Skip to content
Independent perspectives. Global stories.
BREAKING

ਪਿੰਡਾਂ ਨੂੰ ਖੁਸ਼ਹਾਲ ਬਣਾਉਣ ਲਈ ‘ਖੁਸ਼ਹਾਲੀ ਦੇ ਰਾਖਿਆਂ’ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਸਾਰਥਕ ਭੂਮਿਕਾ ਨਿਭਾਉਣ ਦਾ ਸੱਦਾ

Share this story

ਮਾਲੇਰਕੋਟਲਾ, 18 ਜੂਨ (ਅਸ਼ੋਕ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਭਲਾਈ ਯੋਜਨਾਵਾਂ ਨੂੰ ਸਫ਼ਲਤਾ ਨਾਲ ਲਾਗੂ ਕਰਨ, ਸਰਕਾਰੀ ਕੰਮਾਂ ਨੂੰ ਨੇਪਰੇ ਚੜ੍ਹਾਉਣ ਸਮੇਂ ਭ੍ਰਿਸ਼ਟਾਚਾਰ ਦਾ ਮੁਕੰਮਲ ਤੌਰ ’ਤੇ ਖਾਤਮਾ ਯਕੀਨੀ ਬਣਾਉਣ, ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਦੀ ਤਰਫੋਂ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਵੱਖ ਵੱਖ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਪਾਰਦਰਸ਼ੀ ਪ੍ਰਣਾਲੀ ਨਾਲ ਲਾਗੂ ਕਰਵਾਉਣ ’ਚ ਸਹਿਯੋਗ ਦੇਣ ਦੇ ਉਦੇਸ਼ ਨਾਲ ਸੇਵਾ ਮੁਕਤ ਫੌਜੀਆਂ ਨੂੰ ‘ਖੁਸ਼ਹਾਲੀ ਦੇ ਰਾਖੇ’ ਵਜੋਂ ਨਿਯੁਕਤ ਕੀਤਾ ਗਿਆ ਹੈ ਜੋ ਕਿ ਸਰਕਾਰ ਲਈ ਅੱਖਾਂ ਤੇ ਕੰਨਾਂ ਵਾਲੀ ਭੂਮਿਕਾ ਅਦਾ ਕਰ ਰਹੇ ਹਨ। ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਗਾਰਡੀਅਨ ਆਫ਼ ਗਵਰਨੈਂਸ ਦੇ ਸੀਨੀਅਰ ਵਾਈਸ ਚੇਅਰਮੈਨ (ਸੇਵਾ-ਮੁਕਤ) ਲੈਫ. ਜਨਰਲ ਸ਼੍ਰੀ ਟੀ.ਐਸ. ਸ਼ੇਰਗਿੱਲ ਨੇ ਮਲੇਰਕੋਟਲਾ ਵਿਖੇ ਜੀ.ਓ.ਜੀ ਲਈ ਰੱਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤਾ। ਸ਼੍ਰੀ ਸ਼ੇਰਗਿੱਲ ਨੇ ਕਿਹਾ ਕਿ ਸਮਾਰਟ ਫੋਨਾਂ ਨਾਲ ਲੈਸ ਇਹ ਵਲੰਟੀਅਰ ਮੋਬਾਇਲ ਐਪਲੀਕੇਸ਼ਨ ਰਾਹੀਂ ਸਮੇਂ-ਸਮੇਂ ’ਤੇ ਆਪਣੀ ਫੀਡਬੈਕ ਰਿਪੋਰਟ ਭੇਜਦੇ ਹਨ ਜੋ ਕਿ ਸਬੰਧਤ ਐਸ.ਡੀ.ਐਮ., ਡਿਪਟੀ ਕਮਿਸ਼ਨਰ, ਸਬੰਧਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਿਖੇ ਪਹੁੰਚਦੀ ਹੈ ਅਤੇ ਫੀਡਬੈਕ ਰਿਪੋਰਟ ’ਤੇ ਤੁਰੰਤ ਢੁਕਵੀਂ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਸਾਰੇ ਵਲੰਟੀਅਰਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਨੂੰ ਖੁਸ਼ਹਾਲ ਬਣਾਉਣ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਸਾਰਥਕ ਭੂਮਿਕਾ ਅਦਾ ਕਰਨ। ਉਨ੍ਹਾਂ ਕਿਹਾ ਕਿ ਲੋਕ ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਇਹ ਵਲੰਟੀਅਰ ਜਿੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਲਈ ਸਹਿਯੋਗੀ ਸਾਬਤ ਹੁੰਦੇ ਹਨ ਉਥੇ ਹੀ ਜਿਹੜੇ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ, ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਮੱਦਦਗਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਧੜੇਬੰਦੀ ਅਤੇ ਸਿਆਸੀ ਤਾਣੇਬਾਣੇ ਤੋਂ ਉਪਰ ਉਠ ਕੇ ਆਪਣੀ ਜ਼ਿੰਮੇਵਾਰੀ ਨੂੰ ਪਾਰਦਰਸ਼ੀ ਢੰਗ ਨਾਲ ਨਿਭਾਇਆ ਜਾਵੇ ਤਾਂ ਜੋ ਲੋਕਾਂ ਨੂੰ ਦਰਪੇਸ਼ ਸੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾ ਸਕੇ। ਉਨ੍ਹਾਂ ਸਮਾਗਮ ’ਚ ਸ਼ਾਮਲ ਸਮੂਹ ਸਾਬਕਾ ਫੌਜੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਸਹਿਯੋਗ ਨਾਲ ਪੰਜਾਬ ਨੂੰ ਖੁਸ਼ਹਾਲੀ ਪੱਖੋਂ ਦੇਸ਼ ਦਾ ਇੱਕ ਨੰਬਰ ਸੂਬਾ ਬਣਾਉਣ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸਹਿਯੋਗ ਦੇਣ । ਇਸ ਮੌਕੇ 11 ਨਵੇਂ ਵਲੰਟੀਅਰਾਂ ਨੂੰ ਜੀ.ਓ.ਜੀ. ਵਜੋਂ ਨਿਯੁਕਤੀ ਪੱਤਰ ਸੌਂਪੇ ਗਏ। ਇਸ ਤੋਂ ਪਹਿਲਾਂ ਜੀ.ਓ.ਜੀ. ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਡੀ.ਐਸ. ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਮੌਜੂਦਾ ਸਮੇਂ ’ਚ 171 ਖੁਸ਼ਹਾਲੀ ਦੇ ਰਾਖੇ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਜਿਸ ਤਹਿਤ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਫੌਜੀਆਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਇੱਕ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਦੌਰਾਨ ਐਸ.ਡੀ.ਐਮ. ਪ੍ਰੀਤੀ ਯਾਦਵ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਾਲੇਰਕੋਟਲਾ ਸਬ ਡਿਵੀਜ਼ਨ ’ਚ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ। ਅਖੀਰ ’ਚ ਸ਼੍ਰੀ ਤਰਸੇਮ ਲਾਲ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਇਸ ਮੋਕੇ ਡੀ.ਐਸ.ਪੀ. ਸ਼੍ਰੀ ਯੋਗੀਰਾਜ ਸ਼ਰਮਾ, ਡੀ.ਐਸ.ਪੀ ਅਮਰਗੜ੍ਹ ਤਲਵਿੰਦਰ ਸਿੰਘ ਚੀਮਾ, ਨਾਈਬ ਤਹਸੀਲਦਾਰ ਗੁਰਦਰਸ਼ਨ ਸਿੰਘ, ਬਹਾਦਰ ਸਿੰਘ, ਕੈਪਟਨ ਸਿਆਮ ਸਿੰਘ, ਕੈਪਟਨ ਸਮਸ਼ੇਰ ਸਿੰਘ , ਸੂਬੇਦਾਰ ਹਰਬੰਸ ਸਿੰਘ ਅਤੇ ਤਹਿਸੀਲ ਮਾਲੇਰਕੋਟਲਾ ਦੇ ਜੀ.ਓ.ਜੀ. ਅਤੇ ਸਬੰਧਤ ਮਹਿਕਮਿਆਂ ਦੇ ਅਧਿਕਾਰੀ ਮੌਜੂਦ ਸਨ।

WRITTEN BY