April 29, 2026 11:42 pm

ਮਨਦੀਪ ਸਿੰਘ ਸੰਧੂ ਨੇ ਪਾਰਦਰਸ਼ਿਤਾ ਤੇ ਜਵਾਬਦੇਹੀ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਚੁੱਕੀ ਸਹੁੰ

ਚੰਡੀਗੜ੍ਹ, 23 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਮਨਦੀਪ ਸਿੰਘ ਸੰਧੂ ਨੂੰ ਰਾਜ ਦੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਕਮਿਸ਼ਨ ਦੇ ਮੁੱਖ ਕਮਿਸ਼ਨਰ ਵਜੋਂ ਸਹੁੰ ਚੁਕਾਈ। ਪੰਜਾਬ ਦੇ ਸਾਬਕਾ ਵਧੀਕ ਮੁੱਖ ਸਕੱਤਰ ਮਨਦੀਪ ਸਿੰਘ ਸੰਧੂ ਦੀ ਇਹ ਨਿਯੁਕਤੀ ਨਾਗਰਿਕ ਸੇਵਾਵਾਂ ਹੋਰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤੀ ਗਈ ਹੈ ਜਿਸ ਨਾਲ ਪ੍ਰਸ਼ਾਸਨਿਕ ਸੁਧਾਰਾਂ ਨੂੰ ਵੀ ਹੋਰ ਬਲ ਮਿਲੇਗਾ। ਵਧੀਕ ਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਐਨ.ਐਸ. ਕਲਸੀ ਨੇ ਸਹੁੰ ਚੁੱਕਣ ਸਬੰਧੀ ਪ੍ਰਕਿਰਿਆ ਪੂਰੀ ਕੀਤੀ। ਮਨਦੀਪ ਸਿੰਘ ਸੰਧੂ ਨੂੰ ਸਹੁੰ ਚੁਕਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਮਿਸ਼ਨ ਵੱਲੋਂ ਜਨਤਕ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਨਾਗਰਿਕ ਸੇਵਾਵਾਂ ਬਿਨਾਂ ਕਿਸੇ ਅੜਿੱਕੇ ਅਤੇ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਈਆਂ ਜਾਣ। ਨਵਾਂ ਐਕਟ ਸੇਵਾ ਦਾ ਅਧਿਕਾਰ ਐਕਟ ਵਿਚਲੀਆਂ ਖਾਮੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਮਨਸ਼ੇ ਨਾਲ ਬਣਾਇਆ ਗਿਆ ਹੈ ਜਿਸ ਵਿੱਚ ਨਾਗਰਿਕ ਸੇਵਾਵਾਂ ਲਈ ਕੰਪਿਊਟਰ ’ਤੇ ਸਾਰਾ ਡਾਟਾ ਮੌਜੂਦ ਕਰਨਾ, ਸੇਵਾ ਸਬੰਧੀ ਅਰਜ਼ੀਆਂ ਦੀ ਆਨਲਾਈਨ ਰਸੀਦ ਨੂੰ ਲਾਜ਼ਮੀ ਮੁਹੱਈਆ ਕਰਾਉਣਾ ਆਦਿ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਸ੍ਰੀ ਸੰਧੂ ਦੇ ਪਰਿਵਾਰਕ ਮੈਂਬਰ ਵਿੱਚੋਂ ਉਨ੍ਹਾਂ ਦੀ ਪਤਨੀ ਨਵਰਾਜ ਸੰਧੂ ਜੋ ਕਿ ਹਰਿਆਣਾ ਸਰਕਾਰ ’ਚ ਵਧੀਕ ਮੁੱਖ ਸਕੱਤਰ ਹਨ, ਪੁੱਤਰੀ ਦਿਵਨੀਤ ਸੰਧੂ ਅਤੇ ਪੁੱਤਰ ਮਨਰਾਜ ਸਿੰਘ ਸੰਧੂ ਹਾਜ਼ਰ ਸਨ।

 

Send this to a friend