ਫਰੀਦਕੋਟ, 17 ਅਗਸਤ (ਗੁਰਜੀਤ ਰੋਮਾਣਾ)- ਵਾਤਾਵਰਣ, ਧਾਰਮਿਕ, ਵਿਦਿਅਕ, ਖੇਡਾਂ, ਸਭਿਆਚਾਰ ਸਮੇਤ ਵਖ-ਵਖ ਖੇਤਰਾਂ ‘ਚ ਸੇਵਾਵਾਂ ਨਿਭਾਉਣ ਵਾਲੇ ਉਘੇ ਕਿਸਾਨ ਊਧਮ ਸਿੰਘ ਔਲਖ ਤੇ ਉਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਅਜਾਦੀ ਦਿਹਾੜੇ ਮੌਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਿਸਾਨਾ ਨੂੰ ਨਾੜ ਜਾਂ ਪਰਾਲੀ ਨਾ ਸਾੜਨ ਅਤੇ ਵਾਤਾਵਰਣ ਦੀ ਸੰਭਾਲ ਲਈ ਵਧ ਤੋਂ ਵਧ ਪੌਦੇ ਲਾਉਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਤੇ ਪ੍ਰੇਰਿਤ ਕਰਨ ਲਈ ਊਧਮ ਸਿੰਘ ਔਲਖ ਤੇ ਗੁਰਪ੍ਰੀਤ ਸਿੰਘ ਚੰਦਬਾਜਾ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਹਰਜੀਤ ਸਿੰਘ ਕਮਿਸ਼ਨਰ ਫਿਰੋਜਪੁਰ ਰੇਂਜ, ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫਰੀਦਕੋਟ, ਰਾਜਬਚਨ ਸਿੰਘ ਸੰਧੂ ਐਸਐਸਪੀ ਫਰੀਦਕੋਟ ਅਤੇ ਡਾ ਹਰਵਿੰਦਰ ਸਿੰਘ ਮੁਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਮੰਨਿਆ ਕਿ ਅਜ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਉਨਾ ਆਖਿਆ ਕਿ ਜੇਕਰ ‘ਮਿਸ਼ਨ ਤੰਦਰੁਸਤ ਪੰਜਾਬ‘ ਦੀ ਵਿਢੀ ਮੁਹਿੰਮ ‘ਚ ਇਸੇ ਤਰਾਂ ਵਧ ਤੋਂ ਵਧ ਪੌਦੇ ਲਾਏ ਜਾਣ ਅਤੇ ਉਨਾ ਦੀ ਸੰਭਾਲ ਕੀਤੀ ਜਾਵੇ ਤਾਂ ਸਮਾਜ ‘ਚ ਵਧ ਰਹੀਆਂ ਗੰਭੀਰ ਬਿਮਾਰੀਆਂ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਊਧਮ ਸਿੰਘ ਔਲਖ ਅਤੇ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਸਮਾਜਸੇਵਾ ਦੇ ਖੇਤਰ ’ਚ ਪਿਛਲੇ ਲੰਮੇਂ ਸਮੇਂ ਤੋਂ ਨਿਰਪਖ ਅਤੇ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।ਜ਼ਿਲ੍ਹੇ ਭਰ ਦੀਆਂ ਵਖ-ਵਖ ਸਮਾਜਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਕਤ ਸ਼ਖਸ਼ੀਅਤਾਂ ਨੂੰ ਸਨਮਾਨ ਮਿਲਣ ‘ਤੇ ਖੁਸ਼ੀ ਜਾਹਿਰ ਕੀਤੀ ਹੈ।