April 29, 2026 6:24 am

ਸ਼੍ਰੀ ਦਸਮੇਸ਼ ਅਕੈਡਮੀ ਨੂੰ ਅਤਿ ਆਧੁਨਿਕ ਦਸਮੇਸ਼ ਯੂਨੀਵਰਸਿਟੀ ਵੱਜੋਂ ਵਿਕਸਤ ਕੀਤਾ ਜਾਵੇਗਾ : ਭੂੰਦੜ

ਸ੍ਰੀ ਆਨੰਦਪੁਰ ਸਾਹਿਬ, 18 ਅਗਸਤ (ਦਵਿੰਦਰਪਾਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਦਸਮੇਸ਼ ਅਕੈਡਮੀ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਦੇਸ਼ ਦੀ ਬਿਹਤਰ ਅਤੇ ਦਸਮ ਗੁਰੂ ਦੇ ਨਾਮ ਤੇ ਦਸਮੇਸ਼ ਯੂਨੀਵਰਸਿਟੀ ਵੱਜੋਂ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਕੈਡਮੀ ਦੀ ਬੈਠਕ ‘ਚ ਸ਼ਿਰਕਤ ਕਰਨ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ। ਭੂੰਦੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਸਦਕਾ ਹੀ 150 ਏਕੜ ‘ਚ ਇੱਕ ਆਲੀਸ਼ਾਨ ਵਧੀਆ ਕੈਂਪਸ ਤਿਆਰ ਕਰਕੇ 12ਵੀਂ ਜਮਾਤ ਤੱਕ ਦੀ ਅਕੈਡਮੀ ਤਿਆਰ ਕਰਵਾਈ ਸੀ। ਜੋ ਕਿ ਦੇਸ਼ ਦੇ ਪਹਿਲੀਆਂ ਸੰਸਥਾਵਾਂ ‘ਚ ਸ਼ੁਮਾਰ ਹੋ ਚੁੱਕੀ ਹੈ। ਉਨ੍ਹਾਂ ਇੱਥੋਂ ਦੇ ਡਾਇਰੈਕਟਰ ਮੇਜਰ ਜਨਰਲ ਸੇਵਾ ਮੁਕਤ ਜੇ ਐਸ ਘੁੰਮਣ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਜਿੱਥੇ ਅਕੈਡਮੀ ‘ਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਉਥੇ ਹੀ ਇਹ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਈ ਹੈ। ਭੂੰਦੜ ਨੇ ਦੱਸਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਸੋਚ ਹੈ ਕਿ ਇਸ ਅਕੈਡਮੀ ਨੂੰ ਨੇੜ ਭਵਿੱਖ ਦੇ ਵਿੱਚ ਦੇਸ਼ ਦੀ ਇੱਕ ਵਧੀਆ ਯੂਨੀਵਰਸਿਟੀ ਵੱਜੋਂ ਵਿਕਸਤ ਕੀਤਾ ਜਾਵੇ ਅਤੇ ਉਸ ਯੂਨੀਵਰਸਿਟੀ ਦਾ ਨਾਮ ਵੀ ਦਸਮੇਸ਼ ਯੂਨੀਵਰਸਿਟੀ ਹੀ ਰੱਖਿਆ ਜਾਵੇ। ਜਸਟਿਸ ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਰਿਪੋਰਟ ਬਾਰੇ ਬੋਲਦੇ ਹੋਏ ਭੂੰਦੜ ਨੇ ਕਿਹਾ ਕਿ ਇਸ ਰਿਪੋਰਟ ਬਾਰੇ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਇਹ ਤਾਂ ਸਭ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਇੱਕ ਸਿਆਸੀ ਵਿਅਕਤੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਹੈ। ਜਿੱਥੋਂ ਤੱਕ ਬਾਦਲ ਸਾਹਿਬ ਦੇ ਟੈਲੀਫੋਨ ਦੀ ਗੱਲ ਹੈ ਤਾਂ ਉਹ ਉਸ ਵੇਲੇ ਮੁੱਖ ਮੰਤਰੀ ਸਨ ਤੇ ਮੁੱਖ ਮੰਤਰੀ ਦਾ ਕਿਸੇ ਅਧਿਕਾਰੀ ਨੂੰ ਫੋਨ ਆਉਣਾ ਸੁਭਾਵਿਕ ਹੀ ਹੁੰਦਾ ਹੈ।
ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਨੂੰ ਦੋਸਤਾਨਾ ਫੇਰੀ ਦੱਸਦੇ ਹੋਏ ਭੂੰਦੜ ਨੇ ਕਿਹਾ ਕਿ ਇਮਰਾਨ ਖਾਨ ਉਨ੍ਹਾਂ ਦੇ ਦੋਸਤ ਹਨ ਤੇ ਸਿੱਧੂ ਬਤੌਰ ਚੰਗੇ ਦੋਸਤ ਉਥੇ ਗਏ ਸਨ। ਇਸਲਈ ਉਨ੍ਹਾਂ ਦੀ ਫੇਰੀ ਨੂੰ ਨਾ ਹੀ ਕੋਈ ਸਿਆਸੀ ਰੰਗ ਦੇਣਾ ਚਾਹੀਦਾ ਹੈ ਤੇ ਨਾ ਹੀ ਹਾਂਪੱਖੀ ਜਾਂ ਨਾਂਹਪੱਖੀ ਦੱਸਣ ਦੀ ਲੋੜ ਹੈ।

Send this to a friend