April 28, 2026 3:40 pm

ਮੋਗਾ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ‘ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ

ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰੀ ਨਾਲ ਫ਼ਰਜ਼ ਅਦਾ ਕਰਨ ਦੀ ਲੋੜ-ਭਾਰਤ ਭੂਸ਼ਣ ਆਸੂ

ਮੋਗਾ/ਚੰਡੀਗੜ੍ਹ – ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰੀ ਨਾਲ ਫ਼ਰਜ਼ ਅਦਾ ਕਰਨ ਅਤੇ ਜਾਗਰੂਕ ਹੋਣ ਦੀ ਲੋੜ ਹੈ। ਇਹ ਪ੍ਰਗਟਾਵਾ ਖੁਰਾਕ ਤੇ ਸਿਵਲ ਸਪਲਾਂਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਦਾਣਾ ਮੰਡੀ ‘ਚ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਆਜ਼ਾਦੀ ਦੇ 71 ਵਰ੍ਹੇ ਮੁਕੰਮਲ ਕਰ ਲੈਣ ‘ਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੇ ਆਜ਼ਾਦੀ ਪ੍ਰਵਾਨਿਆਂ ਵੱਲੋਂ ਸਮੇਂ-ਸਮੇਂ ‘ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਉਨ੍ਹਾਂ ਵੱਲੋਂ ਲਗਭੱਗ ਅੱਧੀ ਦਰਜਨ ਸੁਤੰਤਰਤਾ ਸੰਗਰਾਮੀ ਪ੍ਰੀਵਾਰਾਂ ਅਤੇ ਜ਼ਿਲ੍ਹੇ ਨਾਲ ਸਬੰਧਤ 40 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ‘ਚ ਮਿਹਨਤੀ ਕ੍ਰਮਚਾਰੀ, ਖਿਡਾਰੀ ਅਤੇ ਹੋਣਹਾਰ ਵਿਦਿਆਰਥੀ ਸ਼ਾਮਲ ਸਨ। 16 ਲੋੜਵੰਦ ਵਿਅਕਤੀਆਂ ਨੂੰ ਟਰਾਈ-ਸਾਈਕਲ ਤੇ 30 ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ। ਇਸ ਤੋਂ ਇਲਾਵਾ ਕਮਰਸ਼ੀਅਲ ਬੈਂਕਾਂ ਵੱਲੋਂ ਲਏ ਗਏ ਕਰਜ਼ੇ ਵਾਲੇ 11 ਕਿਸਾਨਾਂ ਨੂੰ ਕਰਜ਼ਾ ਰਾਹਤ ਪ੍ਰਮਾਣ ਪੱਤਰ, ਬੁਢਾਪਾ ਪੈਨਸ਼ਨ ਤੇ ਵਿੱਤੀ ਸਹਾਇਤਾ ਸਕੀਮ ਤਹਿਤ 20 ਯੋਗ ਨਵੇਂ ਪੈਨਸ਼ਨ ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ, ‘ਘਰ-ਘਰ ਰੋਜ਼ਗਾਰ’ ਸਕੀਮ ਤਹਿਤ 16 ਬੇਰੋਜ਼ਗਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ 12 ਲਾਭਪਾਤਰੀਆਂ ਨੂੰ ਕਰਜ਼ਾ ਪ੍ਰਵਾਨਗੀ ਪੱਤਰ ਤਕਸੀਮ ਕੀਤੇ ਗਏ। ਮੰਤਰੀ ਜੀ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ‘ਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਮੂਹ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਭਾਵੇਂ ਦੇਸ਼ ਦੇ ਹਰ ਵਰਗ, ਧਰਮ ਤੇ ਇਲਾਕੇ ਦੇ ਲੋਕਾਂ ਨੇ ਹਿੱਸਾ ਲਿਆ, ਪ੍ਰੰਤੂ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਆਜ਼ਾਦੀ ਪ੍ਰਾਪਤੀ ਲਈ ਚੱਲੇ ਸੰਘਰਸ਼ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ। ਉਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਸਲਾਮ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਸਮੇਂ-ਸਮੇਂ ‘ਤੇ ਆਰੰਭੇ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਇਸ ਮੌਕੇ ਉਨ੍ਹਾਂ ਮੋਗਾ ਜ਼ਿਲ੍ਹੇ ਨਾਲ ਸਬੰਧਤ ਆਜ਼ਾਦੀ ਘੁਲਾਟੀਏ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਾ ਨਿਧਾਨ ਸਿੰਘ ਚੁੱਘਾ ਵਰਗੇ ਯੋਧਿਆਂ ਨੂੰ ਵੀ ਸਜਦਾ ਕੀਤਾ।ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਤਕਰੀਬਨ 16 ਮਹੀਨੇ ਪਹਿਲਾਂ ਬਣੀ ਮੌਜੂਦਾ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਤੇ ਰਾਜ ਦੀ ਖੁਸ਼ਹਾਲੀ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਦੀ ਕੀਤੀ ਗਈ ਸ਼ੁਰੂਆਤ ਅਧੀਨ ਹੁਣ ਤੱਕ ਸਹਿਕਾਰੀ ਬੈਂਕਾਂ ਦੇ 3 ਲੱਖ ਤੋਂ ਵੱਧ ਦਰਮਿਆਨੇ ਕਿਸਾਨਾਂ ਦੇ 1,710 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਅਤੇ ਅੱਜ ਤੋਂ ਕਮਰਸ਼ੀਅਲ ਬੈਂਕਾਂ ਦੇ ਦਰਮਿਆਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਦੇਣ ਦੀ ਨੀਤੀ ਤਹਿਤ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਲਈ ਰੋਜ਼ਗਾਰ ਮੇਲੇ ਲਗਾਏ ਗਏ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਖਿਲਾਫ਼ ਐਸ.ਟੀ.ਐਫ. ਬਣਾਈ ਗਈ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਸਿਰਜਣ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਘੱਟ ਗਿਣਤੀਆਂ ਅਤੇ ਵਿਸ਼ੇਸ਼ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਲਈ ਸਨਅਤਾਂ ਲਈ ਬਿਜਲੀ ਦਰਾਂ ਘਟਾਈਆਂ ਅਤੇ ਸਿੱਖਿਆ ਤੇ ਸਿਹਤ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ।ਮੰਤਰੀ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਹਾੜ੍ਹੀ ਸੀਜ਼ਨ ਦੌਰਾਨ ਤਕਰੀਬਨ 112 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਅਤੇ ਲਗਭੱਗ 20 ਹਜ਼ਾਰ ਕਰੋੜ ਰੁਪਏ ਕਿਸਾਨਾਂ ਨੂੰ ਬਣਦੇ ਘੱਟੋ ਘੱਟ ਸਮਰਥਨ ਮੁੱਲ ਤੇ 1,800 ਕਰੋੜ ਰੁਪਏ ਹੋਰਨਾਂ ਸਟਾਕ ਹੋਲਡਰਜ਼ ਨੂੰ ਅਦਾ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸਾਲ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸੁਚੱਜੀ ਖਰੀਦ ਯਕੀਨੀ ਬਣਾਉਣ ਲਈ 200 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦੇ ਇੰਤਜ਼ਾਮ ਵਿਭਾਗ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸਾਹਮਣੇ ਜਨਤਕ ਵੰਡ ਪ੍ਰਣਾਲੀ ਨੂੰ ਲੀਹ ‘ਤੇ ਲਿਆਉਣ ਦੀ ਬਹੁਤ ਵੱਡੀ ਚੁਣੌਤੀ ਸੀ, ਜਿਸ ਅਧੀਨ ਸਭ ਤੋਂ ਪਹਿਲਾਂ ਰਾਜ ਦੇ 35 ਲੱਖ ਪ੍ਰੀਵਾਰਾਂ ਦੇ ਲਗਭੱਗ 1 ਕਰੋੜ 36 ਲੱਖ ਯੋਗ ਲਾਭਪਾਤਰੀਆਂ ਦੀ ਸ਼ਨਾਖਤ ਕਰਕੇ ਸਮਾਰਟ ਰਾਸ਼ਨ ਕਾਰਡ ਬਣਾਏ ਗਏ। ਉਨ੍ਹਾਂ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਡੀਪੂ ਹੋਲਡਰਾਂ ਦੀ ਚਿਰਾਂ ਤੋਂ ਚੱਲਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਕਮਿਸ਼ਨ ਨੂੰ ਦੁੱਗਣਾ ਕੀਤਾ ਹੈ ਅਤੇ ਬਣਦੀ ਰਾਸ਼ੀ ਦੀ ਉਨ੍ਹਾਂ ਨੂੰ ਅਦਾਇਗੀ ਕੀਤੀ ਹੈ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਮੋਗਾ ਜ਼ਿਲ੍ਹੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦਾ ਸਫ਼ਾਇਆ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਜ਼ਿਲੇ ਦੇ ਨਸ਼ਾ ਛੁਡਾਊ ਅਤੇ ਮੁੜ ਵਸਾਊ ਕੇਂਦਰਾਂ ਵਿੱਚ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 5 ਜੂਨ ਨੂੰ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲੇ ਦੇ ਨਾਗਰਿਕਾਂ ਨੂੰ ਸਾਫ਼-ਸੁਥਰਾ ਵਾਤਾਵਰਣ, ਸੁਰੱਖਿਅਤ ਪੀਣ ਯੋਗ ਪਾਣੀ ਅਤੇ ਆਬੋ ਹਵਾ ਮੁਹੱਈਆ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈ ਪੋਸ ਮਸ਼ੀਨਾਂ ਰਾਹੀਂ ਸ਼ੁਰੂ ਕੀਤੀ ਗਈ ਨਵੀਂ ਰਾਸ਼ਨ ਵੰਡ ਸਕੀਮ ਰਾਹੀਂ ਜ਼ਿਲ੍ਹੇ ਵਿੱਚ ਗਰੀਬ ਤੇ ਲੋੜਵੰਦ ਯੋਗ ਲਾਭਪਾਤਰਾਂ ਨੂੰ ਹੁਣ ਤੱਕ 6,150 ਮੀਟਰਕ ਟਨ ਕਣਕ ਵੰਡੀ ਜਾ ਚੁੱਕੀ ਹੈ ਅਤੇ ਜ਼ਿਲ੍ਹੇ ਵਿੱਚ ਇਸ ਸਕੀਮ ਤਹਿਤ 1 ਲੱਖ 33 ਹਜ਼ਾਰ 664 ਕਾਰਡ ਧਾਰਕ ਪ੍ਰੀਵਾਰਾਂ ਦੇ 5 ਲੱਖ 19 ਹਜ਼ਾਰ 234 ਮੈਂਬਰ ਲਾਭ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਇਸ ਚਾਲੂ ਮਾਲੀ ਸਾਲ ਦੌਰਾਨ 124 ਸਿਖਿਆਰਥੀਆਂ ਨੂੰ ਡੇਅਰੀ ਟ੍ਰੇਨਿੰਗ ਦੇ ਕੇ 2 ਤੋਂ 50 ਦੁਧਾਰੂ ਪਸੂਆਂ ਦੇ ਡੇਅਰੀ ਫ਼ਾਰਮ ਸਥਾਪਿਤ ਕਰਵਾਏ ਗਏ ਅਤੇ 80 ਤੋਂ ਵੱਧ ਲੋੜਵੰਦ ਡੇਅਰੀ ਸਿਖਿਆਰਥੀਆਂ ਨੂੰ ਡੇਅਰੀ ਫ਼ਾਰਮ ਸਥਾਪਿਤ ਕਰਨ ਲਈ ਕਰੀਬ 1 ਕਰੋੜ 39 ਲੱਖ ਰੁਪਏ ਦਾ ਕਰਜ਼ਾ ਬੈਂਕਾਂ ਤੋਂ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਦੀ ਪ੍ਰਫੁੱਲਤਾ ਤੇ ਵਿਸਥਾਰ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ਚਾਲੂ ਵਿੱਤੀ ਸਾਲ 2018-19 ਦੌਰਾਨ 248 ਏਕੜ ਰਕਬਾ ਮੱਛੀ-ਪਾਲਣ ਅਧੀਨ ਲਿਆਂਦਾ ਜਾ ਚੁੱਕਾ ਹੈ।ਬਾਅਦ ‘ਚ ਮੰਤਰੀ ਜੀ ਵੱਲੋਂ ਪਰੇਡ ਵਿੱਚ ਹਿੱਸਾ ਲੈਣ ਵਾਲੇ ਪਰੇਡ ਕਮਾਂਡਰਾਂ ਅਤੇ ਵੱਖ-ਵੱਖ ਆਈਟਮਾਂ ‘ਚ ਭਾਗ ਲੈਣ ਵਾਲੇ ਸਕੂਲ ਮੁਖੀਆਂ ਤੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਅਜੇ ਰਾਜ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਅਤੇ ਐਨ.ਸੀ.ਸੀ ਦੇ ਵਿਦਿਆਰਥੀਆਂ ਦੀਆਂ ਪਰੇਡ ਟੁਕੜੀਆਂ ਨੇ ਮਾਰਚ ਪਾਸਟ ‘ਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀ.ਟੀ.ਸ਼ੋਅ ਵੀ ਪੇਸ਼ ਕੀਤਾ ਗਿਆ। ਇਸ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ‘ਚ ਵੱਖ-ਵੱਖ ਸਕੂਲਾਂ ਅਤੇ ਡੀ.ਐਮ.ਕਾਲਜ ਮੋਗਾ ਦੇ 1500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਸਬ-ਡਵੀਜ਼ਨ ਪੱਧਰ ‘ਤੇ ਵੀ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ, ਵਿਧਾਇਕ ਮੋਗਾ ਡਾ: ਹਰਜੋਤ ਕਮਲ, ਵਿਧਾਇਕ ਬਾਘਾਪੁਰਾਣਾ ਸ. ਦਰਸ਼ਨ ਸਿੰਘ ਬਰਾੜ, ਵਿਧਾਇਕ ਧਰਮਕੋਟ ਸ. ਸੁਖਜੀਤ ਸਿੰਘ ਲੋਹਗੜ੍ਹ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਜਨਰਲ ਸਕੱਤਰ ਡਾ: ਤਾਰਾ ਸਿੰਘ ਸੰਧੂ, ਸੀਨੀਅਰ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਤੂਰ, ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ (ਜ) ਲਾਲ ਵਿਸਵਾਸ਼ ਬੈਂਸ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਕੇਸ਼ਵ ਗੋਇਲ, ਜ਼ਿਲ੍ਹਾ ਸ਼ੈਸਨ ਜੱਜ ਤਰਸੇਮ ਮੰਗਲਾ, ਜ਼ਿਲ੍ਹਾ ਜੱਜ ਫ਼ੈਮਲੀ ਕੋਰਟ ਰਣਧੀਰ ਵਰਮਾ, ਵਧੀਕ ਜ਼ਿਲ੍ਹਾ ਜੱਜ ਲਖਵਿੰਦਰ ਕੌਰ ਦੁੱਗਲ ਤੇ ਜਗਦੀਪ ਸੂਦ, ਸੀ.ਜੇ.ਐਮ ਸ੍ਰੀ ਵਿਨੀਤ ਕੁਮਾਰ ਨਾਰੰਗ ਅਤੇ ਬਿਕਰਮਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ) ਗੁਰਦਰਸ਼ਨ ਸਿੰਘ ਬਰਾੜ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲ ਮੁਖੀ ਆਦਿ ਹਾਜ਼ਰ ਸਨ।

Send this to a friend