ਫਰੀਦਕੋਟ, 30 ਜੁਲਾਈ (ਗੁਰਜੀਤ ਰੋਮਾਣਾ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਮੁਚੇ ਰਾਜ ਨੂੰ ਨਸ਼ਾਂ ਮੁਕਤ ਕਰਨ, ਨਸ਼ਿਆਂ ਦੀ ਸਪਲਾਈ ਲਾਈਨ ਤੋੜਣ ਅਤੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਨੂੰ ਮੁਖ ਧਾਰਾ ਵਿਚ ਲਿਆ ਕੇ ਉਨਾਂ ਦਾ ਇਲਾਜ ਕਰਨ ਲਈ ਫਰੀਦਕੋਟ ਜ਼ਿਲੇ ਵਿਚ ਵਡੀ ਪਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਲੋਕਾਂ ਨੂੰ ਪਿੰਡ ਪਧਰ ਤੇ ਕਮੇਟੀਆਂ ਸਥਾਪਿਤ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਨਸ਼ਿਆਂ ਵਿਰੁਧ ਜਾਗਰੂਕਤਾ ਮੁਹਿੰਮ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਮੌਕੇ ਕੀਤਾ।ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲਾ ਪ੍ਰਸਾਸ਼ਨ ਵਲੋਂ ਪਿੰਡ ਪਧਰ ਤੇ ਨਸ਼ਾਂ ਵਿਰੋਧੀ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ ਜੋ ਕਿ ਲੋਕਾਂ ਨੂੰ ਪਿੰਡੇ, ਵਾਰਡ ਪਧਰ ਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰ ਰਹੀਆਂ ਹਨ ਅਤੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਦੀ ਸ਼ਨਾਖਤ ਕਰਕੇ ਉਨਾਂ ਨੂੰ ਨਸ਼ਾਂ ਛੁਡਾਊ ਕੇਂਦਰਾਂ, ਓਟ ਸੈਂਟਰਾਂ ਵਿਚ ਇਲਾਜ ਲਈ ਪ੍ਰੇਰ ਰਹੀਆਂ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਖੁਸ਼ਹਾਲੀ ਦੇ ਰਾਖੇ ( ਜੀ.ਓ.ਜੀ) ਵਲੋਂ ਇਸ ਮੁਹਿੰਮ ਵਿਚ ਵਡਾ ਯੋਗਦਾਨ ਦਿਤਾ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ. ਰਾਜ ਬਚਨ ਸਿੰਘ ਸੰਧੂ ਨੇ ਦਸਿਆ ਕਿ ਨਸ਼ਾ ਤਸਕਰ ਦੀ ਸੂਚਨਾਂ ਦੇਣ ਵਾਲੇ ਦਾ ਨਾਂ ਗੁਪਤ ਰਖਿਆ ਜਾਵੇਗਾ। ਉਨਾਂ ਕਿਹਾ ਕਿ ਪੁਲਿਸ ਵਲੋਂ ਚਲਾਈ ਜਾ ਰਹੀ ਹੈ ਡੈਪੋ ਮੁਹਿੰਮ ਤਹਿਤ ਪਿੰਡ ਦੇ ਲੌਕਾਂ ਨੂੰ ਬਣਾਈ ਕਮੇਟੀ ਰਾਹੀਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 24 ਘੰਟੇ ਚਲਣ ਵਾਲਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦਾ ਨੰਬਰ ਜਲਦ ਹੀ ਜਨਤਕ ਕੀਤਾ ਜਾਵੇਗਾ। ਉਨਾਂ ਇਹ ਵੀ ਦਸਿਆ ਕਿ ਇਸ ਤੋਂ ਇਲਾਵਾ ਹੈਲਪ ਲਾਈਨ ਨੰਬਰ 112 ਤੇ ਵੀ ਪੁਲਿਸ ਨੂੰ ਨਸ਼ਾਂ ਤਸਕਰਾਂ ਸਬੰਧੀ ਸੂਚਨਾਂ ਦਿਤੀ ਜਾ ਸਕਦੀ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਗੁਰਜੀਤ ਸਿੰਘ, ਐਸ.ਡੀ.ਐਮ ਫਰੀਦਕੋਟ, ਕੋਟਕਪੂਰਾ ਸ. ਹਰਜੀਤ ਸਿੰਘ, ਐਸ.ਡੀ.ਐਮ ਜੈਤੋ ਡਾ. ਮਨਦੀਪ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ ) ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸੇਵਾ ਸਿੰਘ ਮਲੀ,ਜ਼ਿਲਾ ਅਟਾਰਨੀ ਸ੍ਰੀ ਰਜਨੀਸ਼ ਕੁਮਾਰ, ਜੀ.ਓ.ਜੀ ਰਿਟਾਇਰਡ ਐਮ.ਐਸ ਵਿਰਕ, ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੁਗਰਾਜ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।