ਫਤਿਹਗੜ੍ਹ ਸਾਹਿਬ, 26 ਜੁਲਾਈ- ‘ਪਾਕਿਸਤਾਨ ਵਿੱਚ ਜੋ ਆਉਣ ਵਾਲੇ ਦਿਨਾਂ ਵਿਚ ਵੋਟ ਪ੍ਰਣਾਲੀ ਦੇ ਜਮਹੂਰੀਅਤ ਢੰਗ ਰਾਹੀਂ ਨਵੀਂ ਹਕੂਮਤ ਬਨਣ ਜਾ ਰਹੀ ਹੈ, ਉਸ ਨੂੰ ਸਿੱਖ ਕੌਮ ਅਗਾਊਂ ਤੋਰ ਤੇ ਹਾਰਦਿਕ ਮੁਬਾਰਕਬਾਦ ਭੇਜਦੀ ਹੋਈ ਮਨੁੱਖਤਾਂ ਦੇ ਬਿਨ੍ਹਾਂ ਤੇ ਇਹ ਮੰਗ ਕਰਦੀ ਹੈ ਕਿ ਪਾਕਿਸਤਾਨ ਵਿੱਚ ਵੱਸਣ ਵਾਲੇ ਸਮੁੱਚੇ ਸਿੱਖਾਂ ਦੇ ਜਾਨ-ਮਾਲ ਦੀ ਹਿਫ਼ਾਜਤ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਉਨਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਉਚੇਚਾ ਧਿਆਨ ਦੇਵੇ। ਤਾਂ ਕਿ ਉਥੇ ਵੱਸਣ ਵਾਲੀ ਸਿੱਖ ਕੌਮ ਬਿਨਾਂ ਕਿਸੇ ਡਰ-ਭੈਅ ਤੋਂ ਆਜ਼ਾਦੀ ਨਾਲ ਵਿਚਰਦੀ ਹੋਈ ਪਾਕਿਸਤਾਨ ਦੀ ਚੰਹੂ ਪੱਖੀ ਤਰੱਕੀ ਵਿੱਚ ਯੌਗਦਾਨ ਪਾਉਂਦੀ ਹੋਈ, ਪਾਕਿਸਤਾਨ ਹਕੂਮਤ ਨਾਲ ਸਹਿਜ਼ ਅਤੇ ਮਿਲਵਰਤਣ ਵਾਲੇ ਸਬੰਧ ਕਾਇਮ ਰੱਖਣ ਦੀ ਭੂਮਿਕਾ ਨਿਭਾ ਸਕੇ। ਦੂਸਰਾ ਵਾਘਾ, ਹੁਸੈਨੀਵਾਲਾ ਅਤੇ ਸੁਲੇਮਾਨਕੀ ਸਰਹੱਦਾਂ ਨੂੰ ਖੋਲ੍ਹ ਕੇ ਸਿੱਖਾਂ ਦੀ ਅਰਦਾਸ ਵਿਚ ਜੋ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰਨ ਦੀ ਗੱਲ ਹੈ ਉਸ ਨੂੰ ਉਚੇਚੇ ਤੌਰ ਤੇ ਅਮਲੀ ਰੂਪ ਦੇਣ ਦਾ ਪ੍ਰਬੰਧ ਕਰੇ। ਅਜਿਹੇ ਅਮਲ ਹੋਣ ਨਾਲ ਸਿੱਖ ਅਤੇ ਮੁਸਲਿਮ ਕੌਮ ਦੇ ਆਪਸੀ ਸਬੰਧਾਂ ਵਿੱਚ ਪਹਿਲਾਂ ਨਾਲੋਂ ਵੀ ਵਧੇਰੇ ਮਜਬੂਤੀ ਹੋਵੇਗੀ।’ ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਾਕਿਸਤਾਨ ਵਿਚ ਬੀਤੇ ਦਿਨੀ ਹੋਈਆਂ ਚੋਣਾਂ ਉਪਰੰਤ ਪਾਕਿਸਤਾਨ ਵਿਚ ਨਵੀਂ ਬਨਣ ਜਾ ਰਹੀ ਸਰਕਾਰ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਸਿੱਖਾਂ ਦੇ ਜਾਨ-ਮਾਲ ਦੀ ਹਿਫ਼ਾਜਤ ਦਾ ਉਚੇਚਾ ਪ੍ਰਬੰਧ ਕਰਨ, ਪਾਕਿਸਤਾਨ ਪੰਜਾਬ ਅਤੇ ਚੜਦੇ ਵਾਲੇ ਪੰਜਾਬ ਦੀਆਂ ਸਰਹੱਦਾਂ ਨੂੰ ਖੋਲਣ ਦੀ ਮੰਗ ਕਰਦੇ ਹੋਏ ਅਤੇ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਕਾਰਵਾਈਆਂ ਅਧੀਨ ਮਨੁੱਖਤਾ ਦੇ ਹੋ ਰਹੇ ਘਾਣ ਨੂੰ ਪਹਿਲ ਦੇ ਅਧਾਰ ਤੇ ਬੰਦ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਜੋ ਪਾਕਿਸਤਾਨ ਦੇ ਗੁਆਂਡੀ ਮੁਲਕ ਅਫਗਾਨੀਸਤਾਨ ਵਿਚ ਜਾਂ ਪਾਕਿਸਤਾਨ ਵਿਚ ਸਿੱਖਾਂ ਤੇ ਹਮਲੇ ਹੋਏ ਹਨ ਉਸਦੇ ਦੋਸ਼ੀਆਂ ਨੂੰ ਵੀ ਕੌਮਾਂਤਰੀ ਕਾਨੂੰਨਾਂ ਅਨੂਸਾਰ ਸਖ਼ਤ ਸਜਾਵਾਂ ਦੁਆਉਣ ਲਈ ਇਹ ਨਵੀਂ ਬਨਣ ਜਾ ਰਹੀ ਸਰਕਾਰ ਜੁੰਮੇਵਾਰੀ ਨਿਭਾਵੇ, ਤਾਂ ਕਿ ਪਾਕਿਸਤਾਨ ਮੁਲਕ ਵਿਚ ਅਮਲੀ ਰੂਪ ਵਿਚ ਜਮਹੂਰੀਅਤ, ਕਦਰਾਂ-ਕੀਮਤਾਂ ਅਤੇ ਅਮਨ-ਚੈਨ ਸਥਾਈ ਤੌਰ ਤੇ ਸਥਾਪਿਤ ਹੋ ਸਕੇ। ਸ੍ਰ. ਮਾਨ ਨੇ ਉਚੇਚੇ ਤੋਰ ਤੇ ਇਹ ਵੀ ਸੰਜੀਦਾ ਮੰਗ ਕੀਤੀ ਕਿ ਜੋ ਜੰਮੂ-ਕਸ਼ਮੀਰ ਵਿਚ ਰੋਜਾਨਾ ਹੀ ਹਿੰਦ ਫੌਜ, ਬੀ.ਐਸ.ਐਫ., ਅਰਧ ਸੈਨਿਕ ਬਲਾਂ ਅਤੇ ਪੁਲਿਸ ਵਲੋਂ ਕਸ਼ਮੀਰੀ ਨੌਜਵਾਨਾਂ ਅਤੇ ਪਰਿਵਾਰਾਂ ਦੀਆਂ ਕੀਮਤੀ ਜਿੰਦਗਾਨੀਆਂ ਨਾਲ ਖਿਲਵਾੜ ਕਰਦੇ ਹੋਏ ਅਨਮਨੁੱਖੀ ਅਮਲ ਹੋ ਰਹੇ ਹਨ ਅਤੇ ਮਨੁੱਖਤਾ ਦਾ ਕਤਲੇਆਮ ਹੋ ਰਿਹਾ ਹੈ, ਇਸ ਗੰਭੀਰ ਵਿਸ਼ੇ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ, ਕੌਮਾਂਤਰੀ ਅਦਾਲਤਾਂ ਵਿਚ ਬਾ-ਦਲੀਲ ਢੰਗ ਨਾਲ ਉਠਾ ਕੇ ਇਨਸਾਨੀਅਤ ਦੇ ਖੂਨ ਡੁੱਲਣ ਦੇ ਦੁਖਦਾਇਕ ਅਮਲਾਂ ਨੂੰ ਬੰਦ ਕਰਵਾਉਣ ਦੀ ਜੁੰਮੇਵਾਰੀ ਨਿਭਾਈ ਜਾਵੇ। ਜੋ ਪਾਕਿਸਤਾਨ ਵਿਚ ਦਹਿਸ਼ਤਗਰਦੀ ਕਾਰਵਾਈਆਂ ਹੋ ਰਹੀਆਂ ਹਨ ਉਨਾਂ ਦਾ ਅੰਤ ਕਰਨ ਲਈ ਕਾਨੂੰਨੀ ਅਤੇ ਨਿਜ਼ਾਮੀ ਸਖ਼ਤੀ ਨਾਲ ਪ੍ਰਬੰਧ ਕਰੇ। ਸ੍ਰ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਦੀ ਨਵੀਂ ਬਨਣ ਜਾ ਰਹੀ ਸਰਕਾਰ ਉਪਰੋਕਤ ਮੁੱਦਿਆਂ ਅਤੇ ਗੰਭੀਰ ਵਿਸ਼ੇ ਉਤੇ ਅਮਲੀ ਕਾਰਵਾਈ ਕਰਦੀ ਹੋਈ ਪਾਕਿਸਤਾਨ ਵਿਚ ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲ ਬਾਲਾ ਕਰੇਗੀ।