ਬਿਹਾਰ ਤੇ ਉਡੀਸਾ ਨੇ ਵੀ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ
ਲੁਧਿਆਣਾ, 18 ਅਗਸਤ (ਮਹੇਸ਼ਇੰਦਰ ਸਿੰਘ ਮਾਂਗਟ)- ਕੇਰਲਾ ਵਿੱਚ ਹੜ੍ਹ ਕਾਰਨ ਪੈਦਾ ਹੋਈ ਅਣਸੁਖਾਵੀਂ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਖਾਧ ਪਦਾਰਥਾਂ ਦੀ ਇੱਕ ਖੇਪ ਅੱਜ ਲੁਧਿਆਣਾ ਤੋਂ ਰਵਾਨਾ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਖਾਧ ਪਦਾਰਥਾਂ ਦੇ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇਸ ਖੇਪ ਨੂੰ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਰਵਾਨਾ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਅਤੇ ਸ੍ਰ. ਬਿੱਟੂ ਨੇ ਦੱਸਿਆ ਕਿ ਅੱਜ ਰਵਾਨਾ ਕੀਤੀ ਗਈ ਖੇਪ ਵਿੱਚ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇੱਕ ਪੈਕੇਟ ਵਿੱਚ ਖੰਡ, ਚਾਹ ਪੱਤੀ, ਰਸ, ਬਿਸਕੁਟ, ਸੁੱਕਾ ਦੁੱਧ, ਪਾਣੀ ਦੀ ਬੋਤਲ ਸ਼ਾਮਿਲ ਹੈ। ਇਹ ਰਾਹਤ ਸਮੱਗਰੀ ਤੁਰੰਤ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਹਲਵਾਰਾ ਹਵਾਈ ਅੱਡੇ ਤੋਂ ਹਵਾਈ ਰਸਤੇ ਭੇਜੀ ਗਈ ਹੈ। ਹੜ੍ਹ ਕਾਰਨ ਪ੍ਰਭਾਵਿਤ ਹੋਏ ਕੇਰਲ ਲਈ ਬਿਹਾਰ ਅਤੇ ਉੜੀਸਾ ਸਰਕਾਰ ਨੇ ਵੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ ਨੇ ਮੁਖ ਮੰਤਰੀ ਰਾਹਤ ਫੰਡ ‘ਚੋਂ 10 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ।ਉਥੇ ਹੀ ਉੜੀਸਾ ਦੇ ਮੁਖ ਮੰਤਰੀ ਨਵੀਨ ਪਟਨਾਇਕ ਨੇ ਕੇਰਲ ਲਈ ਮੁਖ ਮੰਤਰੀ ਰਾਹਤ ਫੰਡ ‘ਚੋਂ ਪੰਜ ਕਰੋੜ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਨਾਲ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ 245 ਫਾਇਰਫਾਈਟਰਜ਼ (ਅਗ ਬੁਝਾਊ ਕਾਮੇ) ਕਿਸ਼ਤੀਆਂ ਨਾਲ ਕੇਰਲ ਭੇਜੇ ਜਾਣਗੇ।