Skip to content
Independent perspectives. Global stories.
BREAKING

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਗੁ. ਬਸਤੀ ਸ਼ੇਖ ’ਚ ਭਾਰੀ ਰੌਣਕਾਂ

Share this story

ਪ੍ਰਕਾਸ਼ ਉਤਸਵ ਸਬੰਧੀ ਵਿਸ਼ਾਲ ਸਮਾਗਮ ਅੱਜ, ਦਿੱਲੀ ਕਮੇਟੀ ਦੇ ਪ੍ਰਧਾਨ ਸ. ਜੀ.ਕੇ. ਅਤੇ ਹੋਰ ਸਖਸ਼ੀਅਤਾਂ ਪੁੱਜਣਗੀਆਂ

ਜਲੰਧਰ, 28 ਜੂਨ (ਪੰਜਾਬ ਟਾਇਮਜ਼ ਬਿਊਰੋ)- ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਚੱਲ ਰਹੇ ਲੜੀਵਾਰ ਸਮਾਗਮਾਂ ਤਹਿਤ ਅੱਜ ਦਿਨੇ ਮਹਾਨ ਗੁਰਮਤਿ ਸਮਾਗਮ ਹੋਇਆ, ਜਿਸ ਵਿੱਚ ਆਏ ਕੀਰਤਨੀ ਜੱਥਿਆਂ ਨੇ ਮਨੋਹਰ ਕੀਰਤਨ ਕੀਤਾ ਅਤੇ ਬੀਬੀ ਜਸਜੀਤ ਕੌਰ ਐਡਵੋਕੇਟ ਨੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਇਸ ਮੌਕੇ ਢਾਡੀ ਮਨਜੀਤ ਸਿੰਘ ਅਜ਼ਾਦ ਨੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਗੁਰਪੁਰਬ ਦੀ ਖੁਸ਼ੀ ਵਿੱਚ ਭਾਰੀ ਅੰਮ੍ਰਿਤ ਸੰਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਦੇ ਕਰ-ਕਮਲਾਂ ਨਾਲ ਹੋਇਆ, ਜਿਸ ਵਿੱਚ 80 ਪ੍ਰਾਣੀ ਗੁਰੂ ਵਾਲੇ ਬਣੇ। ਦਿਨ ਦੇ ਦੀਵਾਨ ਵਿੱਚ ਸ੍ਰ. ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਸੰਗਤਾਂ ਨੂੰ ਸੰਬੋਧਿਨ ਕੀਤਾ। ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਮੀਤ ਸਿੰਘ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ। ਰਾਤ ਦੇ ਦੀਵਾਨ ਕਥਾ ਦਰਬਾਰ ਦੇ ਰੂਪ ਵਿੱਚ ਹੋਏ, ਜਿਸ ਵਿੱਚ ਸਿੰਘ ਸਾਹਿਬ ਜੱਥੇਦਾਰ ਰਘਬੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਫਤਿਹ ਸਿੰਘ ਲੁਧਿਆਣਾ ਅਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪ੍ਰਵਾਨਾ , ਗਿਆਨੀ ਜਗਸੀਰ ਸਿੰਘ ਹੈਡ ਗੰ੍ਰਥੀ ਗੁਰਦੁਆਰਾ ਸਾਹਿਬ, ਗਿਆਨੀ ਗੁਰਮੀਤ ਸਿੰਘ ਨੇ ਗੁਰੂ ਇਤਿਹਾਸ ਤੋਂ ਜਾਣੂੰ ਕਰਵਾਇਆ। 30 ਜੂਨ ਸ਼ਨਿੱਚਰਵਾਰ ਨੂੰ ਅੰਮ੍ਰਿਤ ਵੇਲੇ ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਕਰਨਗੇ। ਦਿਨੇ ਭਾਰੀ ਗੁਰਮਤਿ ਸਮਾਗਮ ਹੋਣਗੇ, ਜਿਸ ਦੌਰਾਨ ਵਿਸ਼ੇਸ਼ ਤੌਰ ’ਤੇ ਸ. ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਸ. ਤਰਲੋਚਨ ਸਿੰਘ ਸਾਬਕਾ ਐਮ.ਪੀ. ਚੇਅਰਮਨ ਘੱਟ-ਗਿਣਤੀ ਕਮਿਸ਼ਨ ਸੰਗਤਾਂ ਨੂੰ ਸੰਬੋਧਨ ਕਰਨਗੇ। ਗਿਆਨੀ ਮਨਜੀਤ ਸਿੰਘ ਰਤਨ ਕਥਾ ਦੁਆਰਾ ਅਤੇ ਭਾਈ ਜਸਪਾਲ ਸਿੰਘ ਰਾਜਨਗਰ ਤੋਂ ਇਲਾਵਾ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸਚਖੰਡ ਸ੍ਰੀ ਦਰਬਾਰ ਸਾਹਿਬ ਮਨੋਹਰ ਕੀਰਤਨ ਕਰਨਗੇ। ਰਾਤ ਦੇ ਦੀਵਾਨ ਕੀਰਤਨ ਦਰਬਾਰ ਦੇ ਰੂਪ ਵਿੱਚ ਹੋਣਗੇ, ਜਿਸ ਵਿੱਚ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਅੰਮ੍ਰਿਤਪਾਲ ਸਿੰਘ ਦਿੱਲੀ ਕੀਰਤਨ ਕਰਨਗੇ। ਇਹ ਸੂਚਨਾ ਸ. ਬੇਅੰਤ ਸਿੰਘ ਸਰਹੱਦੀ ਪ੍ਰਧਾਨ, ਸ. ਅਮਰੀਕ ਸਿੰਘ ਮੀਤ ਪ੍ਰਧਾਨ ਸ. ਜਗਜੀਤ ਸਿੰਘ ਖਜ਼ਾਨਚੀ ਅਤੇ ਸਕੱਤਰ ਇੰਦਰਪਾਲ ਸਿੰਘ ਨੇ ਦਿੱਤੀ।

WRITTEN BY