ਅੰਮ੍ਰਿਤਸਰ, 8 ਮਾਰਚ (ਪੀ.ਟੀ.)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਤਿਕਾਰ ਕਮੇਟੀ ਵੱਲੋਂ ਕਈ ਧਾਰਮਿਕ ਅਸਥਾਨਾਂ ‘ਚ ਜਬਰੀ ਦਾਖਲ ਹੋ ਕੇ ਪ੍ਰਬੰਧਕਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਤੇ ਡਰਾਇਆ ਧਮਕਾਇਆ ਜਾ ਰਿਹਾ ਹੈ ਜੋ ਉਚਿਤ ਨਹੀਂ ਹੈ। ਉਨ੍ਹਾਂ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸੰਤਾਂ-ਮਹਾਂਪੁਰਸ਼ਾਂ ਦੇ ਧਾਰਮਿਕ ਅਸਥਾਨਾਂ ‘ਚ ਜਾ ਕੇ ਗੁਰ ਮਰਿਯਾਦਾ ਦੇ ਉਲਟ ਕਾਰਵਾਈ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਵਲੋਂ ਕਈ ਅਸਥਾਨਾਂ ‘ਤੇ ਜਾ ਕੇ ਜਬਰੀ ਅਫਰਾ-ਤਫਰੀ ਪੈਦਾ ਕਰਨ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਤਿਕਾਰ ਕਮੇਟੀ ਨੂੰ ਕਿਤੇ ਮਰਿਯਾਦਾ ਦੇ
ਉਲਟ ਹੁੰਦੀ ਕਾਰਵਾਈ ਦੀ ਸੂਚਨਾ ਮਿਲਦੀ ਹੈ ਤਾਂ ਉਹ ਸਿਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਦੇ ਧਿਆਨ ਵਿੱਚ ਲਿਆਵੇ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਤਿਕਾਰ ਕਮੇਟੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।