ਦੂਜੀਆਂ ਪਾਰਟੀਆਂ ਨਾਲ ਸਮਝੌਤੇ ਬਾਰੇ ਪਾਰਟੀ ਪ੍ਰਧਾਨ ਦਾ ਫੈਸਲਾ ਅੰਤਿਮ : ਅਮਰਿੰਦਰ

image ਚੰਡੀਗੜ੍ਹ, 6 ਮਾਰਚ (ਵਿਸ਼ਵ ਵਾਰਤਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਦੂਸਰੀਆਂ ਪਾਰਟੀਆਂ ਨਾਲ ਸਮਝੌਤੇ ਬਾਰੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦਾ ਜੋ ਵੀ ਫੈਸਲਾ ਹੋਵੇਗਾ ਉਹ ਮੰਨਣਯੋਗ ਹੈ। ਪੀ.ਪੀ.ਪੀ. ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਦੇ ਸਹਿਯੋਗ ਨਾਲ ਬਠਿੰਡਾ ਸੀਟ ਤੋਂ ਚੋਣ ਲੜਾਉਣ ਸਬੰਧੀ ਆ ਰਹੀਆਂ ਖ਼ਬਰਾਂ ਬਾਰੇ ਪੁੱਛੇ ਸੁਆਲ ਦੇ ਜੁਆਬ ਵਿਚ ਕੈਪਟਨ ਨੇ ਕਿਹਾ ਕਿ ਇਸ ਬਾਰੇ ਵੀ ਫੈਸਲਾ ਪਾਰਟੀ ਪ੍ਰਧਾਨ ਦੇ ਪੱਧਰ ਉਪਰ ਹੀ ਹੋਣਾ ਹੈ। ਅੱਜ ਇਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਚੰਗੇ ਉਮੀਦਵਾਰਾਂ ਨਾਲ ਵਧੀਆ ਕਾਰਗੁਜ਼ਾਰੀ ਦਿਖਾਏਗੀ ਕਿਉਂਕਿ ਪੰਜਾਬ ਦੀ ਜਨਤਾ ਅਕਾਲੀ ਸਰਕਾਰ ਦੇ ਖਿਲਾਫ਼ ਹੈ ਤੇ ਦੁਖੀ ਵੀ

ਹੈ। ਉਨ੍ਹਾਂ ਹਿਕਾ ਕਿ ਸਰਕਾਰ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਖਿਲਾਫ਼ ਜਨਤਾ ਵਿਚ ਕਾਫੀ ਰੋਸ ਹੈ। ਉਨ੍ਹਾਂ ਇਕ ਹੋਰ ਸੁਆਲ ਦੇ ਜੁਆਬ ਵਿਚ ਕਿਹਾ ਕਿ ਪਟਿਆਲਾ ਸੀਟ ਜਿਥੋਂ ਕਿ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਮੌਜੂਦਾ ਮੈਂਬਰ ਪਾਰਲੀਮੈਂਟ ਹਨ, ਵੀ ਸ਼ਾਨ ਨਾਲ ਜਿੱਤਾਂਗੇ। ਉਨ੍ਹਾਂ ਅੱਜ ਫਿਰ ਦੁਹਰਾਇਆ ਕਿ ਉਨ੍ਹਾਂ 6 ਮਹੀਨੇ ਪਹਿਲਾਂ ਹੀ ਹਾਈਕਮਾਂਡ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਉਹ ਪਾਰਲੀਮੈਂਟ ਦੀ ਚੋਣ ਨਹੀਂ ਲੜਣਗੇ। ਉਹ ਸਿਰਫ਼ ਰਾਜ ਨਾਲ ਹੀ ਸਬੰਧਤ ਰਹਿਣਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਿਰ ਕਿਹਾ ਕਿ ਡਰਗਜ਼ ਮਾਮਲੇ ਵਿਚ ਸੀ.ਬੀ.ਆਈ ਜਾਂਚ ਕਰਾਉਣੀ ਮਾਮਲੇ ਨੂੰ ਹੋਰ 10 ਸਾਲ ਲਈ ਲਮਕਾਉਣਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਏਜੰਸੀਆਂ ਨੂੰ ਆਪਣੀ ਜਾਂਚ ਮੁਕੰਮਲ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਇਹੀ ਕਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਕਿਸੇ ਦਾ ਨਾਮ ਕੱਢਣਾ ਜਾਂ ਪਾਉਣਾ ਕੋਈ ਸੌਖੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਗੋਂ ਇਹ ਮਾਮਲੇ ਦੀ ਜਲਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਵਿਅਕਤੀ ਕਿਸੇ ਵੀ ਸਿਆਸੀ ਪਾਰਟੀ ਦੇ ਮੈਂਬਰ ਨਹੀਂ ਹੁੰਦੇ। ਅੱਜ ਇਸ ਮੌਕੇ ਉਨ੍ਹਾਂ ਨਾਲ ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਅਮਰੀਕ ਸਿੰਘ ਢਿੱਲੋਂ, ਕੇਵਲ ਸਿੰਘ ਢਿੱਲੋਂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਮਨਜੀਤ ਸਿੰਘ ਸਿੱਕੀ (ਸਾਰੇ ਵਿਧਾਇਕ), ਭਰਤ ਇੰਦਰ ਸਿੰਘ ਚਾਹਲ, ਕੁਸ਼ਲਦੀਪ ਸਿੰਘ ਢਿੱਲੋਂ, ਕਰਨ ਸੇਖੋਂ, ਮੇਜਰ ਅਮਰਦੀਪ ਸਿੰਘ ਤੇ ਜਾਟ ਮਹਾਂ ਸਭਾ ਦੇ ਅਹੁਦੇਦਾਰ ਤੇ ਵਰਕਰ ਭਾਰੀ ਗਿਣਤੀ ਵਿਚ ਹਾਜ਼ਰ ਸਨ।

Send this to a friend