ਤਲਵੰਡੀ ਸਾਬੋ, 8 ਅਗਸਤ (ਰਾਮ ਰੇਸ਼ਮ ਸ਼ਰਨ)- ਗੁਰੂ ਹਰਸਹਾਏ ਵਿਖੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲਂ ਦਸਤਾਰ ਤੇ ਟਿੱਪਣੀ ਕਰਨ ਦੇ ਮਸਲੇ ਵਿੱਚ ਅੱਜ ਪ੍ਰਿੰਸੀਪਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਸਾਹਮਣੇ ਤਲਬ ਕੀਤਾ ਗਿਆ। ਜਿਥੇ ਪ੍ਰਿੰਸੀਪਲ ਨੇ ਆਪਣੀ ਗਲਤੀ ਮੰਨਦੇ ਹੋਏ ਮਾਫੀ ਮੰਗੀ ਉਥੇ ਹੀ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ ਇਸਦਾ ਪੂਰਾ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ। ਜਾਣਕਾਰੀ ਅਨੁਸਾਰ ਗੁਰੂ ਹਰਸਹਾਏ ਦੇ ਨਿਊ ਅਕਾਲ ਸਹਾਏ ਖਾਲਸਾ ਅਕੈਡਮੀ ਵਿੱਚ ਕਾਰਜਕਾਰੀ ਪ੍ਰਿੰਸੀਪਲ ਰਾਜ ਸਿੰਘ ਨੇ ਇੱਕ ਸਿੱਖ ਵਿਦਿਆਰਥੀ ਸਾਹਿਲਪ੍ਰੀਤ ਸਿੰਘ ਦੀ ਦਸਤਾਰ ਨੂੰ ਲੈ ਕੇ ਟਿੱਪਣੀ ਕਰ ਦਿੱਤੀ।ਜਿਸ ਦਾ ਮਾਮਲਾ ਉਸ ਸਮੇਂ ਭਖ ਗਿਆ ਜਦਂ ਸਕੂਲ ਦੇ ਕੁੱਝ ਅਧਿਆਪਕਾਂ ਗੁਰਪ੍ਰੀਤ ਸਿੰਘ,ਹਰਜੋਤ ਸਿੰਘ ਅਤੇ ਹਰਮਿੰਦਰ ਸਿੰਘ ਨੇ ਸਿੱਖੀ ਪ੍ਰਤੀ ਆਪਣਾ ਫਰਜ ਸਮਝਦਿਆਂ ਸਕੂਲ ਦੀ ਨੌਕਰੀ ਛੱਡ ਕੇ ਇਸ ਮਾਮਲੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਿਕਾਇਤ ਕਰਕੇ ਕਰਵਾਈ ਦੀ ਮੰਗ ਕਰ ਦਿੱਤੀ।ਸਿੰਘ ਸਾਹਿਬ ਨੇ ਮਾਮਲੇ ਵਿੱਚ ਪ੍ਰਿੰਸੀਪਲ ਨੂੰ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਆਦੇਸ਼ ਜਾਰੀ ਕੀਤੇ।ਪ੍ਰਿੰਸੀਪਲ ਨੇ ਪੰਜ ਪਿਆਰਿਆਂ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਹੋਈ ਗਲਤੀ ਦੀ ਲਿਖਤੀ ਰੂਪ ਵਿੱਚ ਮਾਫੀ ਮੰਗ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦਾ ਬਚਨ ਵੀ ਦਿੱਤਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਅਣਜਾਣੇ ਵਿੱਚ ਗਲਤੀ ਦਸਦੇ ਹੋਏ ਲਿਖਤੀ ਰੂਪ ਵਿੱਚ ਮਾਫੀ ਮੰਗ ਲਈ ਹੈ। ਇਸ ਮੌਕੇ ਪ੍ਰਿੰਸੀਪਲ ਨਾਲ ਸਕੂਲ ਦੇ ਪ੍ਰਧਾਨ ਬਖਸ਼ੀਸ ਸਿੰਘ ਅਤੇ ਪਰਮਿੰਦਰਜੀਤ ਸਿੰਘ ਵੀ ਪੁੱਜੇ ਹੋਏ ਸਨ।