ਲੰਡਨ, 12 ਸਤੰਬਰ- ਆਰਥਿਕ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬੁਧਵਾਰ ਨੂੰ ਵਡਾ ਦਾਅਵਾ ਕੀਤਾ ਹੈ ਕਿ ਮੈਂ ਭਾਰਤ ਛਡਣ ਤੋਂ ਪਹਿਲਾਂ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲਿਆ ਸੀ।ਲੰਡਨ ‘ਚ ਵੈਸਟਮਿੰਸਟਰ ਮੈਜੀਸਟਰੇਟ ਦੀ ਅਦਾਲਤ ਬਾਹਰ ਉਨ੍ਹਾਂ ਨੇ ਆਖਿਆ ਕਿ ਮੈਂ ਪੂਰੇ ਮਾਮਲੇ ਨੂੰ ਹਲ ਕਰਨ ਲਈ ਭਾਰਤ ਛਡਣ ਤੋਂ ਪਹਿਲਾਂ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਬੈਂਕ ਨੇ ਸਾਡੀ ਸੈਂਟਲਮੈਂਟ ਲੈਟਰ ’ਤੇ ਇਤਰਾਜ਼ ਜ਼ਾਹਿਰ ਕੀਤਾ ਸੀ।ਮਾਲਿਆ ਨੇ ਆਖਿਆ ਕਿ ਆਈ. ਡੀ. ਬੀ. ਆਈ. ਬੈਂਕ ਦੇ ਅਧਿਕਾਰੀ ਕਿੰਗਫੀਸ਼ਰ ਨੂੰ ਹੋਏ ਘਾਟੇ ਤੋਂ ਚੰਗੀ ਤਰ੍ਹਾਂ ਜਾਣੂ ਸਨ।ਬੈਂਕ ਅਧਿਕਾਰੀਆਂ ਦੀ ਈ-ਮੇਲ ਤੋਂ ਇਹ ਗਲ ਸਾਬਤ ਹੁੰਦੀ ਹੈ।ਅਜਿਹੇ ’ਚ ਸਰਕਾਰ ਨੇ ਉਸ ‘ਤੇ ਕੰਪਨੀ ਨੂੰ ਹੋਏ ਘਾਟੇ ਨੂੰ ਲੁਕਾਉਣ ਦਾ ਜੋ ਦੋਸ਼ ਲਾਇਆ ਹੈ, ਉਹ ਆਧਾਰਹੀਨ ਹਨ। ਮਾਲਿਆ ਤੋਂ ਜਦੋਂ ਵੈਸਟਮਿੰਸਟਰ ਕੋਰਟ ‘ਚੋਂ ਬਾਹਰ ਆਉਣ ‘ਤੇ ਪੁਛਿਆ ਗਿਆ ਕਿ ਕੀ ਕੋਰਟ ਨੂੰ ਇਸ ਗਲ ਦਾ ਯਕੀਨ ਹੋ ਗਿਆ ਹੈ ਕਿ ਉਨ੍ਹਾਂ ਕੋਲ ਇੰਨੇ ਸਰੋਤ ਹਨ ਕਿ ਉਹ ਆਪਣੇ ਵਾਅਦੇ ਮੁਤਾਬਕ ਭੁਗਤਾਨ ਕਰ ਸਕਣਗੇ।ਵਿਜੇ ਮਾਲਿਆ ਨੇ ਜਵਾਬ ‘ਚ ਕਿਹਾ ਕਿ ਦੇਖੋ ਇਹ ਜ਼ਾਹਿਰ ਹੈ ਇਸ ਲਈ ਸੈਂਟਲਮੈਂਟ ਦੀ ਪੇਸ਼ਕਸ਼ ਕੀਤੀ ਗਈ ਹੈ।ਮਾਰਚ 2016 ‘ਚ ਉਹ ਵਿਦੇਸ਼ ਭਜ ਗਿਆ ਸੀ ਅਤੇ ਉਦੋਂ ਤੋਂ ਉਹ ਲੰਡਨ ‘ਚ ਹੀ ਹੈ। ਭਾਰਤ ‘ਚ ਉਸ ਖਿਲਾਫ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਦੇ ਤਹਿਤ ਮਾਮਲਾ ਚਲ ਰਿਹਾ ਹੈ। ਮੁੰਬਈ ਸਥਿਤ ਵਿਸ਼ੇਸ਼ ਅਦਾਲਤ ਨੇ ਇਨਫੋਰਸਮੈਂਟ ਡਾਇਰਕਟੋਰੈਟ (ਈ. ਡੀ.) ਦੀ ਪਟੀਸ਼ਨ ‘ਤੇ ਮਾਲਿਆ ਤੋਂ 24 ਸਤੰਬਰ ਤਕ ਜਵਾਬ ਮੰਗਿਆ ਹੈ।