April 27, 2026 12:18 am

ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਦੇ 67 ਬਾਲ ਘਰਾਂ ਦੀ ਚੈਕਿੰਗ

ਚੰਡੀਗੜ੍ਹ, 10 ਅਗਸਤ- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੇ ਨਿਰਦੇਸ਼ਾਂ ਉਤੇ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢਦਿਆਂ ਸੂਬੇ ਵਿੱਚ ਸਥਿਤ 67 ਬਾਲ ਸੰਭਾਲ ਸੰਸਥਾਵਾਂ ਦੀ ਅਹਿਤਿਆਤ ਵਜੋਂ ਚੈਕਿੰਗ ਕੀਤੀ ਗਈ ਜਿਸ ਵਿੱਚ ਸਭ ਕੁੱਝ ਠੀਕ ਪਾਇਆ ਗਿਆ ਅਤੇ ਕੋਈ ਵੀ ਵੱਡੀ ਸ਼ਿਕਾਇਤ, ਬੱਚਿਆਂ ਦੀ ਸੁਰੱਖਿਆ ਵਿੱਚ ਖਾਮੀ ਸਾਹਮਣੇ ਨਹੀਂ ਆਈ। ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਸਬੰਧੀ ਕੁਝ ਕੁ ਕਮੀਆਂ ਅਤੇ ਬਾਲ ਘਰਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਸੁਝਾਅ ਸਾਹਮਣੇ ਆਏ। ਇਸ ਤੋਂ ਇਲਾਵਾ ਬਾਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਉਤੇ ਕੋਈ ਵੀ ਵਿਅਕਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਬੱਚਿਆਂ ਤੇ ਇਸਤਰੀਆਂ ਦੀ ਸੁਰੱਖਿਆ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਜਿਸ ਲਈ ਵਿਭਾਗ ਵੱਲੋਂ ਬਾਲ ਨਿਆਂ (ਬਾਲਾਂ ਦੀ ਸੰਭਾਲ ਤੇ ਸੁਰੱਖਿਆ) ਕਾਨੂੰਨ 2015 ਦੀ ਧਾਰਾ 54 ਤਹਿਤ ਬਾਲ ਸੰਭਾਲ ਘਰਾਂ ਦੀ ਚੈਕਿੰਗ ਲਈ ਪਹਿਲਾਂ ਹੀ ਰਾਜ ਪੱਧਰੀ ਤੇ ਜ਼ਿਲਾ ਪੱਧਰੀ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਤੇ ਬਿਹਾਰ ਦੇ ਬਾਲ ਘਰਾਂ ਵਿੱਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਜਿਸ ਕਾਰਨ ਇਸ ਸੰਵੇਦਨਸ਼ੀਲ ਮੁੱਦੇ ’ਤੇ ਵਿਭਾਗ ਵੱਲੋਂ ਹੋਰ ਵੀ ਇਹਤਿਆਤ ਵਰਤਣ ਦਾ ਫੈਸਲਾ ਕਰਦਿਆਂ ਰੁਟੀਨ ਚੈਕਿੰਗਾਂ ਤੋਂ ਇਲਾਵਾਂ ਸੂਬਾ ਪੱਧਰ ’ਤੇ ਉਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਵਿਸ਼ੇਸ਼ ਚੈਕਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ।

Send this to a friend