ਬਜੁਰਗ ਘਰਾਂ ਦੀ ਰੌਣਕ ਤੇ ਬੋਹੜ ਦੀ ਸੰਘਣੀ ਛਾਂ ਵਾਂਗ ਹੁੰਦੇ ਹਨ। ਜਿਨਾਂ ਦੀ ਛਾਂ ਹੇਠਾਂ ਬੈਠ ਕੇ ਹਰੇਕ ਵਿਅਕਤੀ ਨੂੰ ਜਿੰਦਗੀ ਜਿਊਣ ਦੇ ਸੁੱਚਜੇ ਢੰਗਾਂ ਬਾਰੇ ਪਤਾ ਚਲਦਾ ਹੈ। ਬਜੁਰਗਾਂ ਬਿਨਾਂ ਘਰ ਸੁੰਨੇ ਜਾਪਦੇ ਹਨ ਤੇ ਕਿਹਾ ਜਾਂਦਾ ਹੈ ਕਿ ਵਡੇਰਿਆਂ ਦੇ ਮੂੰਹੋਂ ਨਿਕਲੇ ਹਰ ਇੱਕ ਸ਼ਬਦ ਦਾ ਵਾਸਾ ਲੋਕ ਪਰਲੋਕ ਵਿੱਚ ਹੁੰਦਾ ਹੈ।ਬਜੁਰਗਾਂ ਦੀਆਂ ਦੁਆਵਾਂ ਬੰਦੇ ਨੂੰ ਕੱਖਾਂ ਤੋਂ ਲੱਖਾਂ ਵਰਗਾ ਬਣਾ ਦਿੰਦੀਆਂ ਹਨ ਪਰ ਬਜੁਰਗਾਂ ਦੀਆਂ ਦੁਆਵਾਂ ਵੀ ਉਨ੍ਹਾਂ ਨੂੰ ਨਸੀਬ ਹੁੰਦੀਆਂ ਹਨ ਜੋ ਬਜੁਰਗਾਂ ਦਾ ਆਦਰ ਸਤਿਕਾਰ ਕਰਦੇ ਹਨ। ਜਦੋਂ ਕੋਈ ਵੀ ਸੱਚੇ ਦਿਲੋਂ ਬਜੁਰਗਾਂ ਦੀ ਸੇਵਾ ਕਰਦਾ ਹੈ , ਉਨ੍ਹਾਂ ਦੀਆਂ ਜਰੂਰਤਾਂ ਦਾ ਧਿਆਨ ਰੱਖਦਾ ਹੈ ਤਾਂ ਉਸਦੇ ਲਈ ਬਜੁਰਗਾਂ ਦੇ ਮੂੰਹੋਂ ਆਪ-ਮੁਹਾਰੇ ਹੀ ਅਸੀਸਾਂ ਦੀ ਵਰਖਾ ਹੋਣ ਲੱਗ ਪੈਂਦੀ ਹੈ । ਪਰ ਜਦੋਂ ਕੋਈ ਆਪਣੇ ਬਜੁਰਗਾਂ ਵੱਲੋਂ ਮੂੰਹ ਮੋੜ ਲੈਂਦਾ ਹੈ , ਉਨ੍ਹਾਂ ਨੂੰ ਤਵਜੋ ਦੇਣ ਦੀ ਥਾਂ ਆਪਣੇ ਕਾਰੋਬਾਰ ਅਤੇ ਬੱਚਿਆਂ ਵੱਲ ਜਿਆਦਾ ਧਿਆਨ ਦੇਣ ਲੱਗ ਪੈਂਦਾ ਹੈ ਤਾਂ ਉਸ ਨੂੰ ਆਪਣੇ ਬਜੁਰਗਾਂ ਤੋਂ ਅਸੀਸਾਂ ਦੀ ਆਸ ਨਹੀਂ ਰੱਖਣੀ ਚਾਹੀਦੀ ।ਇਸੇ ਕਰਕੇ ਹੀ ਅੱਜ ਕੱਲ੍ਹ ਬਜੁਰਗਾਂ ਨੂੰ ਬੋਝ ਸਮਝਿਆ ਜਾਂਦਾ ਹੈ ਤੇ ਉਨਾਂ ਨੂੰ ਬਿਰਧ ਆਸ਼ਰਮਾਂ ਵਿੱਚ ਪਨਾਹ ਦਿੱਤੀ ਜਾਂਦੀ ਹੈ ਜਾਂ ਉਨਾਂ ਦੇ ਹੀ ਬੱਚਿਆਂ ਵੱਲੋਂ ਘਰ ਵਿੱਚੋਂ ਕੱਢ ਜਾਂ ਉਨਾਂ ਦੀ ਬੇਕਦਰੀ ਕੀਤੀ ਜਾਂਦੀ ਹੈ ।ਪਰ ਅਸੀ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਫਲਦਾਰ ਜਾਂ ਛਾਂਦਾਰ ਬੂਟੇ ਨੂੰ ਵੀ ਜੇ ਪਾਣੀ ਪਾਵਾਂਗੇ ਤਾਂ ਹੀ ਉਹ ਛਾਂ ਜਾਂ ਫਲ਼ ਦੇਣਗੇ ਬੇਧਿਆਨੀ ਨਾਲ ਤਾਂ ਵੱਡੇ ਵੱਡੇ ਬਾਗ ਵੀ ਮੁੱਕ ਜਾਂਦੇ ਹਨ ਅਤੇ ਸੁੱਕੇ ਰੁੱਖਾਂ ਦੀ ਕਦੇ ਛਾਂ ਨਹੀਂ ਹੁੰਦੀ।
ਇੱਕ ਸਮਾਂ ਹੁੰਦਾ ਹੈ ਜਦੋਂ ਹਰ ਬੱਚਾ ਸੁਫਨਿਆਂ ਦੀ ਦੁਨੀਆ ਵਿੱਚ ਜਿਊਂਦਾ ਹੈ , ਉਸ ਨੂੰ ਆਪਣੀ ਮਾਂ ਹੀ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਤੇ ਪਿਤਾ ਦੁਨੀਆਂ ਦਾ ਸਭ ਤੋਂ ਤਾਕਤਵਰ ਤੇ ਸਿਆਣਾ ਆਦਮੀ ਜਾਪਦਾ ਹੈ ਪਰ ਵਕਤ ਬੀਤਣ ਨਾਲ ਜਦੋਂ ਬੱਚਾ ਜ਼ਰਾ ਸਿਆਣਾ ਤੇ ਜਵਾਨ ਹੋਣ ਲੱਗਦਾ ਹੈ ਤਾਂ ਉਸਨੂੰ ਬਾਕੀ ਔਰਤਾਂ ਵੀ ਮਾਂ ਵਾਂਗ ਖੂਬਸੂਰਤ ਲੱਗਣ ਲੱਗ ਪੈਂਦੀਆਂ ਹਨ ਅਤੇ ਆਪਣੇ ਪਿਓ ਨਾਲੋਂ ਸਿਆਣੇ ਤੇ ਤਾਕਤਵਰ ਆਦਮੀ ਵੀ ਆਪਣੇ ਚਾਰ-ਚੁਫੇਰੇ ਦਿਸਣ ਲੱਗ ਪੈਂਦੇ ਹਨ।
ਲਾਡ ਲਾਡ ਵਿੱਚ ਹੀ ਜਦੋਂ ਮਾਂ ਬਾਪ ਬੱਚਿਆ ਦੀਆਂ ਨਾਜ਼ਾਇਜ ਤੇ ਫਜ਼ੂਲ ਫਰਮਾਇਸ਼ਾਂ ਪੂਰੀਆਂ ਕਰਨ ਦੀ ਗਲਤੀ ਕਰ ਬੈਠਦੇ ਹਨ ਤਾਂ ਬੱਚੇ ਦਿਨਾਂ ਵਿੱਚ ਹੀ ਉਨ੍ਹਾਂ ਦੇ ਸਿਰ ਚੜ੍ਹ ਜਾਂਦੇ ਹਨ ਉਸ ਤੋਂ ਬਾਅਦ ਜਦ ਮਾਂ ਪਿਓ ਬੱਚਿਆਂ ਨੂੰ ਜ਼ਿੰਦਗੀ ਬਾਰੇ ਕੁਝ ਵੀ ਸਮਝਾਉਣ ਲੱਗਦੇ ਹਨ ਜਾਂ ਉਨ੍ਹਾਂ ਦੀਆਂ ਵਿਗੜੀਆਂ ਆਦਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਓਹੀ ਬੱਚੇ ਆਪਣੇ ਆਪ ਨੂੰ ਕੈਦੀ ਸਮਝਣ ਲੱਗ ਪੈਂਦੇ ਹਨ । ਉਸਨੂੰ ਘਰ ਦਾ ਹਰ ਇੱਕ ਜੀਅ ਚੰਗਾ ਨਹੀਂ ਲਗਦਾ ਕਿਉਂਕਿ ਉਸਨੂੰ ਲੱਗਦਾ ਹੈ ਕਿ ਓਹੀ ਸਹੀ ਹੈ ਤੇ ਬਾਕੀ ਸਾਰੇ ਗਲਤ ਜਿਸ ਕਾਰਨ ਉਹ ਹਰ ਗੱਲ ਉਪਰ ਬਗਾਵਤ ਸ਼ੁਰੂ ਕਰ ਦਿੰਦਾ ਹੈ।ਤੇ ਮਾਪਿਆਂ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਜਿਹੜੇ ਬੱਚਿਆ ਨੂੰ ਲਾਡਾਂ ਨਾਲ ਪਾਲਿਆ ਹੁੰਦਾ ਹੈ ਤੇ ਉਸ ਬੱਚੇ ਨੂੰ ਆਪਣੇ ਮਾਪੇ ਹੀ ਜਹਿਰ ਲੱਗਣ ਲੱਗ ਪੈਂਦੇ ਹਨ ਜਿਸ ਕਾਰਨ ਕਈ ਵਾਰੀ ਬੱਚੇ ਬਹੁਤ ਸਾਰੀਆਂ ਗਲਤੀਆਂ ਕਰ ਬੈਠਦੇ ਹਨ ਜਿਨਾਂ ਦਾ ਨਤੀਜਾ ਬਹੁਤ ਹੀ ਮਾੜਾ ਨਿਕਲਦਾ ਹੈ।
ਪਰ ਸਮਾਂ ਬੀਤਣ ਨਾਲ ਜਦੋਂ ਉਹ ਬੱਚੇ ਖੁਦ ਮਾਂ ਬਾਪ ਬਣਦੇ ਹਨ ਅਤੇ ਉਨ੍ਹਾਂ ਦੇ ਬੱਚੇ ਬਗਾਵਤ ਕਰਨ ਲੱਗ ਪੈਂਦੇ ਹਨ ਜੋ ਉਹ ਖੁਦ ਕਰਿਆ ਕਰਦੇ ਸਨ ਤਾਂ ਉਨ੍ਹਾਂ ਨੂੰ ਆਪਣੇ ਬਚਪਨ ਵਿੱਚ ਕੀਤੀਆਂ ਗਲਤੀਆਂ ਤੇ ਜਿਆਦਤੀਆਂ ਦਾ ਅਹਿਸਾਸ ਹੁੰਦਾ ਹੈ ਉਸ ਵਕਤ ਜੇ ਆਪਣੇ ਮਾਂ ਬਾਪ ਦੇ ਕਹਿਣੇ ਵਿੱਚ ਰਹਿੰਦੇ ਤਾਂ ਅੱਜ ਉਨ੍ਹਾਂ ਦੇ ਬੱਚੇ ਅਜਿਹਾ ਵਰਤੀਰਾ ਨਾ ਕਰਦੇ ਕਿਉਂਕਿ ਬੱਚੇ ਤਾਂ ਜਾਨਵਰ ਵੀ ਪੈਦਾ ਕਰਦੇ ਹਨ ਪਰ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਅੱਜ ਦੇ ਸਮੇਂ ਦੀ ਮੁੱਢਲੀ ਲੋੜ ਹੈ ।ਇਸਲਈ ਸਾਨੂੰ ਕਦੇ ਵੀ ਵੱਡਿਆਂ ਦੀਆਂ ਕਹੀਆਂ ਗੱਲਾਂ ਤੋਂ ਮੁੱਖ ਨਹੀਂ ਫੇਰਨਾ ਚਾਹੀਦਾ ਕਿਉਂਕਿ ਉਨ੍ਹਾਂ ਦੀ ਉਮਰ ਤੇ ਜਿੰਦਗੀ ਦੇ ਉਤਾਅ ਚੜਾਅ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੁੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਵੀ ਉਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਚੰਗਾ ਜੀਵਨ ਨਿਰਬਾਹ ਕਰ ਸਕੀਏ ਘਰਾਂ ਦੀ ਰੌਣਕ ਬਜੁਰਗ ਹੁੰਦੇ ਹਨ ਇਸਲਈ ਉਨ੍ਹਾਂ ਦਾ ਸਤਿਕਾਰ ਕਰੋ ਨਾ ਕਿ ਬਜੁਰਗਾਂ ਨੂੰ ਅਣਦੇਖਿਆ ਜਾਂ ਅਣਸੁਣਿਆ ਕਰੀਏ ।ਰੱਬ ਵੀ ਉਸਨੂੰ ਨਹੀਂ ਬਖਸ਼ਦਾ ਜਿਸ ਘਰ ਬਜੁਰਗਾਂ ਦਾ ਨਿਰਾਦਰ ਕੀਤਾ ਜਾਂਦਾ ਹੈ। ਲੋਕੀ ਮੰਦਿਰਾਂ ਮਸੀਤਾਂ ਵਿੱਚ ਰੱਬ ਲੱਭਦੇ ਹਨ ਪਰ ਅਸਲੀ ਰੱਬ ਤਾਂ ਸਾਡੇ ਘਰਾਂ ਵਿੱਚ ਬੈਠੇ ਬਜੁਰਗ ਹੁੰਦੇ ਹਨ ਇਸਲਈ ਸਾਨੂੰ ਸਾਰਿਆ ਨੂੰ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਬਜੁਰਗਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ।