ਸਾਊਦੀ ਅਰਬ ’ਚ 5 ਭਾਰਤੀਆਂ ਨੂੰ ਜ਼ਿਊਂਦਾ ਦਫਨਾਇਆ

ਰਿਆਧ, 1 ਮਾਰਚ (ਪੀ.ਟੀ.)- ਸਾਊਦੀ ਅਰਬ ਦੀ ਕਤੀਫ਼ ਜਨਰਲ ਕੋਰਟ ’ਚ 3 ਵਿਅਕਤੀਆਂ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2010 ’ਚ ਇੱਕ ਖੇਤ ਵਿੱਚ 5 ਭਾਰਤੀ ਮਜ਼ਦੂਰਾਂ ’ਤੇ ਤਸ਼ੱਦਦ ਕੀਤਾ ਤੇ ਬਾਅਦ ਵਿੱਚ ਉਨ੍ਹਾਂ ਨੂੰ ਜ਼ਿਊਂਦਾ ਦਫ਼ਨ ਕਰ ਦਿੱਤਾ ਸੀ। ਅਰਬ ਨਿਊਜ਼ ਦੀ ਇਕ ਖ਼ਬਰ ਅਨੁਸਾਰ ਸਾਊਦੀ ਅਰਬ ਸਥਿਤ ਪੂਰਬੀ ਪ੍ਰਾਂਤ ਦੇ ਕਤੀਫ਼ ’ਚ ਸਫਵਾ ਦੇ ਇਕ ਖੇਤ ’ਚੋਂ ਅਲੀ ਹਬੀਬ ਨਾਂਅ ਦੇ ਇੱਕ ਵਿਅਕਤੀ ਨੂੰ ਖੁਦਾਈ ਦੌਰਾਨ 5 ਮਜ਼ਦੂਰਾਂ ਦੀਆਂ ਗਲ੍ਹੀਆਂ-ਸੜੀਆਂ ਲਾਸ਼ਾਂ ਮਿਲੀਆਂ। ਦੋਸ਼ੀਆਂ ’ਚੋਂ ਇੱਕ ਨੇ ਅਦਾਲਤ ’ਚ ਦੱਸਿਆ ਕਿ 4 ਸਾਲ ਪਹਿਲਾਂ ਉਹ ਸ਼ਰਾਬ ਤੇ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦਿਆਂ ਆਪਣੇ ਇੱਕ ਦੋਸਤ ਨਾਲ ਘੁੰਮ ਰਿਹਾ ਸੀ ਕਿ ਉਸ ਦੇ ਇੱਕ ਹੋਰ ਦੋਸਤ ਦਾ ਫ਼ੋਨ ਆਇਆ ਜਿਸ ਨੇ ਉਨ੍ਹਾਂ ਨੂੰ ਜਲਦੀ ਖੇਤ ਪੁੱਜਣ ਲਈ ਕਿਹਾ। ਉਸ ਨੇ ਦੱਸਿਆ ਕਿ ਜਦੋਂ ਉਹ ਖੇਤ ਪੁੱਜੇ ਤਾਂ ਉਥੇ 5 ਮਜ਼ਦੂਰ ਵੇਖੇ ਜਿਨ੍ਹਾਂ ਦੇ ਹੱਥ ਸੀਟਾਂ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਦੇ ਦੋਸਤ ਨੇ ਕਿਹਾ ਕਿ ਮਜ਼ਦੂਰਾਂ ’ਚੋਂ ਇੱਕ ਨੇ ਉਸ ਦੇ ਸਪਾਂਸਰ ਦੀ ਧੀ ਤੇ ਹੋਰ ਕਈ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਬਾਅਦ ’ਚ ਉਨ੍ਹਾਂ ਨੇ ਮਜ਼ਦੂਰਾਂ ’ਤੇ ਤਸ਼ੱਦਦ ਕੀਤਾ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਛਾਣ ਪੱਤਰਾਂ ਸਮੇਤ ਜ਼ਿਊਂਦਾ ਹੀ ਦੱਬ ਦਿੱਤਾ। ਵਰਣਨਯੋਗ ਹੈ ਕਿ ਇਨ੍ਹਾਂ ਹੱਤਿਆਵਾਂ ਦੇ ਸਿਲਸਿਲੇ ’ਚ ਹੁਣ ਤੱਕ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Send this to a friend