ਬਠਿੰਡਾ, 9 ਜੁਲਾਈ (ਨਰਿੰਦਰ ਪੁਰੀ)- ਸਥਾਨਕ ਜੀ ਐਨ ਐਮ ਨਰਸਿੰਗ ਕਾਲਜ ਵਿਚ ਦੂਜੇ ਸਾਲ ਵਿਚ ਟ੍ਰੇਨਿੰਗ ਲੈ ਰਹੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਆਪਣੇ ਹੋਸਟਲ ਦੇ ਕਮਰੇ ਵਿਚ ਪਖੇ ਨਾਲ ਲਟਕ ਕੇ ਮੌਤ ਨੂੰ ਗਲੇ ਲਗਾ ਲਿਆ। ਜਸਪ੍ਰੀਤ ਬੀਤੇ ਦਿਨ ਹੀ ਆਪਣੇ ਪਿੰਡ ਝਜਰ ਤੋਂ ਹੋਸਟਲ ਵਾਪਸ ਆਈ ਸੀ। ਉਸ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ਉਹ ਆਪਣੇ ਭਵਿਖ ਤੋਂ ਨਿਰਾਸ਼ ਹੋਕੇ ਆਤਮ ਹਤਿਆ ਕਰ ਰਹੀ ਹੈ ਤੇ ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ। ਹੋਸਟਲ ਦੀ ਅਟੈਂਡੈਟ ਅਨੁਸਾਰ ਉਹ ਰਾਤ ਨੂੰ ਰੋਟੀ ਖਾਹ ਕੇ ਠੀਕ-ਠਾਕ ਸੌਂ ਗਈ ਸੀ ਤੇ ਸਵੇਰੇ ਜਦੋਂ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਕਾਫੀ ਸਮਾਂ ਖੋਲਿਆ ਹੀ ਨਹੀਂ ਜਦੋਂ ਖਿੜਕੀ ਵਿਚੋਂ ਦੇਖਿਆ ਗਿਆ ਤਾਂ ਬਹੁਤ ਦਰਦਨਾਕ ਦ੍ਰਿਸ਼ ਨਜ਼ਰ ਆ ਰਿਹਾ ਸੀ। ਇਸ ਮੌਕੇ ਥਾਣਾ ਕੋਤਵਾਲੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਗਲੀ ਕਾਰਵਾਈ ਲੜਕੀ ਦੇ ਮਾਂ ਬਾਪ ਦੇ ਆਉਣ ’ਤੇ ਹੋਵੇਗੀ ।
ਬਠਿੰਡਾ ’ਚ ਨਰਸਿੰਗ ਸਟੂਡੈਂਟ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ



