ਚੰਡੀਗੜ੍ਹ, 31 ਅਗਸਤ- ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਇੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਫੋਟੋ ਵੋਟਰ ਸੂਚੀਆਂ ਦੀ ਸੂਧਾਈ ਸਬੰਧੀ ਸ਼ੁਰੂ ਹੋਣ ਜਾ ਰਹੀ ਮੁਹਿੰਮ ਬਾਰੇ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਪੰਜਾਬ ਸਟੇਟ ਕਮਿਊਨਿਸਟ ਪਾਰਟੀ ਆਫ ਇੰਡੀਆ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਈ.ਉ. ਡਾ. ਰਾਜੂ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਵੋਟਰ ਸੂਚੀਆਂ ਵਿਚੋਂ ਦੋਹਰੇ ਇੰਦਰਾਜ ਜਾਂ ਦੋ ਬਾਰ ਦਰਜ ਹੋਏ ਵੇਰਵਿਆਂ ਨੂੰ ਕੱਟਣਾ, ਪੱਕੇ ਤੌਰ ਤੇ ਰਿਹਾਇਸ਼ ਬਦਲਣ ਵਾਲੇ ਅਤੇ ਮਰ ਚੁੱਕੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਇਸ ਮੁਹਿੰਮ ਦੌਰਾਨ ਕਲਾ, ਸੱਭਿਆਚਾਰ, ਪੱਤਰਕਾਰੀ, ਖੇਡਾਂ, ਨਿਆਪਾਲਿਕਾ ਅਤੇ ਜਨ ਸੇਵਾਵਾਂ ਦੇ ਖੇਤਰ ਦੀਆਂ ਉਘੀਆਂ ਸ਼ਖਸੀਅਤਾਂ ਦੇ ਨਾਵਾਂ ਨੂੰ ਵੋਟਰ ਸੂਚੀਆਂ ਵਿੱਚ ਪ੍ਰਭਾਵੀ ਢੰਗ ਨਾਲ ਦਰਜ ਕਰਨਾ, ਦਿਵਿਆਗ ਵੋਟਰਾਂ ਦੇ ਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਦਰਜ ਕਰਨ ਦਾ ਕੰਮ ਵੀ ਕੀਤਾ ਜਾਵੇਗਾ।ਡਾ ਰਾਜੂ ਨੇ ਕਿਹਾ ਕਿ ਇਸ ਮੁਹਿੰਮ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਅਤੇ ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ। ਉਨਾਂ ਦੱਸਿਆ ਕਿ 20-01-2019 ਨੂੰ ਵੋਟਰ ਬਨਣ ਵਾਲੇ ਨੌਜਵਾਨ ਵੋਟਰਾਂ ਦੇ ਇਲੈਟੋਰਲ ਫੋਟੋ ਆਈਡੈਟਿਟੀ ਕਾਰਡ ਤਿਆਰ ਕਰਕੇ ਬੀ.ਐਲ.ਉ./ਈ.ਆਰ.ਉ./ ਡੀ.ਈ.ਉ ਨੂੰ 22-01-2019 ਨੂੰ ਸੌਪ ਦਿੱਤੇ ਜਾਣਗੇ।