ਤਲਵੰਡੀ ਸਾਬੋ, 8 ਮਾਰਚ (ਰਣਜੀਤ ਸਿੰਘ ਰਾਜੂ)-ਮਾਲਵੇ ਅੰਦਰ ਸਥਿਤ ਸਿੱਖ ਜਗਤ ਦੇ ਚੌਥੇ ਤਖ਼ਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋ ਬਣਾਈ ਜਾ ਰਹੀ ਏ.ਸੀ ਸਰਾਂ ਅਤੇ ਅੰਡਰ ਗਰਾਉਂਡ ਪਾਰਕਿੰਗ ਦੀ ਚੱਲ ਰਹੀ ਕਾਰ ਸੇਵਾ ਵਿੱਚ ਅੱਜ ਤੀਜੀ ਮੰਜਿਲ ਦੇ ਲੈਂਟਰ ਦੀ ਸ਼ੁਰੂਆਤ ਹਜਾਰਾਂ ਸੰਗਤਾਂ ਦੀ ਹਾਜਰੀ ਵਿੱਚ ਕੀਤੀ ਗਈ ਹੈ ਜਿਸ ਮੌਕੇ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਦੀ ਸ਼ੁਰੂਆਤ ਕਰਵਾਈ । ਦੱਸਣਾ ਬਣਦਾ ਹੈ ਕਿ ਤਖਤ ਸਾਹਿਬ ਤੇ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਦਮਦਮਾ ਸਾਹਿਬ ਵਿਖੇ 100 ਏ.ਸੀ. ਕਮਰਿਆਂ ਦੀ ਸਰਾਂ ਬਣਾਉਣ ਦਾ ਫੈਸਲਾ ਲਿਆ ਗਿਆ ਸੀ।
ਸ਼੍ਰੀ ਗੁਰੂੁ ਤੇਗ ਬਹਾਦਰ ਯਾਤਰੀ ਨਿਵਾਸ ਨਾਂ ਦੀ ਇਸ ਸਰਾਂ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਦਿੱਤੀ ਸੀ।ਸਰਾਂ ਨੂੰ ਬਣਾਉਣ ਦੀ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ ਜਿਸ ਦੀਆਂ ਦੋ ਮੰਜਿਲਾ ਪੂਰੀਆਂ ਹੋਣ ਤੋ ਬਾਅਦ ਅੱਜ ਸਰਾਂ ਦੀ ਤੀਜੀ ਮੰਜਲ ਦੇ ਲੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਸੇਵਾ ਵਿੱਚ ਹਿੱਸਾ ਪਾਉਣ ਲਈ ਹਜਾਰਾਂ ਦੀ ਤਦਾਦ ਵਿੱਚ ਸੰਗਤਾਂ ਪੰਜਾਬ, ਹਰਿਆਣਾ,ਰਾਜਸਥਾਨ ਤੋ ਆਈਆਂ ਹੋਈਆਂ ਹਨ।
ਕਾਰ ਸੇਵਾ ਦੀ ਸ਼ੁਰੂਆਤ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਬਲਵੰਤ ਸਿੰਘ ਨੇ ਅਰਦਾਸ ਕਰਦਿਆਂ ਕੀਤੀ, ਜਿਸ ਤਂੋ ਬਾਅਦ ਤਖ਼ਤ ਸਾਹਿਬ ਦੇ ਮੈਨੇਜਰ ਅਤੇ ਪੰਜ ਪਿਆਰਿਆਂ ਨੇ ਮਸਾਲੇ ਦੇ ਬੱਠਲ ਪਾ ਕੇ ਕਾਰ ਸੇਵਾ ਸ਼ੁਰੂ ਕਰਵਾਈ।ਬਾਬਾ ਸੁਖਵਿੰਦਰ ਸਿੰਘ ਸੁੱਖਾ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂ ਰਹੀ ਸੇਵਾ ਨੂੰ ਜਲਦੀ ਪੂਰਾ ਕਰਕੇ ਆਧੁਨਿਕ ਸਹੂਲਤਾਂ ਵਾਲੀ ਏ.ਸੀ ਸਰਾਂ ਤਿਆਰ ਕਰ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਪੰਜ ਪਿਆਰੇ ਸਹਿਬਾਨ ਭਾਈ ਦਿਲਬਾਗ ਸਿੰਘ,ਭਾਈ ਕੇਵਲ ਸਿੰਘ, ਭਾਈ ਗੁਰਵਿੰਦਰ ਸਿੰਘ, ਮੈਨੇਜਰ ਭਾਈ ਜਗਪਾਲ ਸਿੰਘ, ਭਾਈ ਜਗਤਾਰ ਸਿੰਘ ਇੰਚਾਰਜ ਪਾਠਾਂ, ਭਾਈ ਭਰਪੂਰ ਸਿੰਘ ਰਿਟਾ ਸਕੱਤਰ, ਆਪ ਪਾਰਟੀ ਦੇ ਅਵਤਾਰ ਸਿੰਘ ਚੋਪੜਾ, ਭਾਈ ਰਾਮ ਸਿੰਘ ਰਿਟਾ ਸਕੱਤਰ ਸ਼੍ਰੋਮਣੀ ਕਮੇਟੀ, ਬਲਬੀਰ ਸਿੰਘ ਬਾਕਸਰ, ਬਲਦੇਵ ਰੋਮਾਣਾ ਆਦਿ ਵੀ ਹਾਜ਼ਰ ਸਨ।