ਪੰਜਾਬ ਦੇ ਬਹੁਤੇ ਸਿੱਖ ਸਿਆਸਤਦਾਨਾਂ ਨੇ ਸਭ ਤੋਂ ਪਹਿਲਾਂ ਅਕਾਲੀ ਦਲ ਵਿਚੋਂ ਸਿਆਸਤ ਦੀ ਗੁੜ੍ਹਤੀ ਲੈ ਕੇ ਸਿਆਸੀ ਦਾਅ ਪੇਚਾਂ ਦੀ ਸਿਖਿਆ ਪ੍ਰਾਪਤ ਕੀਤੀ ਹੈ, ਉਸ ਤੋਂ ਬਾਅਦ ਜਦੋਂ ਉਹ ਸਿਆਸਤ ਵਿਚ ਮਾਹਿਰ ਹੋ ਜਾਂਦੇ ਰਹੇ ਤਾਂ ਕਾਂਗਰਸ ਪਾਰਟੀ ਦਾ ਪੱਲਾ ਫੜ੍ਹਦੇ ਰਹੇ ਹਨ। ਜਾਣੀ ਕਿ ਅਕਾਲੀ ਦਲ ਨੂੰ ਸਿਆਸਤ ਦੀ ਪੌੜੀ ਦੇ ਤੌਰ ਤੇ ਵਰਤਦੇ ਰਹੇ। ਅਜਿਹੇ ਸਿਆਸਤਦਾਨਾਂ ਵਿਚ ਹੁਕਮ ਸਿੰਘ ਦਾ ਨਾਂ ਵੀ ਸ਼ਾਮਲ ਹੈ, ਜਿਹੜੇ ਅਕਾਲੀ ਦਲ ਰਾਹੀਂ ਕਾਂਗਰਸ ਪਾਰਟੀ ਵਿਚ ਪਹੁੰਚਕੇ ਲੋਕ ਸਭਾ ਦੇ ਸਪੀਕਰ ਬਣੇ। ਆਪ ਅਕਾਲੀ ਦਲ ਵੱਲੋਂ 1948 ਵਿਚ ਸੰਵਿਧਾਨਿਕ ਅਸੈਂਬਲੀ ਦੇ ਮੈਂਬਰ ਚੁਣੇ ਗਏ ਸਨ। ਸਿੱਖ ਬੁੱਧੀਜਵੀ ਅਤੇ ਸੁਤੰਤਰਤਾ ਸੰਗਰਾਮੀ ਸਿਆਸਤਦਾਨ ਹੁਕਮ ਸਿੰਘ ਨੇ ਸਿੱਖ ਹਿੱਤਾਂ ਦੀ ਰੱਖਿਆ ਵਿਚ ਆਪਣਾ ਯੋਗਦਾਨ ਪਾਉਣ ਦੀ ਕੋਸਿਸ਼ ਕੀਤੀ ਪ੍ਰੰਤੂ ਸੰਵਿਧਨ ਕਮੇਟੀ ਨੇ ਉਨ੍ਹਾਂ ਦੀ ਇਕ ਨਾ ਮੰਨੀ, ਜਿਸਦੇ ਵਿਰੋਧ ਵਿਚ ਆਪਨੇ ਭਾਰਤੀ ਸੰਵਿਧਾਨ ਦੇ ਖਰੜੇ ਦੀ ਪ੍ਰਵਾਨਗੀ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਹੁਕਮ ਸਿੰਘ ਅਜਿਹਾ ਸਿਆਸਤਦਾਨ ਸੀ, ਜਿਹੜਾ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਲੋਕ ਸਭਾ ਦਾ ਡਿਪਟੀ ਸਪੀਕਰ ਰਿਹਾ। ਉਸ ਤੋਂ ਬਾਅਦ ਕਾਂਗਰਸ ਵਿਚ ਸ਼ਾਮਲ ਹੋ ਗਿਆ ਅਤੇ ਕਾਂਗਰਸ ਪਾਰਟੀ ਵਿਚ ਵੀ ਲੋਕ ਸਭਾ ਦਾ ਸਪੀਕਰ ਬਣਿਆਂ। ਹੁਕਮ ਸਿੰਘ ਦਾ ਜਨਮ 30 ਅਗਸਤ 1895 ਨੂੰ ਸਾਹੀਵਾਲ ਜਿਲ੍ਹੇ ਵਿਚ ਮਿੰਟਗੁਮਰੀ ਵਿਖੇ ਸ਼ਾਮ ਸਿੰਘ ਦੇ ਘਰ ਹੋਇਆ। ਸ਼ਾਮ ਸਿੰਘ ਇੱਕ ਪੜ੍ਹਿਆ ਲਿਖਿਆ ਖਾਨਦਾਨੀ ਵਿਓਪਾਰੀ ਸੀ। ਆਪ ਨੇ ਦਸਵੀਂ ਮਿੰਟਗੁਮਰੀ ਹਾਈ ਸਕੂਲ ਤੋਂ 1913 ਵਿਚ ਪਾਸ ਕੀਤੀ ਅਤੇ ਗ੍ਰੈਜੂਏਸ਼ਨ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1917 ਵਿਚ ਕੀਤੀ। ਇਸ ਤੋਂ ਬਾਅਦ ਕਾਨੂੰਨ ਦੀ ਡਿਗਰੀ 1921 ਵਿਚ ਲਾਅ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਆਪਣੀ ਵਕਾਲਤ ਦੀ ਪ੍ਰੈਕਟਿਸ ਵੀ ਮਿੰਟਗੁਮਰੀ ਤੋਂ ਹੀ ਸ਼ੁਰੂ ਕੀਤੀ। ਹੁਕਮ ਸਿੰਘ ਇੱਕ ਪੂਰਨ ਗੁਰਸਿੱਖ ਅਤੇ ਧਾਰਮਿਕ ਖਿਆਲਾਂ ਵਾਲੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ੍ਯਿੲਸ ਲਈ ਉਨ੍ਹਾਂ ਅਕਤੂਬਰ 1923 ਤਂੋ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਇਸ ਕਰਕੇ ਉਨ੍ਹਾਂ ਨੂੰ 7 ਜਨਵਰੀ 1924 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੋ ਸਾਲ ਦੀ ਸਜਾ ਹੋ ਗਈ। 1925 ਦਾ ਗੁਰਦੁਆਰਾ ਐਕਟ ਬਣਨ ਤੇ ਆਪ ਨੇ ਪਹਿਲੀ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਆਪ ਕਾਫੀ ਲੰਮਾ ਸਮਾ ਐਸ.ਜੀ.ਪੀ.ਸੀ ਦੇ ਮੈਂਬਰ ਰਹੇ। ਜਦੋਂ ਸਾਈਮਨ ਕਮਿਸ਼ਨ ਪੰਜਾਬ ਆਇਆ ਤਾਂ ਉਸ ਦੇ ਵਿਰੋਧ ਵਿਚ ਹੋਏ ਅੰਦੋਲਨ ਵਿਚ ਆਪ ਨੇ ਵਧ ਚੜ੍ਹਕੇ ਹਿੱਸਾ ਲਿਆ ਅਤੇ ਆਪ ਜਖ਼ਮੀ ਹੋ ਗਏ। ਫਿਰ ਆਪ ਨੂੰ 1928 ਵਿਚ ਗ੍ਰਿਫ਼ਤਾਰ ਕਰਕੇ ਮਿੰਟਗੁਮਰੀ ਜੇਲ੍ਹ ਵਿਚ ਭੇਜ ਦਿਤਾ ਗਿਆ। ਆਪ ਗੁਰਦੁਆਰਾ ਸ੍ਰੀ ਸਿੰਘ ਸਭਾ ਮਿੰਟਗੁਮਰੀ ਦੇ ਤਿੰਨ ਸਾਲ ਪ੍ਰਧਾਨ ਵੀ ਰਹੇ। ਦੇਸ਼ ਦੀ ਵੰਡ ਸਮੇਂ ਹੋਏ ਸਿਖਾਂ ਦੇ ਕਤਲੇਆਮ ਸਮੇਂ ਆਪ ਨੇ ਬਹੁਤ ਸਾਰੇ ਸਿਖਾਂ ਨੂੰ ਬਚਾਇਆ ਅਤੇ ਇਸ ਸਮੇਂ ਆਪ ਆਪਣੇ ਪਰਿਵਾਰ ਨਾਲੋਂ ਵਿਛੜ ਗਏ। ਆਪ ਨੂੰ ਗੁਰਦੁਆਰਾ ਸਿੰਘ ਸਭਾ ਮਿੰਟਗੁਮਰੀ ਵਿਚ ਹੀ ਸ਼ਰਨ ਲੈਣੀ ਪਈ। ਫੌਜ ਆਪ ਨੂੰ ਉਥੋਂ ਕੱਢਕੇ ਫੀਰੋਜਪੁਰ ਛਾਉਣੀ ਵਿਚ ਲੈ ਆਈ। ਆਪਣੇ ਵਿਛੜੇ ਪਰਿਵਾਰ ਦੀ ਭਾਲ ਕਰਦਿਆਂ ਆਪ ਜ¦ਧਰ ਆ ਗਏ। ਏਥੇ ਹੀ ਆਪ ਦੇ ਪਰਿਵਾਰ ਨਾਲ ਆਪ ਦਾ ਮਿਲਾਪ ਹੋ ਗਿਆ। ਆਪ ਭਾਵੇਂ ਸ਼ਰਨਾਰਥੀ ਸੀ ਪ੍ਰੰਤੂ ਫਿਰ ਵੀ ਪੜ੍ਹੇ ਲਿਖੇ ਹੋਣ ਕਰਕੇ ਸ਼ਰਨਾਰਥੀਆਂ ਦੇ ਮੁੜ ਵਸੇਬੇ ਵਿਚ ਮਹੱਤਵਪੂਰਨ ਕੰਮ ਕੀਤਾ। ਇਥੇ ਹੀ ਆਪ ਦਾ ਸਿੱਖ ਸਿਆਸਤ ਦੇ ਧੁਰੰਦਰ ਗਿਆਨੀ ਕਰਤਾਰ ਸਿੰਘ ਨਾਲ ਮੇਲ ਹੋਇਆ। ਆਪ ਦੀ ਸਿਖ ਸੰਗਤ ਦੀ ਸੇਵਾ ਨੂੰ ਮੁੱਖ ਰੱਖਦਿਆਂ ਗਿਆਨੀ ਕਰਤਾਰ ਸਿੰਘ ਨੇ ਮਹਾਰਾਜਾ ਕਪੂਰਥਲਾ ਕੋਲ ਆਪਨੂੰ ਜੱਜ ਬਣਾਉਣ ਦੀ ਸ਼ਿਫਾਰਸ਼ ਕਰ ਦਿੱਤੀ। ਥੋੜ੍ਹੀ ਬਹੁਤੀ ਆਨਾ ਕਾਨੀ ਕਰਨ ਤੋਂ ਬਾਅਦ ਮਹਾਰਾਜਾ ਕਪੂਰਥਲਾ ਨੇ ਆਪ ਨੂੰ ਹਾਈ ਕੋਰਟ ਦਾ ਜੱਜ ਬਣਾ ਦਿੱਤਾ। ਹਾਈ ਕੋਰਟ ਦਾ ਜੱਜ ਹੁੰਦਿਆਂ ਆਪਨੇ ਅਕਾਲੀ ਦਲ ਦੀ ਸਿਆਸਤ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਫਿਰ ਆਪ ਨੇ ਹਾਈ ਕੋਰਟ ਦੇ ਜੱਜ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ਰੋਮਣੀ ਅਕਾਲੀ ਦਲ ਵਲੋਂ 30 ਅਪ੍ਰੈਲ 1948 ਨੂੰ ਭਾਰਤ ਦੀ ਕਾਨਸਟੀਚਿਊਸ਼ਨਲ ਅਸੈਂਬਲੀ ਦੀ ਚੋਣ ਵਿਚ ਮੈਂਬਰ ਚੁਣੇ ਗਏ। ਆਪ ਤਿੰਨ ਸਾਲ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਆਪਨੇ ਸਿੱਖ ਸਿਆਸਤ ਨੂੰ ਨਵੀਂ ਸੇਧ ਦਿੱਤੀ। ਆਪ 1950 ਤੋਂ 52 ਤੱਕ ਦੋ ਸਾਲ ਪ੍ਰੋਵੀਜਨਲ ਸੰਸਦ ਦੇ ਮੈਂਬਰ ਵੀ ਰਹੇ। ਆਪ ਨੂੰ ਪ੍ਰੋਵੀਜਨਲ ਸੰਸਦ ਦੇ ਸਪੀਕਰ ਦੇ ਪੈਨਲ ਦਾ ਮੈਂਬਰ ਬਣਾਇਆ ਗਿਆ। 20 ਮਾਰਚ 1956 ਨੂੰ ਅਕਾਲੀ ਦਲ ਵਿਰੋਧੀ ਪਾਰਟੀ ਵਿਚ ਹੁੰਦੇ ਹੋਏ ਵੀ ਆਪਦੀ ਲਿਆਕਤ ਅਤੇ ਸੰਵਿਧਾਨਿਕ ਮਸਲਿਆਂ ਦੀ ਸੂਝ ਬੂਝ ਕਰਕੇ ਆਪ ਨੂੰ ਲੋਕ ਸਭਾ ਦੇ ਡਿਪਟੀ ਸਪੀਕਰ ਚੁਣਿਆਂ ਗਿਆ। ਆਪ ਭਾਵੇਂ ਕਾਨਸਟੀਚਿਊਸ਼ਨਲ ਕਮੇਟੀ ਦੇ ਮੈਂਬਰ ਸਨ ਪ੍ਰੰਤੂ ਸੰਵਿਧਾਨ ਦੇ ਖਰੜੇ ਤੇ ਦਸਤਖਤ ਕਰਨ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਇਹ ਸੰਵਿਧਾਨ ਸਿਖਾਂ ਦੇ ਹਿਤਾਂ ਦੀ ਰੱਖਿਆ ਨਹੀਂ ਕਰਦਾ। ਪਹਿਲੀ ਲੋਕ ਸਭਾ ਲਈ ਉਹ ਅਕਾਲੀ ਦਲ ਦੇ ਟਿਕਟ ਤੇ ਕਪੂਰਥਲਾ ਬਠਿੰਡਾ ਦੋਹਰੇ ਹਲਕੇ ਤੋਂ ਪੈਪਸੂ ਵਿਚੋਂ ਚੁਣੇ ਗਏ ਸਨ। ਆਪ ਸ਼ਾਮਾ ਪ੍ਰਸ਼ਾਦ ਮੁਕਰਜੀ ਦੀ ਪ੍ਰਧਾਨਗੀ ਵਿਚ ਨੈਸ਼ਨਲ ਡੈਮੋਕਰੈਟਿਕ ਪਾਰਟੀ ਦਾ ਸਕੱਤਰ ਵੀ ਬਣ ਗਏ ਪ੍ਰੰਤੂ ਥੋੜ੍ਹੀ ਦੇਰ ਬਾਅਦ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਆਪਨੂੰ ਅਕਾਲੀ ਦਲ ਦੀ ਸਿਆਸਤ ਰਾਸ ਨਹੀਂ ਆਈ। ਦੂਜੀਆਂ ਲੋਕ ਸਭਾ ਚੋਣਾਂ ਵਿਚ ਆਪ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਜਿੱਤਕੇ ਲੋਕ ਸਭਾ ਦੇ ਦੁਬਾਰਾ ਡਿਪਟੀ ਸਪੀਕਰ ਚੁਣੇ ਗਏ। ਤੀਜੀ ਵਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਅਤੇ 17 ਅਪ੍ਰੈਲ 1962 ਨੂੰ ਲੋਕ ਸਭਾ ਦੇ ਸਪੀਕਰ ਚੁਣੇ ਗਏ। ਆਪ 16 ਮਾਰਚ 1967 ਤੱਕ ਇਸ ਅਹੁਦੇ ਤੇ ਰਹੇ। ਹੁਕਮ ਸਿੰਘ ਨੇ ਸਪੀਕਰ ਦੇ ਅਹੁਦੇ ਦੀ ਪੂਰੀ ਮਾਣ ਮਰਿਆਦਾ ਕਾਇਮ ਹੀ ਨਹੀਂ ਰੱਖੀ ਸਗੋਂ ਹਾਊਸ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਇਆ ਅਤੇ ਅਨੁਸ਼ਾਸ਼ਨ ਬਣਾਈ ਰੱਖਿਆ। ਕਿਸੇ ਵੀ ਮੈਂਬਰ ਦੀ ਉਚਾ ਨੀਵਾਂ ਬੋਲਣ ਜਾਂ ਕੁਤਾਹੀ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ। ਜੇਕਰ ਕੋਈ ਮੈਂਬਰ ਸਪੀਕਰ ਦੀ ਇਜ਼ਾਜਤ ਤੋਂ ਬਿਨਾ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਮੁੜ ਕਦੀਂ ਹਾਊਸ ਵਿਚ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਤੋਂ ਬਾਅਦ ਕੋਈ ਵੀ ਲੋਕ ਸਭਾ ਦਾ ਸਪੀਕਰ ਮੈਂਬਰਾਂ ਨੂੰ ਕਾਬੂ ਰੱਖਣ ਵਿਚ ਬਹੁਤਾ ਸਫਲ ਨਹੀਂ ਹੋਇਆ। ਜਦੋਂ ਚੀਨ ਨਾਲ ਭਾਰਤ ਦੀ ਲੜਾਈ ਹੋਈ ਤਾਂ ਡਿਫੈਂਸ ਆਫ ਇੰਡੀਆ ਐਕਟ ਆਪ ਨੇ ਪਾਸ ਕਰਵਾਇਆ। ਪੰਜਾਬੀ ਸੂਬਾ ਬਣਾਉਣ ਲਈ 1965 ਵਿਚ ਬਣਾਈ ਲੋਕ ਸਭਾ ਦੀ ਕਮੇਟੀ ਦੇ ਆਪ ਚੇਅਰਮੈਨ ਸਨ। ਆਪ ਕੇਂਦਰੀ ਸਿੰਘ ਸਭਾ ਦੇ ਉਮਰ ਭਰ ਚੇਅਰਮੈਨ ਰਹੇ। ਅੰਗਰੇਜ਼ੀ ਦੇ ਅਖ਼ਬਾਰ ਸਪੋਕਸਮੈਨ ਦੇ ਵੀ ਆਪ ਸੰਪਾਦਕ ਰਹੇ। ਆਪ ਨੇ ਅੰਗਰੇਜ਼ੀ ਵਿਚ ਦੋ ਕਿਤਾਬਾਂ ‘ਸਿੱਖ ਕਾਜ’ ਅਤ ੇ‘ਦਾ ਪ੍ਰਾਬਲਮਜ਼ ਆਫ਼ ਸਿਖਸ’ ਲਿਖੀਆਂ। ਆਪ 16 ਅਪ੍ਰੈਲ 1967 ਤੋਂ 1972 ਤੱਕ ਰਾਜਸਥਾਨ ਦੇ ਰਾਜਪਾਲ ਰਹੇ। ਆਪ 27 ਮਈ 1983 ਨੂੰ ਸਵਰਗ ਸਿਧਾਰ ਗਏ।