ਪੱਛਮੀ ਬੰਗਾਲ ਦੇ ਚੰਦਰਕੋਨਾ ਦਾ ਗੁਰਦੁਆਰਾ

image ਪਿਛਲੇ ਦਿਨੀਂ ਪੱਛਮੀ ਬੰਗਾਲ ਜਾਣ ਦਾ ਸਬੱਬ ਬਣਿਆ। ਕਲਕੱਤੇ ਰਿਸ਼ਤੇਦਾਰੀ ਵਿੱਚ ਕੁਝ ਦਿਨ ਗੁਜ਼ਾਰਦਿਆਂ ਉਨ੍ਹਾਂ ਕੋਲ ਪੱਛਮੀ ਬੰਗਾਲ ਦੇ ਪੇਂਡੂ ਜੀਵਨ/ਰਹਿਤਲ ਨੂੰ ਹੋਰ ਨੇੜਿਓਂ ਵੇਖਣ ਦੀ ਇੱਛਾ ਪ੍ਰਗਟਾਈ ਕਿਉਂਕਿ ਕੁਝ ਕੁ ਮਹੱਤਵਪੂਰਨ ਵੇਖਣਯੋਗ ਥਾਂਵਾਂ ਤੋਂ ਬਿਨਾਂ ਸਾਰੇ ਮਹਾਂਨਗਰ ਲਗਪਗ ਇੱਕੋ-ਜਿਹੇ ਹੀ ਲੱਗਦੇ ਨੇ ਮੈਨੂੰ ਤਾਂ, ਉਹੀ  ਮਾਲਜ਼, ਸ਼ਾਪਿੰਗ  ਕੰਪਲੈਕਸ, ਟਰੈਫਿਕ ਜਾਮ ਤੇ ਹੋਰ ਇਹੋ ਜਿਹਾ ਸਭ ਕੁਝ….। ਨਾਲੇ ਮੇਰੀ ਦਿਲਚਸਪੀ ਕਿਸੇ ਵੀ ਨਵੇਂ ਖੇਤਰ ਵਿੱਚ ਜਾ ਕੇ ਉੱਥੋਂ ਦੇ ਪੇਂਡੂ ਜਨਜੀਵਨ ਜਾਂ ਦੁਰਾਡੇ ਇਲਾਕੇ ਨੂੰ  ਵੇਖਣ ਵਿੱਚ ਜ਼ਿਆਦਾ ਹੁੰਦੀ ਹੈ। ਮੈਨੂੰ ਦੱਸਿਆ ਗਿਆ ਕਿ ਕਲਕੱਤੇ ਤੋਂ ਲਗਪਗ 140 ਕੁ ਕਿਲੋਮੀਟਰ ਖੜਗਪੁਰ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਜਗ੍ਹਾ, ਚੰਦਰਕੋਨਾ ਟਾਊਨ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਮੈਂ ਸੋਚਿਆ ਉਸ ਪੇਂਡੂ ਇਲਾਕੇ ਦੇ ਜਨ-ਸਾਧਾਰਨ ਦੀ ਜ਼ਿੰਦਗੀ ਨੂੰ ਵੀ  ਨੇੜਿਓਂ  ਵੇਖਿਆ ਜਾ ਸਕੇਗਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਹੋ ਜਾਣਗੇ।

ਅਸੀਂ ਅਗਲੇ ਦਿਨ ਸਵੇਰੇ ਕਾਰ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਏ। ਕਲਕੱਤੇ ਤੋਂ ਖੜਗਪੁਰ ਵੱਲ ਦੇ ਹਾਈਵੇਅ ਉੱਪਰ 80 ਕਿਲੋਮੀਟਰ ਜਾ ਕੇ ਮੀਚੋਗਰਾਮ ਨਾਂ ਦੇ ਕਸਬੇ ਤੋਂ ਸੱਜੇ ਨੂੰ ਮੁੜੇ। ਇੱਕ ਵਜੇ ਦੇ ਲਗਪਗ ਗੁਰਦੁਆਰਾ ਸਾਹਿਬ ਪਹੁੰਚ ਗਏ। ਗੁਰਦੁਆਰਾ ਸਾਹਿਬ ਚੰਦਰਕੋਨਾ ਟਾਊਨ ਲਾਗੇ ਪੈਂਦਾ ਹੈ, ਰਾਮਗੜ੍ਹ, ਤੇ ਦਾਮਕੁੜਾ ਨਾਂ ਦੇ ਪਿੰਡਾਂ ਦੇ ਨੇੜੇ। ਚੰਦਰਕੋਨਾ ਟਾਊਨ ਦੀ ਤਹਿਸੀਲ ਘੁਟਾਲ ਤੇ ਜ਼ਿਲ੍ਹਾ, ਪੱਛਮੀ  ਪੇਧਨੀਪੁਰ ਹੈ। ਤਹਿਸੀਲ ਘੁਟਾਲ ਤੋਂ ਗੁਰਦੁਆਰਾ ਸਾਹਿਬ 30 ਕੁ ਕਿਲੋਮੀਟਰ ਦੀ ਵਿੱਥ ‘ਤੇ ਹੈ। ਇਸ ਨੂੰ ਨਾਨਕਸ਼ਾਹੀ ਆਸ਼ਰਮ ਵੀ ਕਿਹਾ ਜਾਂਦਾ ਹੈ।
ਇਤਿਹਾਸ ਤੋਂ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਪੁਰੀ ਦੀ ਫੇਰੀ  ਦੌਰਾਨ ਜੂਨ,  1560 ਈਸਵੀ ਨੂੰ ਇੱਥੇ ਆਏ ਸਨ। ਇੱਥੇ ਉਨ੍ਹਾਂ ਨੇ ਤਿੰਨ ਦਿਨ ਇੱਕ ਬੇਲ ਦੇ ਰੁੱਖ ਹੇਠ ਵਿਸ਼ਰਾਮ ਕੀਤਾ। ਇਸ ਜਗ੍ਹਾ ‘ਤੇ ਗੁਰੂ ਜੀ ਦੇ  ਸ਼ਰਧਾਲੂ ਬਾਬਾ ਵਿਸਾਖੀ ਦਾਸ ਰਹਿੰਦੇ ਸਨ ਜਿਨ੍ਹਾਂ ਦੀ ਗੁਰੂ ਜੀ ਦੇ ਦਰਸ਼ਨਾਂ ਦੀ ਅਭਿਲਾਸ਼ਾ ਪੂਰੀ ਕਰਨ ਲਈ ਗੁਰੂ ਜੀ  ਇੱਥੇ ਆਏ ਸਨ। ਇਸ ਇਲਾਕੇ ਵਿੱਚ ਹੀ ਭੂਮੀਆ ਚੋਰ ਗੁਰੂ ਜੀ ਦੇ ਸ਼ਰਧਾਲੂ ਵਜੋਂ ਵਿਚਰਦਿਆਂ ਉਨ੍ਹਾਂ ਦੇ ਉਪਦੇਸ਼ਾਂ ਦਾ ਪ੍ਰਚਾਰ ਕਰ ਰਿਹਾ ਸੀ। ਉਸ ਨੇ ਗੁਰੂ ਜੀ ਦੇ ਪ੍ਰਭਾਵ ਅਧੀਨ ਚੋਰੀਆਂ  ਕਰਨੀਆਂ ਛੱਡ ਦਿੱਤੀਆਂ ਸਨ।
ਸ਼ੁਰੂ ਵਿੱਚ ਬਾਬਾ ਵਿਸਾਖੀ ਦਾਸ ਦੀ ਗੱਦੀ ਉੱਪਰ ਬਿਰਾਜਮਾਨ ਬਾਬਾ ਸ਼ਰਨਦਾਸ ਨੇ ਇਸ ਸਥਾਨ ਦੀ ਮਹੱਤਤਾ ਤੇ ਇੱਥੇ ਗੁਰੂ  ਜੀ ਦੇ ਆਉਣ ਸਬੰਧੀ ਸੰਗਤ ਨੂੰ ਜਾਣੂ ਕਰਵਾਇਆ। ਹੌਲੀ-ਹੌਲੀ ਇਸ ਸਥਾਨ ਦੀ ਮਹਾਨਤਾ ਸਮਝਦਿਆਂ ਸਿੱਖ ਸੰਗਤ ਨੇ ਇੱਥੇ ਇੱਕ ਛੋਟੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਸ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਵਿਕਸਿਤ ਕਰਨਾ ਸ਼ੁਰੂ ਕਰ ਦਿੱਤਾ। ਹੁਣ ਭਾਵੇਂ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣ ਚੁੱਕੀ ਹੈ ਪਰ  ਸ਼ਰਧਾਲੂ ਅਜੇ ਵੀ ਪੁਰਾਤਨ ਸਥਾਨ ‘ਤੇ ਤਾਮੀਰ ਮੁੱਢਲੀ ਇਮਾਰਤ ਵਿੱਚ ਨਤਮਸਤਕ ਹੋ ਕੇ ਆਪਣੀਆਂ ਅਰਦਾਸਾਂ ਦੀ  ਪੂਰਤੀ ਲਈ ਜੋਦੜੀਆਂ ਕਰਦੇ ਹਨ।
ਇਹ ਅਸਥਾਨ ਧਾਰਮਿਕ ਤੇ ਭਾਈਚਾਰਕ ਏਕਤਾ ਦਾ ਵੀ ਪ੍ਰਤੀਕ ਹੈ। ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਬਾਬਾ ਵਿਸਾਖੀ ਦਾਸ ਤੇ  ਸ਼ਰਨਦਾਸ ਦੀ ਯਾਦ ਵਿੱਚ ਮੰਦਰ ਵੀ ਬਣਿਆ ਹੋਇਆ ਹੈ। ਮੰਦਰ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ  ਆਪਸੀ  ਸਹਿਮਤੀ ਤੇ ਸਹਿਯੋਗ ਨਾਲ ਦਿਨ-ਦਿਹਾੜੇ ਮਨਾਉਂਦੇ ਹਨ ਤੇ ਸੰਗਤਾਂ  ਵਿੱਚ ਵੀ ਦੋਵਾਂ ਧਾਰਮਿਕ ਸਥਾਨਾਂ ਪ੍ਰਤੀ ਬਰਾਬਰ ਦੀ ਸ਼ਰਧਾ ਹੈ। ਹਰੇਕ ਪੁੰਨਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਸੰਗਤ ਜੁੜਦੀ ਹੈ ਤੇ ਰਾਤ ਨੂੰ ਕਥਾ-ਕੀਰਤਨ ਹੁੰਦਾ ਹੈ। ਗ੍ਰੰਥੀ ਚਰਨਜੀਤ ਸਿੰਘ ਨੇ ਦੱਸਿਆ ਕਿ ਇੱਥੇ ਕਲਕੱਤਾ, ਖੜਗਪੁਰ ਤੇ ਟਾਟਾਨਗਰ ਤੋਂ ਕਾਫੀ ਸਿੱਖ ਸੰਗਤ ਆਉਂਦੀ ਹੈ।
-ਨਿਰਮਲ ਸਿੰਘ
ਸੰਪਰਕ: 98551-10709

Send this to a friend