‘ਅੱਜ ਸਾਡੇ ਦੇਸ਼, ਭਾਰਤ ਵਿੱਚ ਹਰੇਕ ਚੀਜ਼ ਨੂੰ ਸਮਾਰਟ ਕਿਹਾ ਜਾਣ ਲਗਾ ਹੈ, ਪ੍ਰੰਤੂ ਸਚਾਈ ਤਾਂ ਇਹ ਹੈ ਕਿ ਅਜੇ ਤਕ ਇਸ ਦੇਸ਼ ਵਿੱਚ ਕੁਝ ਵੀ ਬਦਲਿਆ ਨਹੀਂ ਹੈ’, ਇਹ ਵਿਚਾਰ ਹਨ ਇੱਕ ਸੀਨੀਅਰ ਪਤ੍ਰਕਾਰ ਦੇ। ਉਹ ਕਹਿੰਦਾ ਹੈ ਕਿ ਨਾ ਤਾਂ ਸਾਡੀ ਸੁਰਖਿਆ ਵਿਵਸਥਾ ਬਦਲੀ ਹੈ ਅਤੇ ਨਾ ਹੀ ਇਸਦੇ ਲਈ ਬਣੇ ਸੁਰਖਿਆ ਪ੍ਰਬੰਧ ਅਤੇ ਇਸ ਸੰਸਾਰ ਦੇ ਅਪਰਾਧੀ। ਉਹ ਆਪਣੀ ਗਲ ਪੁਰਾਣੇ ਸਮਿਆਂ ਤੋਂ ਚਲੀ ਆ ਰਹੀ ਇੱਕ ਪਰੰਪਰਾ ਤੋਂ ਸ਼ੁਰੂ ਕਰਦਿਆਂ ਆਖਦਾ ਹੈ ਕਿ ਪਤਾ ਨਹੀਂ ਇਹ ਪਰੰਪਰਾ ਕਦੋਂ ਤੋਂ ਚਲੀ ਆ ਰਹੀ ਹੈ ਕਿ ਜਿਸ ਚੌਕੀਦਾਰ ਨੂੰ ਅਸੀਂ ਮੁਹੱਲੇ ਦੀ ਸੁਰਖਿਆ ਲਈ ਤੈਨਾਤ ਕਰਦੇ ਹਾਂ, ਉਹ ਜਦੋਂ ਰਾਤ ਨੂੰ ਲੱਠ ਖੜਕਾਂਦਾ ਗਲੀਆਂ ਮੁਹੱਲਿਆਂ ਵਿੱਚ ਘੁੰਮਦਾ ਹੈ, ਇਕੋ ਹੀ ਗਲ ‘ਜਾਗਦੇ ਰਹੋ – ਜਾਗਦੇ ਰਹੋ’ ਹੀ ਬਾਰ-ਬਾਰ ਦੁਹਰਾਂਦਾ ਚਲਿਆ ਜਾਂਦਾ ਹੈ। ਇਹ ਸੁਣਕੇ ਤੁਸੀਂ ਸੋਚਦੇ ਹੋ ਕਿ ਜੇ ਅਸਾਂ ਆਪ ਹੀ ਜਾਗਦਿਆਂ ਰਹਿਣਾ ਹੈ ਤਾਂ ਤੈਨੂੰ ਪੈਸੇ ਦੇ ਕੇ ਰਖਣ ਦੀ ਕੀ ਲੋੜ ਪੈ ਗਈ ਏ? ਇਹ ਸੋਚ, ਤੁਸੀਂ ਸੁਰਖਿਆ ਦੀ ਜ਼ਿਮੇਂਦਾਰੀ ਉ ਸਪੁਰ ਛੱਡ ਆਪ ਲੰਮੀ ਤਾਣ ਸਉਂ ਜਾਂਦੇ ਹੋ ਤੇ ਉਹ ਲਾਠੀ ਖੜਕਾਂਦਾ ਰਾਤ ਭਰ ਆਪਣੀ ਡਿਊਟੀ ਵਜਾਂਦਾ ਰਹਿੰਦਾ ਹੈ। ਉਹ ਵਿਅੰਗ ਕਰਦਿਆਂ ਆਖਦਾ ਹੈ ਕਿ ਸਾਡੀ ੳੱਜ ਦੀ ਸਾਈਬਰ ਸੁਰਖਿਆ ਦੀ ਪਰੰਪਰਾ ਵੀ ਇਸਤੋਂ ਕੋਈ ਵਖਰੀ ਨਹੀਂ। ਜਿਉਂ ਜਿਉਂ ਇੰਟਰਨੈ¤ਟ ਤੇ ਖਤਰੇ ਵੱਧ ਰਹੇ ਹਨ, ਸਾਈਬਰ ਸੁਰਖਿਆ ਦੇ ਮਾਹਿਰਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਹ ਮੋਟੀਆਂ-ਮੋਟੀਆਂ ਤਨਖਾਹਾਂ ਲੈਣ ਵਾਲੇ ਸੁਰਖਿਆ ਮਾਹਿਰ ਵੀ ਉਹੀ ਕੁਝ ਆਖਦੇ ਹਨ, ਜੋ ਗਲੀਆਂ-ਸੜਕਾਂ ਪੁਰ ਰਾਤ ਗਸ਼ਤ ਮਾਰਦਿਆਂ ਰਹਿਣ ਵਾਲਾ ਚੌਕੀਦਾਰ ਕਹਿੰਦਾ ਰਹਿੰਦਾ ਹੈ – ਜਾਗਦੇ ਰਹੋ।
ਦਸਿਆ ਜਾਂਦਾ ਹੈ ਕਿ ਇਸ ਸੰਬੰਧ ਵਿੱਚ ਅਜੇ ਤਕ ਜਿਤਨੇ ਵੀ ਅਧਿਅਨ ਹੋਏ ਹਨ, ਉਹ ਸਾਰੇ ਹੀ ਇਹੀ ਦਸਦੇ ਹਨ ਕਿ ਆਮ ਤੋਰ ਤੇ ਸੁਰਖਿਆ ਮਾਹਿਰਾਂ ਦੀਆਂ ਚਿਤਾਵਨੀਆਂ ਨਾਲ ਲੋਕਾਂ ਦੇ ਕੰਨਾਂ ਪੁਰ ਜੂੰ ਤਕ ਨਹੀਂ ਰੀਂਗਦੀ। ਜਦੋਂ ਹੈਕਿੰਗ ਦੀ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਕੁਝ ਦਿਨਾਂ ਲਈ ਭਾਵੇਂ ਹੀ ਲੋਕੀ ਕੁਝ ਸਾਵਧਾਨ ਹੋ ਜਾਣ, ਕੁਝ ਸਮੇਂ ਬਾਅਦ ਫਿਰ ਠੀਕ ਉਸੇ ਤਰ੍ਹਾਂ ਹੀ ਸਭ ਕੁਝ ਚਲਣ ਲਗਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ, ਮੁਹੱਲੇ ਵਿੱਚ ਕੋਈ ਚੋਰੀ ਦੀ ਘਟਨਾ ਵਾਪਰ ਜਾਏ, ਤਾਂ ਲੋਕੀ ਕੁਝ ਦਿਨ ਤਾਂ ਭਾਵੇਂ ਸਾਵਧਾਨੀ ਵਿਖਾਣ, ਪਰ ਫਿਰ ਪਹਿਲਾਂ ਵਾਂਗ ਹੀ ਚਾਦਰ ਤਾਣ ਸੌਣ ਲਗ ਪੈਂਦੇ ਹਨ। ਇਹੀ ਸੱਚ ਇੰਟਰਨੈ¤ਟ ਦਾ ਵੀ ਹੈ। ਸੈਨ ਡਿਯਾਗੋ ਸਟੇਟ ਯੂਨੀਵਰਸਿਟੀ ਦੇ ਸਟੀਵਨ ਏਂਡ੍ਰੇਸ ਅਨੁਸਾਰ ਅਸੀਂ ਇਹ ਮੰਨ ਬੈਠਦੇ ਹਾਂ ਕਿ ਹੁਣ ਲੋਕੀ ਹੁਸ਼ਿਆਰ ਰਹਿਣਗੇ, ਪਰ ਖੋਜ (ਰਿਸਰਚ) ਦਸਦੀ ਹੈ ਕਿ ਅਸਲ ਵਿੱਚ ਅਜਿਹਾ ਹੁੰਦਾ ਨਹੀਂ।
ਦੇਸ਼ ਵਿੱਚ ਕੰਮ-ਕਾਜੀ ਔਰਤਾਂ ਕਿਤਨੀਆਂ ਸੁਰਖਿਅਤ : ਕੁਝ ਹੀ ਸਮਾਂ ਹੋਇਐ ਹੈ ਕਿ ‘ਭਾਰਤ ਵਿੱਚ ਕੰਮ-ਕਾਜੀ ਔਰਤਾਂ ਕਿਤਨੀਆਂ-ਕੁ ਸੁਰਖਿਅਤ’ ਮੁੱਦੇ ਨੂੰ ਲੈ, ਅਮਰੀਕਾ ਦੀ ਇੱਕ ਪ੍ਰਮੁਖ ਰਿਸਰਚ ਸੰਸਥਾ ‘ਸੇਂਟਰ ਫਾਰ ਸਟ੍ਰੇਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼’ ਤੇ ‘ਨਾਥਨ ਐਸੋਸੀਏਟਸ’ ਨੇ ਅਪਸੀ ਸਹਿਯੋਗ ਨਾਲ ਇੱਕ ਸਰਵੇ ਰਿਪੋਰਟ ਤਿਆਰ ਕੀਤੀ ਸੀ, ਜਿਸ ਵਿੱਚ ਸਿਕੱਮ ਨੂੰ ‘ਕੰਮਕਾਜੀ ਔਰਤਾਂ ਲਈ ਸੁਰਖਿਅਤ’ ਦੇ ਦ੍ਰਿਸ਼ਟੀਕੋਣ ਤੋਂ 40 ਅੰਕ ਦਿੱਤੇ ਗਏ, ਜਦਕਿ ਉਸਦੇ ਮੁਕਾਬਿਲੇ ਦਿੱਲੀ ਨੂੰ ਕੇਵਲ 8.5 ਅੰਕ ਹੀ ਮਿਲੇ, ਜੋ ਕਿ ਭਾਰਤ ਦੀ ਰਾਜਧਾਨੀ, ਦਿੱਲੀ ਦੀ ਬਦਤਰ ਹਾਲਤ ਨੂੰ ਬਿਆਨ ਕਰਦੇ ਹਨ। ਇਸ ਰਿਪੋਰਟ ਵਿੱਚ ਦਿੱਲੀ ਦੇ ਸਭ ਤੋਂ ਹੇਠਲੀ ਥਾਂ ਤੇ ਹੋਣ ਦਾ ਮੁੱਖ ਕਾਰਣ ਇਹ ਦਸਿਆ ਗਿਆ ਕਿ ਦਿੱਲੀ ਵਿੱਚ ਔਰਤਾਂ ਨੂੰ ਇਨਸਾਫ ਮਿਲਣ ਦੀ ਦਰ ਅਤੇ ਕੰਮ-ਕਾਜ ਵਿੱਚ ਔਰਤਾਂ ਦੀ ਹਿਸੇਦਾਰੀ ਦਾ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਹੀ ਘਟ ਹੋਣਾ ਹੈ। ਦਿੱਲੀ ਵਿੱਚ ਰਾਤ ਨੂੰ ਕੰਮ ਕਰਨ ਨੂੰ ਲੈ ਕੇ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਪੁਰ ਪਾਬੰਦੀਆਂ ਹੋਣ ਦੇ ਨਾਲ ਹੀ ਕਾਰੋਬਾਰੀ ਔਰਤਾਂ ਲਈ ਉਤਸਾਹ ਦੀ ਘਾਟ ਹੋਣਾ ਹੈ।
ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਇਸ ਰੈਂਕਿੰਗ ਦਾ ਅਧਾਰ ਕਾਰਖਾਨਿਆਂ, ਫੁਟਕਲ ਵਪਾਰ ਖੇਤ੍ਰ ਅਤੇ ਆਈ ਆਈ ਟੀ ਉਦਯੋਗ ਵਿੱਚ ਔਰਤਾਂ ਦੇ ਕੰਮਕਾਜੀ ਘੰਟਿਆਂ ਪੁਰ ਕਾਨੂੰਨੀ ਪਕੜ, ਔਰਤ ਕਰਮਚਾਰੀਆਂ ਨੂੰ ਪ੍ਰਭਾਵਤ ਕਰਨ ਵਾਲੇ ਅਪਰਾਧਾਂ ਨੂੰ ਲੈ ਕੇ, ਰਾਜਾਂ ਦੀ ਅਪ੍ਰਾਧਕ ਨਿਆਇਕ ਵਿਵਸਥਾ ਦੀ ਪ੍ਰਤੀਕ੍ਰਿਆ, ਕੁਲ ਕਰਮਚਾਰੀਆਂ ਵਿੱਚ ਕੰਮਕਾਜੀ ਔਰਤਾਂ ਦੇ ਪ੍ਰਤੀਸ਼ਤ ਤੇ ਸਟਾਰਟਅੱਪ ਅਤੇ ਉਦਯੋਗਿਕ ਨੀਤੀਆਂ ਵਿੱਚ ਔਰਤ ਕਾਰੋਬਾਰੀਆਂ ਨੂੰ ਉਤਸਾਹਿਤ ਕੀਤੇ ਜਾਣ ਨੂੰ ਮਿਥਿਆ ਗਿਐ।
ਇਸ ਰਿਪੋਰਟ ਅਨੁਸਾਰ ਸਿਕਿੱਮ, ਕਰਨਾਟਕ, ਆਂਧਰ ਪ੍ਰਦੇਸ਼ ਤੇ ਤਮਿਲਨਾਡੂ ਨੇ ਦੁਕਾਨਾਂ ਕਾਰਖਾਨਿਆਂ ਤੇ ਆਈ ਆਈ ਟੀ ਖੇਤ੍ਰ ਵਿੱਚ ਰਾਤ ਨੂੰ ਔਰਤਾਂ ਦੇ ਕੰਮ ਕਰਨ ਪੁਰ ਲਗੀਆਂ ਹੋਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਸ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਐ ਕਿ ਭਾਰਤ ਵਿੱਚ ਕੰਮਕਾਜ ਵਿੱਚ ਔਰਤਾਂ ਦੀ ਹਿਸੇਦਾਰੀ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਵਿੱਚ ਸਭ ਤੋਂ ਘਟ ਹੈ।
ਭਾਰਤੀ ਜਨਤਾ ਪਾਰਟੀ ਦਾ ਬਦਲਿਆ ਸਰੂਪ : ਮੰਨਿਆ ਜਾਂਦਾ ਹੈ ਕਿ ਦੇਸ਼ ਦੇ ਰਾਜ-ਭਾਗ ਦੀ ਮਾਲਕ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਉਹ ਸਰੂਪ ਵਿਖਾਈ ਨਹੀਂ ਦੇ ਰਿਹਾ, ਜੋ ਪਾਰਟੀ ਦੇ ਸਾਰੇ ਸੀਨੀਅਰ ਅਤੇ ਜੂਨੀਅਰ ਆਗੂਆਂ ਨੂੰ ਨਾਲ ਸਨਮਾਨ-ਪੂਰਬਕ ਲੈ ਕੇ ਚਲਣ ਪੁਰ ਅਧਾਰਤ ਸੀ। ਹੁਣ ਤਾਂ ਸਾਰੇ ਸੀਨੀਅਰ ਆਗੂਆਂ, ਜੋ ਕਿਸੇ ਸਮੇਂ ਪਾਰਟੀ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਸਨ, ਨੂੰ ਕਿਨਾਰੇ ਕਰ, ਇੱਕ ਤਰ੍ਹਾਂ ਨਾਲ ਬੇਲੋੜੇ ‘ਕਬਾੜ’ ਵਿੱਚ ਸੁੱਟ ਦਿੱਤਾ ਗਿਆ ਹੈ। ਅੱਜਕਲ ਤਾਂ ਇਹ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਪਾਰਟੀ ਵਿੱਚ ਵਿਰੋਧੀ, ਪ੍ਰੰਤੂ ਉਸਾਰੂ ਸੋਚ ਤਕ ਨੂੰ ਵੀ ਉਭਰਨ ਨਹੀਂ ਦਿੱਤਾ ਜਾ ਰਿਹਾ। ਇੱਕ ਵਿਅਕਤੀ (ਨਰੇਂਦਰ ਮੋਦੀ) ਨੇ ਪ੍ਰਧਾਨ ਮੰਤਰੀ ਬਣ, ਸਾਰੀ ਸਰਕਾਰੀ ਸੱਤਾ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰ ਲਈ ਹੋਈ ਹੈ। ਪਾਰਟੀ ਵਿਚੋਂ ਰਿਸ ਕੇ ਆ ਰਹੀਆਂ ਖਬਰਾਂ ਵਿੱਚ ਤਾਂ ਇਹ ਵੀ ਦਸਿਆ ਜਾ ਰਿਹਾ ਹੈ ਕਿ ਵਿਖਾਵੇ ਵਜੋਂ ਤਾਂ ਸਰਕਾਰ ਵਿੱਚ ਵੱਖ-ਵੱਖ ਜ਼ਿਮੇਂਦਾਰੀਆਂ ਨਿਭਾਉਣ ਲਈ ਮੰਤਰੀਆਂ ਦੇ ਇੱਕ ਸਮੂਹ ਦੇ ਰੂਪ ਵਿੱਚ, ਇੱਕ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਹੋਇਆ ਹੈ, ਜਿਸ ਵਿੱਚ ਸ਼ਾਮਲ ਮੰਤਰੀ ਪ੍ਰਤੱਖ ਰੂਪ ਤਾਂ ਵਿੱਚ ਆਪੋ-ਆਪਣੇ ਵਿਭਾਗ ਦੇ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਜ਼ਿਮੇਂਦਾਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਲਈ ਉਹ ਪ੍ਰਧਾਨ ਮੰਤਰੀ ਅਤੇ ਦੇਸ਼-ਵਾਸੀਆਂ ਸਾਹਮਣੇ ਜਵਾਬਦੇਹ ਵੀ ਹਨ। ਪ੍ਰੰਤੂ ਦਸਿਆ ਤਾਂ ਇਹ ਜਾ ਰਿਹਾ ਹੈ ਕਿ ਅਪ੍ਰਤੱਖ ਰੂਪ ਵਿੱਚ ਸਮੁਚੇ ਵਿਭਾਗਾਂ ਦੇ ਮੁੱਖ ਸਕਤੱਰ, ਵਿਭਾਗੀ ਕੰਮਾਂ ਲਈ ਆਪੋ-ਆਪਣੇ ਵਿਭਾਗ ਦੇ ਮੰਤਰੀਆਂ ਸਾਹਮਣੇ ਘਟ ਅਤੇ ਪ੍ਰਧਾਨ ਮੰਤਰੀ ਦੇ ਦਫਤਰ ਸਾਹਮਣੇ ਬਹੁਤੇ ਜਵਾਬ-ਦੇਹ ਹਨ। ਇਤਨਾ ਹੀ ਨਹੀਂ ਉਹ ਉਥੋਂ (ਪੀਐਮਓ ਤੋਂ ਹੀ) ਆਪਣੇ ਕੰਮ ਲਈ ਹਿਦਾਇਤਾਂ ਪ੍ਰਾਪਤ ਕਰਨ ਦੇ ਪਾਬੰਧ ਹਨ।
ਭਾਵੇਂ ਭਾਜਪਾ ਦਾ ਇੱਕ ਵਰਗ ਇਸ ਵਿਚਾਰ ਦਾ ਵਿਰੋਧ ਕਰਦਿਆਂ ਇਹ ਕਹਿੰਦਾ ਹੈ ਕਿ ਇਹ ਸਾਰੀਆਂ ਗਲਾਂ ਮਨਘੜ੍ਹਤ ਹਨ। ਕੇਂਦਰੀ ਸਰਕਾਰ ਵਿਚਲੇ ਹਰ ਵਿਭਾਗ ਦਾ ਮੰਤਰੀ ਸੁਤੰਤਰ ਰੂਪ ਵਿੱਚ ਆਪਣਾ ਕੰਮ ਕਰ ਰਿਹਾ ਹੈ ਅਤੇ ਉਹ ਹੀ ਆਪਣੇ ਵਿਭਾਗ ਦੇ ਕੰਮ-ਕਾਜ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਅਤੇ ਲੋਕਾਂ ਸਾਹਮਣੇ ਜਵਾਬ-ਦੇਹ ਹੈ। ਇਹ ਗਲ ਬਿਲਕੁਲ ਹੀ ਗਲਤ ਅਤੇ ਬੇਬੁਨਿਅਦ ਹੈ ਕਿ ਉਹ ਕੇਵਲ ਮੁਖੌਟੇ ਹਨ ’ਤੇ ਉਨ੍ਹਾਂ ਨੂੰ ਉਹ ਹੀ ਕੁਝ ਕਰਨਾ ਅਤੇ ਕਹਿਣਾ ਹੁੰਦਾ ਹੈ, ਜੋ ਉਨ੍ਹਾਂ ਨੂੰ ਆਪਣੇ ਮੁੱਖ ਸਕਤੱਰਾਂ ਰਾਹੀਂ ਪ੍ਰਧਾਨ ਮੰਤਰੀ ਦਫਤਰ ਵਲੋਂ ਹਿਦਾਇਤਾਂ ਦੇ ਰੂਪ ਵਿੱਚ ਮਿਲਦਾ ਹੈ।
ਉਧਰ ਭਾਰਤੀ ਜਨਤਾ ਪਾਰਟੀ ਬਾਰੇ ਇੱਕ ਪਾਰਟੀ ਵਜੋਂ ਇਹ ਚਰਚਾ ਆਮ ਸੁਣਨ ਨੂੰ ਮਿਲਦੀ ਹੈ ਕਿ ਭਾਵੇਂ ਇਸ ਗਲ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਅਤੇ ਸ਼ਾਇਦ ਛੇਤੀ ਕੀਤੇ ਸਵੀਕਾਰ ਨਾ ਵੀ ਕੀਤਾ ਜਾਏ, ਪ੍ਰੰਤੂ ਜੋ ਕੁਝ ਵੇਖਣ ਅਤੇ ਸੁਣਨ ਨੂੰ ਮਿਲ ਰਿਹਾ ਹੈ, ਉਸਤੋਂ ਤਾਂ ਇਹੀ ਜਾਪਦਾ ਹੈ ਕਿ ਪ੍ਰਧਾਨ ਮੰਤਰੀ (ਨਰੇਂਦਰ ਮੋਦੀ) ਨੇ ਅਮਿਤ ਸ਼ਾਹ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਪੁਰ ਬਿਠਾ, ਅਪ੍ਰਤੱਖ ਰੂਪ ਵਿੱਚ ਉਸ ਪੁਰ ਵੀ ਆਪਣਾ ਅੰਕੁਸ਼ ਲਾ ਲਿਆ ਹੋਇਆ ਹੈ।
ਅਤੇ ਅੰਤ ਵਿੱਚ : ਭਾਜਪਾ ਦੇ ਅਤਿ ਨੇੜਲੇ ਰਾਜਸੀ ਹਲਕਿਆਂ ਤੋਂ ਮਿਲ ਰਹੇ ਸੰਕੇਤਾਂ ਤੋਂ ਜਾਪਦਾ ਹੈ ਕਿ ਜਿਵੇਂ ਅਪ੍ਰਤੱਖ ਰੂਪ ਵਿੱਚ ਸਰਕਾਰ ਅਤੇ ਪਾਰਟੀ ਦੀਆਂ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਪੁਰ ਤਾਨਾਸ਼ਾਹੀ ਦਾ ਜੋ ਖੋਲ੍ਹ ਚੜਾਅ ਦਿੱਤਾ ਗਿਆ ਹੋਇਆ ਹੈ ਅਤੇ ਜਿਸਦੇ ਫਲਸਰੂਪ ਸਰਕਾਰ ਅਤੇ ਪਾਰਟੀ ਅੰਦਰ ਜੋ ਕੁਝ ਪਕ ਰਿਹਾ ਹੈ, ਉਸਦਾ ‘ਧੂੰਅ’ ਵੀ ਬਾਹਰ ਨਹੀਂ ਨਿਕਲ ਰਿਹਾ, ਜਦੋਂ ਕਦੀ ਵੀ ਉਹ ਖੋਲ੍ਹ ਹਟਿਆ, ਭਾਜਪਾ ਦਾ ਹਾਲ ਵੀ ਉਹੀ ਹੋ ਜਾਇਗਾ, ਜੋ ਅੱਜ ਕਾਂਗ੍ਰਸ ਦਾ ਹੋ ਰਿਹਾ ਹੈ। ਇਸਦਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਖੋਲ੍ਹ ਹਟਣ ਤੋਂ ਬਾਅਦ ਜੋ ਲੀਡਰਸ਼ਿਪ ਉਭਰ ਕੇ ਸਾਹਮਣੇ ਆਇਗੀ, ਉਹ ਦਿਸ਼ਾ-ਹੀਨ, ਸ਼ਕਤੀ-ਹੀਨ ਤੇ ਸੁਤੰਤਰ ਵਿਚਾਰਾਂ ਤੋਂ ਸਖਣੀ ਹੋਵੇਗੀ। ਫਲਸਰੂਪ ਉਸ ਲਈ, ਉਸ ਪਾਰਟੀ ਨੂੰ ਸੰਭਾਲ ਪਾਣਾ ਬਹੁਤ ਹੀ ਮੁਸ਼ਕਿਲ ਹੋ ਜਾਇਗਾ, ਜੋ ਤਾਨਾਸ਼ਾਹੀ ਅਰਥਾਤ ਇੱਕ ਪੁਰਖੀ ਸੱਤਾ ਵਿੱਚ ਜੀਉਣ ਦੀ ਆਦੀ ਹੋ ਚੁਕੀ ਹੋਵੇਗੀ।