ਸਿੱਖ ਧਰਮ ਨੂੰ ਇਹ ਸੁਭਾਗ ਹਾਸਲ ਹੈ ਕਿ ਸਾਡੇ ਗੁਰੂ ਸਾਹਿਬਾਨ ਵਲੋਂ ਉਚਾਰੀ ਹੋਈ ਇਲਾਹੀ ਬਾਣੀ ਜਿਉਂ ਦੀ ਤਿਉਂ ਸਾਡੇ ਕੋਲ ਮੌਜੂਦ ਹੈ। ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਨਾ-ਸਿਰਫ਼ ਆਪਣੀ ਹਜ਼ੂਰੀ ਵਿਚ ‘ਧੁਰ ਕੀ ਬਾਣੀ’ ਨੂੰ ਕਲਮਬੰਦ ਕਰਵਾਇਆ, ਸਗੋਂ ਨਾਲ-ਨਾਲ ਵਾਚਦੇ ਅਤੇ ਸੁਧਾਈ ਵੀ ਕਰਦੇ ਰਹੇ। ਗੁਰਬਾਣੀ ਵਿਚ ਕਈ ਵਾਰ ‘ਸੁਧ’ ਅਤੇ ‘ਸੁਧ ਕੀਚੇ’ ਸ਼ਬਦ ਦਾ ਆਉਣਾ ਇਸ ਦਾ ਪ੍ਰਮਾਣ ਹੈ ਕਿ ਗੁਰਬਾਣੀ ਦੀ ਮੁੱਢਲੀ ਸੰਪਾਦਨਾ ਵੇਲੇ ਇਸ ਨੂੰ ਸੁਚੇਤ ਰੂਪ ਵਿਚ ਬਿਲਕੁਲ ਸ਼ੁੱਧ ਕਰਕੇ ਲਿਖਿਆ ਗਿਆ ਹੈ। ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਹੀ ਆਦੇਸ਼ ਕਰ ਗਏ ਹਨ ਕਿ ਅਕਾਲ ਪੁਰਖ ਦੀ ਬਾਣੀ ਵਿਚ ਕਿਸੇ ਪ੍ਰਕਾਰ ਦੀ ਦਖ਼ਲਅੰਦਾਜ਼ੀ ਨਹੀਂ ਕਰਨੀ ਅਤੇ ਇਸ ਜਿਸ ਤਰ੍ਹਾਂ ਲਿਖੀ ਗਈ ਹੈ ਉਸ ਤਰ੍ਹਾਂ ਹੀ ਸ਼ੁੱਧ ਰੂਪ ਵਿਚ ਉਚਾਰਨ ਕਰਨੀ ਹੈ।
ਗੁਰਬਾਣੀ ਅਗਾਧ ਬੋਧ ਅਤੇ ਕਾਮਧੇਨ ਹੈ। ਰੱਬੀ ਕੀਰਤੀ ਦੇ ਇਸ ਸਾਗਰ ਵਿਚ ਜਿੰਨੀ-ਜਿੰਨੀ ਕੋਈ ਅਭਿਆਸ ਕਰਕੇ ਚੁੱਭੀ ਮਾਰੇਗਾ, ਓਨਾ ਓਨਾ ਹੀ ਉਸ ਨੂੰ ਆਤਮਿਕ ਗਿਆਨ ਤੇ ਅਨੰਦ ਹਾਸਲ ਹੋਵੇਗਾ, ਪਰ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਉਸ ਦਾ ਸ਼ੁੱਧ ਉਚਾਰਨ ਬਹੁਤ ਜ਼ਰੂਰੀ ਹੈ। ਇਸੇ ਕਾਰਨ ਦਸ ਗੁਰੂ ਸਾਹਿਬਾਨ ਸਿੱਖਾਂ ਨੂੰ ਪ੍ਰੇਮ ਅਤੇ ਸਾਵਧਾਨੀ ਨਾਲ ਲਗਾ ਮਾਤਰਾ ਸੋਧ ਕੇ ਗੁਰਬਾਣੀ ਦਾ ਸ਼ੁੱਧ ਪਾਠ ਮਨ ਲਾ ਕੇ ਕਰਨ ਦੀ ਪ੍ਰੇਰਨਾ ਦਿੰਦੇ ਰਹੇ। ਸ੍ਰੀ ਹਰਿਗੋਬਿੰਦਪੁਰ ਵਿਚ ਯੁੱਧ ਤੋਂ ਬਾਅਦ ਸਿੱਖ ਯੋਧਿਆਂ ਅਤੇ ਸੰਗਤਾਂ ਦੇ ਇਕ ਬੜੇ ਭਾਰੀ ਸਜੇ ਦੀਵਾਨ ਅੰਦਰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਿਹੜਾ ਸਿੱਖ ਸ਼ੁੱਧ ਜਪੁਜੀ ਸਾਹਿਬ ਦਾ ਪਾਠ ਸੁਣਾਵੇਗਾ, ਉਸ ਨੂੰ ਮੂੰਹੋਂ ਮੰਗਿਆ ਫਲ ਮਿਲੇਗਾ।
ਕਰਹੁ ਸੁਨਾਵਨ ਸੁਧ ਜਪੁ ਮੋਹੀ॥ ਜਾਚਹਿ ਕਹੈਂ ਸੁ ਦੇਵੋਂ ਤੋਹੀ॥ (ਗੁਰਪ੍ਰਤਾਪ ਸੂਰਜ, ਰਾਸ 6, ਅੰਸੂ 46)
ਸੰਗਤਾਂ ਵਿਚੋਂ ਭਾਈ ਗੋਪਾਲਾ ਨਾਂਅ ਦੇ ਸਿੱਖ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਹਜ਼ੂਰੀ ਵਿਚ ਬੈਠ ਕੇ ਅਜਿਹੀ ਇਕਾਗਰਤਾ ਅਤੇ ਲਿਵਲੀਨਤਾ ਨਾਲ ਅੱਖਰ ਤੇ ਲਗਾ ਮਾਤਰਾ ਸੋਧ ਕੇ ਸ੍ਰੀ ਜਪੁਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ ਕਿ ਸਤਿਗੁਰੂ ਜੀ ਪਾਠ ਦੇ ਭੋਗ ਤੋਂ ਬਾਅਦ ਪ੍ਰਸੰਨ ਹੋ ਕੇ ਭਾਈ ਗੋਪਾਲਾ ਜੀ ਨੂੰ ਸਰਬਸ੍ਰੇਸ਼ਟ ਗੁਰਤਾਗੱਦੀ ਤੱਕ ਦੇਣ ਲਈ ਤਿਆਰ ਹੋ ਗਏ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਕ ਵਾਰ ਇਕ ਗੁਰਸਿੱਖ ਵਲੋਂ ਗੁਰਬਾਣੀ ਦੀ ਲਗਾ ਮਾਤਰਾ ਦਾ ਗ਼ਲਤ ਉਚਾਰਨ ਕਰਨ ’ਤੇ ਦਸਮ ਪਾਤਿਸ਼ਾਹ ਨੇ ਬਹੁਤ ਦੁਖ ਮਨਾਇਆ ਅਤੇ ਸਿੰਘ ਨੂੰ ਤਾੜਨਾ ਕਰਦਿਆਂ ਫ਼ੁਰਮਾਨ ਕੀਤਾ, ‘‘ਸਿੰਘਾ! ਤੂੰ ਸਾਡੇ ਅੰਗ ਤੋੜ ਰਿਹਾ ਹੈਂ।’’
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖ਼ਿਲਾਫ਼ ਜੰਗ-ਯੁੱਧਾਂ ਤੋਂ ਬਾਅਦ ਸੰਸਾਰਕ ਯਾਤਰਾ ਦੇ ਅੰਤਲੇ ਸਮੇਂ ਮਾਲਵੇ ਦੀ ਧਰਤੀ ’ਤੇ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਦੇ ਅਸਥਾਨ ’ਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਕੰਠੋਂ ਉਚਾਰ ਕੇ ਲਿਖਵਾਇਆ ਅਤੇ ਉਸ ਤੋਂ ਬਾਅਦ 48 ਵਿਦਿਆਰਥੀਆਂ ਨੂੰ ਗੁਰਬਾਣੀ ਦਾ ਸਮੁੱਚਾ ਅਰਥ ਬੋਧ ਵੀ ਕਰਵਾਇਆ। ਇਨ੍ਹਾਂ ਬ੍ਰਹਮ ਗਿਆਨੀਆਂ ਵਿਚੋਂ ਹੀ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਦੀ ਟਕਸਾਲ ਚਲਾਈ।
ਗੁਰਬਾਣੀ ਸ਼ੁੱਧ ਉਚਾਰਨ ਦਾ ਇਤਿਹਾਸਕ ਮਹਾਤਮ



