ਸੰਗਰੂਰ, 9 ਮਾਰਚ (ਹਰਿੰਦਰਪਾਲ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਗਰੀਬਾਂ ਦੇ ਹਿੱਤਾਂ ਲਈ ਕਦੇ ਸੋਚਿਆ ਤੱਕ ਨਹੀਂ। ਸਗੋਂ ਕਾਂਗਰਸ ਦੀ ਸੋਚ ਹਮੇਸ਼ਾਂ ਗਰੀਬਾਂ ਨੂੰ ਹੋਰ ਗਰੀਬ ਕਰਨ ਦੀ ਰਹੀ ਹੈ। ਉਹ ਇੱਥੇ ਦਲਿਤ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਦੇ ਇਕੱਠ ਦੌਰਾਨ ਬੋਲ ਰਹੇ ਸਨ। ਇਹ ਸੈਂਕੜੇ ਨੌਜਵਾਨ ਦਲਿਤ ਆਗੂ ਵਿਜੇ ਸਾਹਨੀ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਵਿਚ ਸ ਸੁਖਦੇਵ ਸਿੰਘ ਢੀਂਡਸਾ ਦੀ ਖੁੱਲ੍ਹੇਆਮ ਹਮਾਇਤ ਕਰਨ ਤੇ ਸਮੁੱਚੇ ਦਲਿਤ ਵਰਗ ਦੇ ਹੋਰ ਲੋਕਾਂ ਨੂੰ ਨਾਲ ਜੋੜਣ ਦੀ ਸੋਚ ਲੈ ਕੇ ਆਏ ਸਨ। ਸ. ਢੀਂਡਸਾ ਨੇ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜਭਾਗ ਦੌਰਾਨ
ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਵਾਲੀਆਂ ਨੀਤੀਆਂ ਹੀ ਬਣੀਆਂ। ਇਸ ਰਾਜ ਦੌਰਾਨ ਗਰੀਬ ਹੋਰ ਗਰੀਬ ਹੁੰਦਾ ਰਿਹਾ। ਉਨ੍ਹਾਂ ਕਿਹਾ ਕਿ ਕਈ ਪੀੜ੍ਹੀਆਂ ਤੋਂ ਕਾਂਗਰਸ ਗਰੀਬੀ ਹਟਾਓ ਦਾ ਨਾਅਰਾ ਲਗਾ ਕੇ ਵੋਟਾਂ ਬਟੋਰਦੀ ਰਹੀ ਹੈ। ਹੁਣ ਦੇਸ਼ ਦੇ ਲੋਕ ਕਾਂਗਰਸ ਦੀ ਇਸ ਭੈੜੀ ਨੀਯਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਆਪਣੇ ਹੱਕਾਂ ਪ੍ਰਤੀ ਵੋਟਰ ਜਾਗਰੂਕ ਹੋ ਚੁੱਕੇ ਹਨ। ਇਸੇ ਕਰਕੇ ਹਰ ਵਰਗ ਦੇ ਲੋਕ ਦੇਸ਼ ਦੀ ਸੱਤ੍ਹਾ ਦਾ ਬਦਲਾਅ ਚਾਹੁੰਦੇ ਹਨ। ਐਨ.ਡੀ.ਏ. ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀਆਂ ਰੈਲੀਆਂ ਦਾ ਵਿਸ਼ਾਲ ਇਕੱਠ ਇਸ ਗੱਲ ਦਾ ਪੁਖਤਾ ਸਬੂਤ ਹੈ। ਸ. ਢੀਂਡਸਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ 1977 ਦੀਆਂ ਚੋਣਾਂ ਵਾਂਗ ਧੋਖੇ ਤੇ ਝੂਠ ਵਿਚ ਡੁੱਬੀ ਕਾਂਗਰਸ ਪਾਰਟੀ ਨੂੰ ਸੱਤ੍ਹਾ ਤੋਂ ਲਾਂਭੇ ਕਰਨ ਵਿਚ ਅਹਿਮ ਰੋਲ ਅਦਾ ਕਰਨ।
ਇਸ ਮੌਕੇ ਬੋਲਦਿਆਂ ਵਿਜੇ ਸਾਹਨੀ ਨੇ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਦੀ ਪਾਕ-ਪਵਿੱਤਰ ਸ਼ਖਸ਼ੀਅਤ ਤੋਂ ਹਰ ਵਰਗ ਬੇਹੱਦ ਪ੍ਰਭਾਵਿਤ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਸ. ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿਚ ਜੋਰਦਾਰ ਲਹਿਰ ਚੱਲ ਚੁੱਕੀ ਹੈ। ਸਮੁੱਚਾ ਦਲਿਤ ਭਾਈਚਾਰਾ ਸ. ਢੀਂਡਸਾ ਦੇ ਪੱਖ ਵਿਚ ਸਟੈਂਡ ਲੈ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ.ਢੀਂਡਸਾ ਦੀ ਜਿੱਤ ਯਕੀਨੀ ਬਣਾਉਣ ਲਈ ਦਲਿਤ ਭਾਈਚਾਰੇ ਦੇ ਨੌਜਵਾਨ ਜੋਰਦਾਰ ਹੰਭਲਾ ਮਾਰਨਗੇ।
ਇਸ ਮੌਕੇ ਮਾਲੇਰਕੋਟਲਾ ਤੋਂ ਕਪਿਲ ਟਾਂਕ, ਵਿਨੈ ਕੁਮਾਰ ਬਰਨਾਲਾ, ਸ਼ਮਸ਼ੇਰ ਸਿੰਘ, ਕਾਲਾ ਪ੍ਰਧਾਨ ਤਪਾ, ਮਹਾਦੀਪ ਧਨੌਲਾ, ਦਿਗਵਿਜੇ ਕਲਿਆਣ, ਸੁਖਵਿੰਦਰ ਲਹਿਰਾਗਾਗਾ, ਵਿਕਾਸ ਕੁਮਾਰ ਵਿੱਕੀ, ਰਵੀ ਪਰੋਚਾ ਧੂਰੀ, ਦੀਪਕ ਕੁਮਾਰ, ਵਿੱਕੀ ਪਰੋਚਾ ਬਰਨਾਲਾ, ਬਿੱਟੂ ਡਾਂਗ, ਗੋਲਡੀ ਸੁਨਾਮ, ਪੰਜਾਬ ਹੱਜ ਕਮੇਟੀ ਦੇ ਮੈਂਬਰ ਜਨਾਬ ਸੁਰਜੀਤ ਖਾਨ ਤੇ ਗੁਰਮੀਤ ਸਿੰਘ ਜੌਹਲ ਮੌਜੂਦ ਸਨ।