Skip to content
Independent perspectives. Global stories.
BREAKING

ਅੰਮ੍ਰਿਤਸਰ ਨੂੰ ਕੌਮਾਂਤਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ : ਸ. ਨਵਜੋਤ ਸਿੰਘ ਸਿੱਧੂ

Share this story

ਸਰਕਾਰੀ ਜਮੀਨਾਂ ’ਤੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ

ਅੰਮ੍ਰਿਤਸਰ, 17 ਜੂਨ- ਅੰਮ੍ਰਿਤਸਰ ਸ਼ਹਿਰ ਜਿੱਥੇ ਕਿ ਹਰ ਰੋਜ਼ ਇਕ ਲੱਖ ਦੇ ਕਰੀਬ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ, ਨੂੰ ਅੰਤਰਾਰਸ਼ਟਰੀ ਪੱਧਰ ’ਤੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ ਇਸ ਲਈ ਜਿੱਥੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਸਹੂਲਤਾਂ ਦਾ ਧਿਆਨ ਰੱਖਿਆ ਜਾਵੇਗਾ, ਉਥੇ ਇਨਾਂ ਸੈਲਾਨੀ ਕੇਂਦਰਾਂ ਦਾ ਪ੍ਰਚਾਰ ਅੰਤਰਰਾਸ਼ਟਰੀ ਪੱਧਰ ’ਤੇ ਕੀਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਸੈਲਾਨੀਆਂ ਨੂੰ ਖਿੱਚਣ ਦੀ ਅਥਾਰ ਸਮਰੱਥਾ ਹੈ ਅਤੇ ਇਥੋਂ ਦਾ ਇਤਹਾਸ, ਸਭਿਆਚਾਰ ਅਤੇ ਪੌਣ-ਪਾਣੀ ਇਸਦੇ ਬਿਲਕੁੱਲ ਅਨਕੂਲ ਹਨ, ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਥੇ ਵੱਧ ਤੋਂ ਵੱਧ ਸੈਲਾਨੀ ਪਹੁੰਚਣ, ਜਿਸ ਨਾਲ ਇਸ ਸਨਅਤ ਨਾਲ ਜੁੜੇ ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮਿਲਣ। ਅੱਜ ਸ. ਸਿੱਧੂ ਨੇ ਸ੍ਰੀ ਦਰਬਾਰ ਸਾਹਿਬ, ਵਿਰਾਸਤੀ ਮਾਰਗ, ਜਲਿਆਂ ਵਾਲਾ ਬਾਗ, ਦੁਰਗਿਆਣਾ ਮੰਦਰ, ਪਾਰਟੀਸ਼ਨ ਮਿਊਜੀਅਮ, ਵਾਰ ਮੈਮੋਰੀਅਲ, ਅਟਾਰੀ ਸਰਹੱਦ, ਪੁੱਲ ਕੰਜਰੀ ਆਦਿ ਦਾ ਦੌਰਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੀ ਟੀਮ ਨਾਲ ਕੀਤਾ ਅਤੇ ਉਥੇ ਸੈਲਾਨੀਆਂ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ’ਤੇ ਵਿਚਾਰਾਂ ਕੀਤੀਆਂ। ਸ. ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿਚ 18 ਅਜਿਹੇ ਸਥਾਨ ਹਨ, ਜਿੰਨਾਂ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਕੇ ਅੰਤਰਰਾਸ਼ਟੀ ਟੂਰਿਸਟ ਏਜੰਸੀਆਂ ਦੇ ਰਾਹੀਂ ਪ੍ਰਚਾਰਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਥੇ ਵਧੀਆ ਅਤੇ ਸਸਤੇ ਹੋਟਲ ਤਿਆਰ ਕਰਵਾਏ ਜਾਣਗੇ, ਜੋ ਕਿ ਸੈਲਾਨੀਆਂ ਨੂੰ ਖਿੱਚਣਗੇ। ਸ. ਸਿੱਧੂ ਨੇ ਕਿਹਾ ਕਿ ਸੈਰ ਸਪਾਟਾ ਵਿਭਾਗ ਦੇ ਇਹ ਪ੍ਰਾਜੈਕਟ ਆਉਣ ਵਾਲੇ ਦਿਨਾਂ ਵਿਚ ਸਰਕਾਰ ਅਤੇ ਇਸ ਸਨਅਤ ਨਾਲ ਜੁੜੇ ਲੋਕਾਂ ਲਈ ਕਮਾਈ ਦਾ ਸਾਧਨ ਬਣਨਗੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅੰਮ੍ਰਿਤਸਰ ਅਤੇ ਇਸਦੇ ਨਾਲ ਲੱਗਦੇ ਜਿਲਿਆਂ ਵਿਚ ਸੈਰ ਸਪਾਟੇ ਨੂੰ ਇੰਨਾ ਵਿਕਸਤ ਕੀਤਾ ਜਾਵੇ ਕਿ ਇਥੇ ਸੈਲਾਨੀ 4 ਤੋਂ 5 ਦਿਨ ਤੱਕ ਟਿਕ ਸਕੇ। ਉਨਾਂ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਈ ਬੀ ਆਰ ਟੀ ਐਸ ਯੋਜਨਾ ਨੂੰ ਵੀ ਇਕ ਵਾਰ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਕਿ ਲੋਕਾਂ ਦਾ ਕਰੋੜਾਂ ਰੁਪਏ ਲੱਗਾ ਵਿਅਰਥ ਨਾ ਜਾਵੇ। ਇਕ ਸਵਾਲ ਦੇ ਜਵਾਬ ਵਿਚ ਸ. ਸਿੱਧੂ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਥਾਵਾਂ ’ਤੇ ਨਾਜਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ ਅਤੇ ਸਰਕਾਰ ਵੱਲੋਂ ਤੈਅ ਕੀਤੇ ਨਿਯਮਾਂ ਦੇ ਉਲਟ ਜਾ ਕੇ ਕਾਲੋਨੀਆਂ ਅਤੇ ਵਪਾਰਕ ਥਾਵਾਂ ਬਨਾਉਣ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਲਈ ਸਾਰੇ ਪੰਜਾਬ ਦਾ ਸਾਥ ਮੇਰੇ ਨਾਲ ਹੈ। ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਸੈਕਟਰੀ ਸ੍ਰੀ ਵਿਕਾਸ ਪ੍ਰਤਾਪ ਸਿੰਘ, ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਉਨਾਂ ਨਾਲ ਸਨ।

WRITTEN BY