਨਤਾ ਹੈ ਕਿ ਉਹ (ਆਰੀਆ ਤੋਂ ਅੰਗਰੇਜ਼ਾਂ ਤੱਕ) ਇੱਥੋਂ ਦੀ ਸੱਭਿਅਤਾ ਅਤੇ ਸੱਭਿਆਚਾਰ ਵਿੱਚ ਰਮਦੇ,ਰਸਦੇ ਅਤੇ ਜਜ਼ਬ ਹੁੰਦੇ ਗਏ ਅਤੇ ਇਸੇ ਧਰਤੀ ਦੇ ਜਾਇਆ ਵਾਂਗ ਹੀ ਵਿਚਰਨ ਲੱਗੇ। ਇਸੇ ਧਰਤੀ ਨੂੰ ਧਰਤੀ ਮਾਂ ਕਹਿ ਕੇ ਪੁਕਾਰਦੇ ਰਹੇ। ਭਾਰਤੀ ਰਾਸ਼ਟਰ ਦੀ ਧਰਮ-ਨਿਰਪੱਖਤਾ ਨੇ ਸਭਨਾਂ ਧਰਮਾਂ ਵਾਲਿਆਂ ਨੂੰ ਆਪਣੇ ਧਰਮ ਨੂੰ ਸਮਝਣ,ਪਸਾਰਨ ਤੇ ਉਸਾਰਨ ਦੇ ਬਰਾਬਰ ਮੌਕੇ ਦਿੱਤੇ। ਇਸ ਨੁਕਤੇ ਤੋਂ ਵੱਡੀ ਗੱਲ ਹੈ ਕਿ ਭਾਰਤੀ ਰਾਜ ਦਾ ਕੋਈ ਵੀ ਧਰਮ ਨਹੀਂ। ਰਾਜ ਦੇ ਸਾਹਮਣੇ ਸਾਰੇ ਧਰਮ ਬਰਾਬਰ ਹਨ। ਸੋ, ਭਾਰਤ ਬਹੁ-ਧਰਮੀ ਦੇਸ਼ ਹੈ। ਕਿਸੇ ਇੱਕ ਧਰਮ ਨੂੰ ਸ੍ਰੇਸ਼ਟ ਮੰਨ ਕੇ ਹੋਰਾਂ ’ਤੇ ਉਸ ਨੂੰ ਥੋਪਿਆ ਨਹੀਂ ਜਾ ਸਕਦਾ । ਵਸੂਦੇਵ ਕਟੁੰਬਕਮ (ਪੂਰਾ ਸੰਸਾਰ ਪਰਿਵਾਰ ਹੈ) ਦਾ ਵਿਚਾਰ ਭਾਰਤੀ ਰਾਸ਼ਟਰ ਦੀ ਰੂਹ ਹੈ। ਜੀਓ ਅਤੇ ਜੀਣ ਦਿਉ ਦਾ ਸਿਧਾਂਤ ਭਾਰਤੀ ਏਕਤਾ ਦਾ ਮੂਲ ਸੂਤਰ ਹੈ। ਸਮਾਜਵਾਦ ਵੀ ਭਾਰਤੀ ਰਾਸ਼ਟਰਵਾਦ ਦਾ ਅਹਿਮ ਅੰਗ ਬਣਿਆਂ। ਮੁੱਢਲੇ ਦਿਨਾਂ ਵਿੱਚ ਹੀ ਸ੍ਰੀ ਨਹਿਰੂ ਨੇ ਕਿਹਾ ਸੀ ਕਿ ਭਾਰਤ ਦੀਆਂ ਤੇ ਵਿਸ਼ਵ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਮਾਜਵਾਦ ਹੀ ਹੈ। ਭਾਰਤੀ ਰਾਜ ਨੂੰ ਕਲਿਆਣਕਾਰੀ ਰਾਜ ਕਿਹਾ ਗਿਆ ਹੈ। ਨਿੱਜੀ ਸੈਕਟਰ ਦੇ ਨਾਲ ਨਾਲ ਪਬਲਿਕ ਸੈਕਟਰ ਵੀ ਉਸਾਰਿਆ ਗਿਆ ਤੇ ਭਾਰਤੀ ਰਾਜਿਆਂ ਦੀਆਂ ਰਿਆਸਤਾਂ ਦਾ ਖ਼ਾਤਮਾ ਕਰਕੇ ਅਨੇਕਾਂ ਭੂਮੀ ਸੁਧਾਰ ਕੀਤੇ ਗਏ। ਡਾ.ਅੰਬੇਡਕਰ ਨੇ ਤਾਂ ਭਾਰਤ ਦੀ ਮੁਕੰਮਲ ਤਰੱਕੀ ਲਈ ਭੂਮੀ ਦੇ ਕੌਮੀਕਰਨ ਦਾ ਵਿਚਾਰ ਦਿੱਤਾ ਜਿਸ ਦੇ ਅਧਾਰ ’ਤੇ 18 ਏਕੜ ਜ਼ਮੀਨ ਦੀ ਮਾਲਕੀ ਦੀ ਹੱਦ ਮਿਥੀ ਈ। ਵਾਧੂ ਜ਼ਮੀਨ ਭੂਮੀਹੀਣ ਲੋਕਾਂ ਵਿੱਚ ਵੰਡਣ ਲਈ ਕਿਹਾ ਗਿਆ। ਵੱਡੀਆਂ ਨਿੱਜੀ ਬੈਂਕਾਂ ਦਾ ਕੌਮੀਕਰਨ ਕੀਤਾ ਗਿਆ। ਆਰਥਕ ਬਰਾਬਰੀ ਲਈ ਅਜਿਹੇ ਯਤਨ ਭਾਰਤੀ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਦੇ ਵੱਡੇ ਯਤਨ ਹਨ। ਲੋਕਤੰਤਰ ਭਾਰਤੀ ਰਾਸ਼ਟਰ ਦਾ ਅਤਿਅੰਤ ਅਹਿਮ ਹਿੱਸਾ ਹੈ ਜੋ ਜਾਤੀ ਅਧਾਰ ’ਤੇ ਦਬਾਏ ਤੇ ਲਿਤਾੜੇ ਲੋਕਾਂ ਨੂੰ ਸਾਸ਼ਨ-ਪ੍ਰਸਾਸ਼ਨ ਵਿੱਚ ਹਿੱਸੇਦਾਰ ਬਣਾਉਣ ਦੇ ਰਾਹ ਖੋਲ੍ਹਦਾ ਹੈ। ਅਸਲ ਵਿੱਚ ਲੋਕਤੰਤਰ ਦਾ ਅਰਥ ਬਹੁ ਸੰਖਿਆ ਹੀ ਨਹੀਂ ਸਗੋਂ ਹਰ ਆਖ਼ਰੀ ਬੰਦੇ ਨੂੰ ਬਣਦਾ ਸਥਾਨ ਤੇ ਸਨਮਾਨ ਦੇਣਾ ਹੀ ਇਸਦਾ ਨਿਸ਼ਾਨਾ ਹੈ। ਸਦੀਆਂ ਤੋਂ ਪੀੜਤ ਸ਼ੂਦਰ ਜਾਤੀਆਂ ਨੂੰ ਰਾਖਵਾਂਕਰਨ ਦੇ ਕੇ ਦੇਸ਼ ਦੇ ਨਿਰਮਾਣ ਵਿੱਚ ਬਰਾਬਰ ਦੇ ਭਾਗੀਦਾਰ ਬਣਨ ਦਾ ਰਾਹ ਖੋਲਿਆ ਗਿਆ। ਪਿਛਲੇ ਸਮਿਆਂ ਤੋਂ ਆਰ.ਐਸ.ਐਸ. ਦੀ ਵਿਚਾਰਧਾਰਾ ਵਿਚੋਂ ਉਤਪੰਨ ਹੋਈ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਅਨੇਕਤਾ ਨੂੰ ਤਿਲਾਂਜਲੀ ਦੇ ਕੇ ਆਪਣੇ ਹੀ ਭਗਵੇਂ ਰੰਗ ਵਿੱਚ ਰੰਗਣ ਦਾ ਕੰਮ ਤੇਜ਼ ਕਰ ਦਿੱਤਾ ਹੈ। ਸੰਘ ਪਰਿਵਾਰ ਦੀ ਵਿਚਾਰਧਾਰਾ ਵਿਚੋਂ ਹੀ ‘ਹਿੰਦੂ ਰਾਸ਼ਟਰ’ਦੇ ਸੰਕਲਪ ਨੇ ਜਨਮ ਲਿਆ ਹੈ ਜੋ ਧਰਮ ਨਿਰਪੱਖਤਾ ਦੀ ਥਾਂ ਹਿੰਦੂ ਧਰਮ ਦੀ ਸ੍ਰੇਸ਼ਟਤਾ ਨੂੰ ਸਭਨਾਂ ਭਾਰਤੀਆਂ ਉਤੇ ਥੋਪਣਾ ਚਾਹੁੰਦੀ ਹੈ। ਇਹ ਨਾਜ਼ੀਵਾਦ ਦਾ ਹੀ ਭਾਰਤੀ ਰੂਪ ਹੈ। ਧਾਰਮਿਕ ਕੱਟੜਤਾ ਕਿਸੇ ਵੀ ਧਰਮ ਦੀ ਹੋਵੇ,ਉਹ ਉਸ ਲਈ ਵੀ ਅਤੇ ਸਮੁੱਚੇ ਸਮਾਜ ਲਈ ਵੀ ਨੁਕਸਾਨਦੇਹ ਹੁੰਦੀ ਹੈ। ਹਿੰਦੂ ਰਾਸ਼ਟਰ ਦਾ ਫ਼ਲਸਫ਼ਾ ‘ਮੰਨੂੰ ਸ੍ਰਿਮਤੀ’ ਹੈ ਜੋ ਭਾਰਤੀ ਵਸੋਂ ਨੂੰ ਅਨੇਕ ਜਾਤੀਆਂ ਵਿੱਚ ਵੰਡਦੀ ਹੈ। ਹਿੰਦੂ ਰਾਸ਼ਟਰ ਦਾ ਮਤਲਬ ਹੈ ਕਿ ਭਾਰਤ ਦੀ 90 ਪ੍ਰਤੀਸ਼ਤ ਵਸੋਂ ’ਤੇ 10 ਪ੍ਰਤੀਸ਼ਤ ਲੋਕਾਂ ਦੀ ਹਕੂਮਤ। ਇਸੇ ਲਈ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਨੂੰ ਨਾਇਕ ਦੇ ਤੌਰ ’ਤੇ ਉਭਾਰਿਆ ਜਾ ਰਿਹਾ ਹੈ ਅਤੇ ਉਸ ਦੀ ਪੂਜਾ ਲਈ ਹਿੰਦੂ ਮਹਾਂ ਸਭਾ ਨਾਂ ਦੀ ਇੱਕ ਜਥੇਬੰਦੀ ਨੇ ਗਵਾਲੀਅਰ ਵਿੱਚ ਮੰਦਰ ਦੀ ਉਸਾਰੀ ਕੀਤੀ ਹੈ ਜਿਸਦੇ ਨੀਂਹ ਪੱਥਰ ਉਤੇ ਹੀ ‘ਹਿੰਦੂ ਰਾਸ਼ਟਰ’ ਸ਼ਬਦ ਲਿਖਿਆ ਗਿਆ ਹੈ। ਇਹ ਸੱਤਾ ਹਾਸਿਲ ਕਰਲ ਲਈ ਗਲਤ ਰਾਹ ਹੈ। ਕਈ ਵਾਰ ਅਜਿਹੀ ਸੱਤਾ ਦੀ ਹਵਸ ਹਿੰਸਾ ਨੂੰ ਜਨਮ ਦਿੰਦੀ ਹੈ।
ਭਾਰਤ ਨੂੰ ਸ਼ਕਤੀਸ਼ਾਲੀ ਤੇ ਖ਼ੁਸ਼ਹਾਲ ਬਣਾਉਣ ਲਈ ਅਤੇ ਇਸ ਦੇ ਲੋਕਤੰਤਰੀ ਗਣਰਾਜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਨਾ ਪੱਛਮੀ ਰਾਸ਼ਟਰਵਾਦ ਤੇ ਨਾ ਹੀ ਹਿੰਦੂ ਰਾਸ਼ਟਰਵਾਦ ਢੁਕਵਾਂ ਹੈ ਸਗੋਂ ਸਿਰਫ਼ ਭਾਰਤੀ ਰਾਸ਼ਟਰਵਾਦ ਹੀ ਢੁਕਵਾਂ ਹੈ,ਜਿਸ ਦੀਆਂ ਜੜ੍ਹਾਂ ਭਾਰਤੀ ਸਭਿਆਚਾਰਕ ਵਿਰਸੇ ਵਿੱਚ ਲੱਗੀਆਂ ਹੋਈਆਂ ਹਨ,ਜਿਸ ਨੂੰ ਆਧੁਨਿਕ ਸੋਚ ਨੇ ਸਿੰਜਿਆ ਹੈ ਤੇ ਜਿਸ ਨੂੰ ਸਮਾਜਿਕ ਨਿਆਂ ਦੀ ਸਮਝ ਨੇ ਪਾਲਿਆ-ਪੋਸਿਆ ਹੈ। ਭਾਰਤੀ ਰਾਸ਼ਟਰਵਾਦ ਹੀ ਧਾਰਮਿਕ ਸਹਿਣਸ਼ੀਲਤਾ,ਸਮਾਜਿਕ ਨਿਆਂ,ਆਰਥਿਕ ਬਰਾਬਰੀ,ਦੇਸ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਇੱਕ ਜਿਊਂਦੀ ਤਾਕਤ ਹੈ। ਭਗਵਤ ਗੀਤਾ,ਬੁੱਧ-ਵਿਚਾਰ,ਭਗਤੀ ਧਾਰਾ,ਨਾਨਕ ਮਾਰਗ ਤੇ ਮੁਹੰਮਦੀ ਲੋਅ ਭਾਰਤੀ ਰਾਸ਼ਟਰ ਦੀਆਂ ਨਾੜਾਂ ਵਿੱਚ ਵਗਦੇ ਲਹੂ ਵਿੱਚ ਘੁਲੀ ਹੋਈ ਹੈ। ਧਾਰਮਿਕ ਬਹੁ ਗਿਣਤੀ ਹਮੇਸ਼ਾ ਘੱਟ ਗਿਣਤੀਆਂ ਲਈ ਮਾਨਸਿਕ ਤਸ਼ੱਦਦ ਦਾ ਕਾਰਣ ਬਣਦੀ ਹੈ। ਇਸ ਦੇ ਮੁਕਾਬਲੇ ਵਿਭਿੰਨਤਾਵਾਂ ਵਿੱਚ ਮੁਹੱਬਤ ਦੀ ਧਾਰਾ ਵੱਖਰੇ ਰੰਗਾਂ ਦਾ ਅਨੂਠਾ ਗੁਲਦਸਤਾ ਸਿਰਜਦੀ ਹੈ। ਇਹ ਇਕਸੁਰ ਤੇ ਇਕਸਾਰ ਬਹੁਲਤਾ ਹੀ ਭਾਰਤੀ ਰਾਸ਼ਟਰ ਦੀ ਮੁੱਖ ਪਛਾਣ ਅਤੇ ਇਸ ਦੀ ਜਿਊਂਦੀ ਜਾਗਦੀ ਆਤਮਾ ਹੈ।

Send this to a friend