April 24, 2026 2:47 pm

ਪੁਲਿਸ ਅਧਿਕਾਰੀਆਂ ’ਤੇ ਕਾਰਵਾਈ ਉਪਰੰਤ ਮਹੀਨੇ ਦੀ ਬੱਚੀ ਦੀਆਂ ਹੋਈਆਂ ਅੰਤਿਮ ਰਸਮਾਂ

ਤਲਵੰਡੀ ਸਾਬੋ, 28 ਜੁਲਾਈ (ਰਾਮ ਰੇਸ਼ਮ ਸ਼ਰਨ)- ਬੀਤੇ ਦਿਨ ਇਕ ਮਹੀਨੇ ਦੀ ਬਚੀ ਦੀ ਮੌਤ ਹੋ ਜਾਣ ਤੇ ਬਚੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਮੌਤ ਲਈ ਪੁਲਿਸ ਅਧਿਕਾਰੀਆਂ ਨੂੰ ਜਿੰਮੇਵਾਰ ਦਸਣ ਉਪਰੰਤ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰ.ਕਿਰਨਜੀਤ ਸਿੰਘ ਗਹਿਰੀ ਵਲੋਂ ਇਸ ਮਾਮਲੇ ਤੇ ਲਏ ਨਿਰਣਾਇਕ ਫੈਸਲੇ ਤੋਂ ਬਾਅਦ ਬੀਤੀ ਦੇਰ ਸ਼ਾਮ ਤਿੰਨ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕਰ ਦਿਤੇ ਜਾਣ ਉਪਰੰਤ ਅਜ ਉਕਤ ਬਚੀ ਦੀਆਂ ਅੰਤਿਮ ਰਸਮਾਂ ਮੁਕੰਮਲ ਕਰ ਦਿਤੀਆਂ ਗਈਆਂ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਨਗਰ ਦੀ ਕਾਂਗਰਸੀ ਮਹਿਲਾ ਕੌਂਸਲਰ ਦੇ ਪਤੀ ਤੇ ਮੁਸਕਾਨ ਉਰਫ ਪ੍ਰੀਤੀ ਰਾਣੀ ਨਾਂ ਦੀ ਲੜਕੀ ਵਲੋਂ ਨਗਰ ਪੰਚਾਇਤ ਦਫਤਰ ਵਿਚ ਛੇੜਛਾੜ ਦੇ ਕਥਿਤ ਦੋਸ਼ ਲਾਉਣ ਉਪਰੰਤ ਪੁਲਿਸ ਨੇ ਦੂਜੇ ਦਿਨ ਉਕਤ ਲੜਕੀ ਸਮੇਤ ਪਰਿਵਾਰ ਦੀਆਂ ਤਿੰਨ ਔਰਤਾਂ ਤੇ ਉਸਨੂੰ ਬਲੈਕਮੇਲਿੰਗ ਕਰਨ ਸਬੰਧੀ ਵਖ ਵਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਸੀ।ਉਕਤ ਔਰਤਾਂ ਦੀ ਜਮਾਨਤ ਤੇ ਰਿਹਾਈ ਅਜੇ ਹੋਈ ਹੀ ਸੀ ਕਿ ਮਾਮਲੇ ਨੇ ਉਦੋਂ ਹੋਰ ਮੋੜ ਲੈ ਲਿਆ ਸੀ ਜਦੋਂ ਇਕ ਮਹੀਨੇ ਦੀ ਉਸ ਬਚੀ ਦੀ ਮੌਤ ਹੋ ਗਈ ਜਿਸ ਬਾਰੇ ਪਰਿਵਾਰ ਦਾਅਵਾ ਕਰਦਾ ਸੀ ਕਿ ਉਸੇ ਦਾ ਜਨਮ ਸਰਟੀਫਿਕੇਟ ਲੈਣ ਹੀ ਉਹ ਨਗਰ ਪੰਚਾਇਤ ਦਫਤਰ ਗਏ ਸਨ।ਪਰਿਵਾਰ ਨੇ ਕਥਿਤ ਦੋਸ਼ ਲਾਏ ਸਨ ਕਿ ਜਿਸ ਦਿਨ ਪੁਲਿਸ ਉਨਾਂ ਨੂੰ ਗ੍ਰਿਫਤਾਰ ਕਰਨ ਆਈ ਤਾਂ ਉਨਾਂ ਨੇ ਆਸ਼ਾ ਰਾਣੀ ਨਾਂ ਦੀ ਤੀਜੀ ਨਾਮਜਦ ਔਰਤ ਨੂੰ ਵੀ ਨਾਲ ਲੈ ਜਾਣਾ ਚਾਹਿਆ ਜਿਸ ਦੀ ਗੋਦੀ ਵਿਚ ਉਕਤ ਬਚੀ ਸੀ ਤੇ ਪੁਲਿਸ ਦੀ ਖਿਚਧੂਹ ਦੇ ਚਲਦਿਆਂ ਹੀ ਬਚੀ ਬਿਮਾਰ ਹੋ ਗਈ ਤੇ ਹਸਪਤਾਲ ਵਿਚ ਜੇਰੇ ਇਲਾਜ ਰਹਿਣ ਉਪਰੰਤ 26 ਜੁਲਾਈ ਨੂੰ ਉਸਦੀ ਮੌਤ ਹੋ ਗਈ।ਪਰਿਵਾਰ ਦੀ ਮਦਦ ਤੇ ਪੁਜੇ ਲੋਕਜਨਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵਲੋਂ ਬਚੀ ਦੀ ਮੌਤ ਦੀ ਜਿੰਮੇਵਾਰੀ ਪੁਲਿਸ ਅਧਿਕਾਰੀਆਂ ਤੇ ਸੁਟਦਿਆਂ ਸਬੰਧਿਤ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਹੋਣ ਤਕ ਬਚੀ ਦੀਆਂ ਅੰਤਿਮ ਕ੍ਰਿਆਵਾਂ ਨਾ ਕਰਨ ਦਾ ਐਲਾਨ ਕਰ ਦਿਤਾ ਸੀ।ਜਿਸ ਦੇ ਚਲਦਿਆਂ ਬੀਤੀ ਦੇਰ ਸ਼ਾਮ ਥਾਣਾ ਤਲਵੰਡੀ ਸਾਬੋ ਦੇ ਏ.ਐਸ.ਆਈ ਸੁਖਪਾਲ ਸਿੰਘ,ਏ.ਐਸ.ਆਈ ਕੁਲਵਿੰਦਰ ਸਿੰਘ ਨੂੰ ਮੁਅਤਲ ਕਰ ਦਿਤਾ ਗਿਆ ਸੀ ਜਦੋਂ ਕਿ ਹੋਮਗਾਰਡ ਜਵਾਨ ਗੁਰਮੇਜ ਸਿੰਘ ਨੂੰ ਲਾਈਨ ਹਾਜਿਰ ਕਰ ਦਿਤਾ ਗਿਆ ਸੀ।ਉਕਤ ਕਾਰਵਾਈ ਹੋਣ ਉਪਰੰਤ ਅਜ ਇਸ ਬਚੀ ਦੀਆਂ ਅੰਤਿਮ ਰਸਮਾਂ ਨਿਭਾ ਦਿਤੀਆਂ ਗਈਆਂ ਤੇ ਅੰਤਿਮ ਰਸਮਾਂ ਮੌਕੇ ਪੁਜੇ ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਦਸਿਆ ਕਿ ਪੁਲਿਸ ਨੇ ਲੜਕੀ ਪ੍ਰੀਤੀ ਰਾਣੀ ਅਤੇ ਉਸਦੇ ਪਰਿਵਾਰ ਤੇ ਦਰਜ ਬਲੈਕਮੇਲਿੰਗ ਦਾ ਪਰਚਾ ਖਾਰਿਜ ਕਰ ਦਿਤਾ ਹੈ।ਉਨਾਂ ਨੇ ਪੁਲਿਸ ਵਲੋਂ ਪਰਚਾ ਖਾਰਿਜ ਕਰਨ ਸਬੰਧੀ ਦਿਤੇ ਲਿਖਤੀ ਸਬੂਤ ਵੀ ਪਤਰਕਾਰਾਂ ਨੂੰ ਦਿਖਾਏ।ਗਹਿਰੀ ਨੇ ਦਸਿਆ ਕਿ ਲੜਕੀ ਵਲੋਂ ਲਾਏ ਗਏ ਕਥਿਤ ਦੋਸ਼ਾਂ ਸਬੰਧੀ ਜੋ 126 ਨੰਬਰ ਦਰਖਾਸਤ ਥਾਣੇ ਦਿਤੀ ਗਈ ਸੀ ਤੇ ਕਾਰਵਾਈ ਕਰਵਾਉਣ ਸਬੰਧੀ ਵੀ ਉਹ ਅਫਸਰਾਂ ਨੂੰ ਮਿਲਣਗੇ।ਉਧਰ ਜਦੋਂ ਮਾਮਲਾ ਖਾਰਿਜ ਹੋ ਜਾਣ ਸਬੰਧੀ ਜਾਨਣ ਲਈ ਪੁਲਿਸ ਅਫਸਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਸਿਰਫ ਇੰਨਾ ਹੀ ਕਿਹਾ ਕਿ ਪਰਚਾ ਖਾਰਿਜ ਕਰਨ ਸਬੰਧੀ ਜਾਂਚ ਆਰੰਭ ਦਿਤੀ ਗਈ ਹੈ ਤੇ ਸਮੁਚਾ ਮਾਮਲਾ ਪ੍ਰਕ੍ਰਿਆ ਅਧੀਨ ਹੈ।ਕੇਸ ਖਾਰਿਜ ਕਰਨ ਸਬੰਧੀ ਗਹਿਰੀ ਕੋਲ ਲਿਖਤੀ ਸਬੂਤ ਹੋਣ ਦੀ ਗਲ ਪੁਛੇ ਜਾਣ ਤੇ ਅਧਿਕਾਰੀ ਟਾਲ ਮਟੋਲ ਕਰ ਗਏ।ਬਚੀ ਦੀਆਂ ਅੰਤਿਮ ਕ੍ਰਿਆਵਾਂ ਮੌਕੇ ਲੋਜਪਾ ਆਗੂ ਜਗਦੀਪ ਸਿੰਘ ਗਹਿਰੀ,ਜਲੌਰ ਸਿੰਘ ਸਾਬਕਾ ਕੌਂਸਲਰ,ਕਾ.ਮਖਣ ਸਿੰਘ,ਅਕਾਲੀ ਆਗੂ ਹਰਪਾਲ ਸਿੰਘ ਵਿਰਕ,ਦ੍ਰੋਪਦੀ ਕੌਰ ਤੇ ਜਸਵੰਤ ਕੌਰ ਤੋਂ ਇਲਾਵਾ ਕੁਝ ਬਸਪਾ ਵੀ ਆਗੂ ਹਾਜਿਰ ਸਨ।

Send this to a friend