ਕੇਜਰੀਵਾਲ ਅਕਤੂਬਰ ਫੇਰੀ ’ਚ ਪੰਜਾਬ ‘ਆਪ’ ਦਾ ਕਰਨਗੇ ਪੁਨਰਗਠਨ
ਸੰਗਰੂਰ, 6 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ’ਚ ਦੋਫਾੜ ਹੋਣ ਦੇ ਕੰਢੇ ’ਤੇ ਪਹੁੰਚੀ ‘ਆਪ’ ਨੂੰ ਸਮੇਟਣ ਲਈ ਹੁਣ ਪਾਰਟੀ ਹਾਈਕਮਾਨ ਨੇ ਭਗਵੰਤ ਮਾਨ ਦੇ ਹਥ ਪੰਜਾਬ ‘ਆਪ’ ਦੀ ਕਮਾਨ ਮੁੜ ਸੌਂਪਣ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਦਿਲੀ ਦੇ ਹਸਪਤਾਲ ਵਿਚ ਦਾਖਲ ਮਾਨ ਦਾ ਹਾਲ-ਚਾਲ ਪੁਛਣ ਬਹਾਨੇ ਕੇਜਰੀਵਾਲ, ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਉਨ੍ਹਾਂ ਨੂੰ ‘ਆਪ’ ਦੀ ਪੰਜਾਬ ਇਕਾਈ ਦੀ ਅਗਵਾਈ ਕਰਨ ਲਈ ਕਿਹਾ ਅਤੇ ਜਿਸ ਲਈ ਮਾਨ ਨੇ ਹਾਮੀ ਵੀ ਭਰ ਦਿਤੀ ਹੈ। ਜਗਰਾਓਂ ਤੋਂ ‘ਆਪ‘ ਵਿਧਾਇਕ ਅਤੇ ਵਿਰੋਧੀ ਧਿਰ ਦੀ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ ਨੇ ਵੀ ਬੀਤੇ ਦਿਨੀਂ ਇਸ ਵਲ ਇਸ਼ਾਰਾ ਕੀਤਾ ਸੀ।ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹੇ ਜਾਣ ਤੋਂ ਬਾਅਦ ‘ਆਪ‘ ‘ਚ ਅਜਿਹਾ ਖਿਲਾਰਾ ਪਿਆ ਕਿ ਹਾਈਕਮਾਨ ਨੂੰ ਹੁਣ ਡੈਮੇਜ਼ ਕੰਟਰੋਲ ਕਰਨਾ ਪੈ ਰਿਹਾ ਹੈ। ਇਕ ਪਾਸੇ ਖਹਿਰਾ ਧੜਾ ਤੇ ਦੂਜੇ ਪਾਸੇ ਹਾਈਕਮਾਨ ਦੇ ਸਮਰਥਕ ਵਿਧਾਇਕ। ਦੋਵੇਂ ਧੜੇ ਇਕ-ਦੂਜੇ ‘ਤੇ ਦੋਸ਼ ਲਗਾ ਕੇ ਇਕ-ਦੂਜੇ ਨੂੰ ਨੀਂਵਾਂ ਦਿਖਾਉਣ ‘ਤੇ ਲਗੇ ਹੋਏ ਹਨ ਪਰ ਇਸ ਵਿਚਕਾਰ ਭਗਵੰਤ ਮਾਨ ਹੀ ਇਕ ਅਜਿਹਾ ਸਖਸ਼ ਹੈ, ਜਿਸ ਬਾਰੇ ਲੋਕਾਂ ਨੇ ਚਾਹੇ ਜੋ ਮਰਜ਼ੀ ਕਿਹਾ ਪਰ ਦੋਹਾਂ ਧੜਿਆਂ ’ਚੋਂ ਕਿਸੇ ਨੇ ਵੀ ਉਨ੍ਹਾਂ ਬਾਰੇ ਵਿਰੋਧ ਦਾ ਇਕ ਸ਼ਬਦ ਨਹੀਂ ਕਿਹਾ। ਲਿਹਾਜ਼ਾ ਭਗਵੰਤ ਮਾਨ ਹੀ ਅਜਿਹੇ ਇਕਲੌਤੇ ਵਿਅਕਤੀ ਹਨ, ਜੋ ਡੁਬਦੀ ਹੋਈ ‘ਆਪ‘ ਦੀ ਬੇੜੀ ਪਾਰ ਲਗਾ ਸਕਦੇ ਹਨ।ਇਥੇ ਦਸ ਦੇਈਏ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਮਾਨ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਤਾ ਸੀ ਪਰ ਉਨ੍ਹਾਂ ਦਾ ਅਸਤੀਫਾ ਕਦੇ ਮਨਜ਼ੂਰ ਨਹੀਂ ਹੋਇਆ ਹਾਲਾਂਕਿ ਡਾ. ਬਲਬੀਰ ਸਿੰਘ ਨੂੰ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ ਪਰ ਭਗਵੰਤ ‘ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਦੁਬਾਰਾ ਇਹ ‘ਮਾਣ’ ਬਖਸ਼ਿਆ ਜਾ ਰਿਹਾ ਹੈ।