ਮੋਦੀ ਦੀ ਪੰਜਾਬ ਰੈਲੀ ਦੇ ਕੁਝ ‘ਸਾਈਡ-ਇਫੈਕਟ’

ਜਸਵੰਤ ਸਿੰਘ ‘ਅਜੀਤ’

ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤ੍ਰੀ ਅਹੁਦੇ ਦੇ ਦਾਅਵੇਦਾਰ ਨਰੇਂਦਰ ਮੋਦੀ ਨੂੰ ਪੰਜਾਬ ਵਾਸੀਆਂ ਦੇ ਰੂ-ਬ-ਰੂ ਕਰਨ ਦੇ ਉਦੇਸ਼ ਨਾਲ ਅਕਾਲੀ-ਭਾਜਪਾ ਗਠਜੋੜ ਵਲੋਂ ਪੰਜਾਬ ਦੇ ਜਗਰਾਉਂ (ਲੁਧਿਆਣਾ) ਵਿਖੇ ਆਯੋਜਿਤ ਕੀਤੀ ਗਈ ਵਿਸ਼ਾਲ ‘ਫਤਹਿ’ ਰੈਲੀ, ਗਠਜੋੜ ਨੂੰ ਕਿਤਨੀ-ਕੁ ‘ਫਤਹਿ’ ਦੁਆਣ ਵਿੱਚ ਸਹਾਇਕ ਅਤੇ ਸਫਲ ਹੋਵੇਗੀ, ਇਸਦਾ ਜਵਾਬ ਤਾਂ ਸਮਾਂ ਹੀ ਦੇ ਪਾਵੇਗਾ। ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਇਸ ਰੈਲੀ ਦੀ ਸਫਲਤਾ ਅਤੇ ਅਸਫਲਤਾ ਦੇ ਨਾਲ ਹੀ ਇਸ ਪੁਰ ਖਰਚ ਹੋਏ ਕਰੋੜਾਂ ਰੁਪਇਆਂ ਨੂੰ ਲੈ ਕੇ ਚਰਚਾ ਚਲ ਹੀ ਰਹੀ ਹੈ, ਜਿਸ ਕਾਰਣ ਇਥੇ ਉਸਦੀ ਚਰਚਾ ਕਰਨਾ ਠੀਕ ਨਹੀਂ ਜਾਪਦਾ।ਇਸ ਰੈਲੀ ਵਿੱਚ ਜੋ ਕੁਝ ਵੇਖਣ ਅਤੇ ਸੁਣਨ ਨੂੰ ਮਿਲਆ, ਉਹ ਸਿੱਖ ਰਾਜਨੀਤੀ ਵਿੱਚ ਹੀ ਨਹੀਂ, ਸਗੋਂ ਆਮ ਸਿੱਖਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੋਇਆ ਹੈ। ਸਭ ਤੋਂ ਵੱਡਾ ਸੁਆਲ, ਜੋ ਉਭਰ ਕੇ ਸਾਹਮਣੇ ਆਇਆ, ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਇੱਕ ਸਿੱਖ ਦੇ ਸਿਰ ਪੁਰ ਬਝੀ ਪਗੜੀ ਉਤਾਰ, ‘ਟੋਪੀ’ ਵਾਂਗ ਨਰੇਂਦਰ ਮੋਦੀ ਦੇ ਸਿਰ ਪੁਰ ਰਖੇ ਜਾਣ ਤੇ ਉਸਨੂੰ ਤਲਵਾਰ ਭੇਂਟ ਕੀਤੇ ਜਾਣ ਨੂੰ ਲੈ ਕੇ ਹੈ।ਸਿੱਖ ਮਾਨਤਾਵਾਂ ਅਨੁਸਾਰ ਕਿਸੇ ਦੇ ਸਿਰ ਤੋਂ ਪਗੜੀ ਨੂੰ ਉਤਾਰਿਆ ਜਾਣਾ, ਉਸਦਾ ਅਪਮਾਨ ਕਰਨਾ ਮੰਨਿਆ ਜਾਂਦਾ ਹੈ, ਦੂਸਰਾ ਭਾਰਤੀ ਪਰੰਪਰਾ, ਜਿਸ ਵਿੱਚ ਸਿੱਖ ਪਰੰਪਰਾ ਵੀ ਸ਼ਾਮਲ ਹੈ, ਅਨੁਸਾਰ ਜਦੋਂ ਕੋਈ ਸੰਪ੍ਰਦਾਇ ਜਾਂ ਕਬੀਲਾ ਅਣਖਹੀਨ ਅਤੇ ਬੇਸਹਾਰਾ ਹੋ, ਆਪਣੀ ਰਖਿਆ ਕਰਨ ਦੀ ਸਮਰਥਾ ਗੁਆ ਬੈਠਦਾ ਹੈ, ਤਾਂ ਉਹ ਜਿਸਨੂੰ ਆਪਣੇ ਤੋਂ ਤਾਕਤਵਰ ਸਮਝ, ਆਪਣੀ ਰਖਿਆ ਦੀ ਜ਼ਿਮੇਂਦਾਰੀ ਸੌਂਪਣ ਦੇ ਸਮਰਥ ਸਮਝਦਾ ਹੈ, ਉਸਨੂੰ ਉਹ ਪਗੜੀ ਪਹਿਨਾ, ਪਹਿਲਾਂ ਉਸਦੀ ਅਧੀਨਤਾ ਸਵੀਕਾਰ ਕਰਦਾ ਤੇ ਫਿਰ ਉਸਨੂੰ ਆਪਣੀ ਰਖਿਆ ਕਰਨ ਦੀ ਜ਼ਿਮੇਂਦਾਰੀ ਸੌਂਪਣ ਦੇ ਪ੍ਰਤੀਕ ਦੇ ਰੂਪ ਵਿੱਚ ਤਲਵਾਰ ਭੇਂਟ ਕਰਦਾ ਹੈ।

ਦੂਸਰਾ, ਨਰੇਂਦਰ ਮੋਦੀ ਵਲੋਂ ਇਹ ਕਹੇ ਜਾਣ ਤੇ ਕਿ ਬਚਪਨ ਵਿੱਚ ਉਹ ਸਿੱਖ ਬਣਨਾ ਚਾਹੁੰਦੇ ਸਨ, ਪ੍ਰੰਤੂ ਪਗੜੀ ਦੇ ਪੈਸੇ ਨਾ ਹੋਣ ਕਾਰਣ ਉਹ ਸਿੱਖ ਬਣਨੋਂ ਰਹਿ ਗਏ, ਭਾਜਪਾ ਦੇ ਨੇਤਾ ਰਹੇ ਮਦਨ ਲਾਲ ਖੁਰਾਣਾ ਦੀ ਗਲ ਯਾਦ ਆ ਗਈ। ਗਲ 1984 ਦੇ ਬਾਅਦ ਦੀ ਹੈ। 1984 ਦੇ ਦੋ ਦੁਖਦਾਈ ਘਲੂਘਾਰਿਆਂ ਦੇ ਫਲਸਰੂਪ ਸਿੱਖ, ਵਿਸ਼ੇਸ਼ ਕਰ ਪੰਜਾਬੋਂ ਬਾਹਰ ਵਸਦੇ ਸਿੱਖ, ਨਾ ਕੇਵਲ ਕਾਂਗ੍ਰਸ ਨਾਲੋਂ ਪੂਰੀ ਤਰ੍ਹਾਂ ਕਟ ਗਏ ਹੋਏ ਸਨ, ਸਗੋਂ ਅੰਦਰੋਂ ਵੀ ਇਤਨੇ ਟੁੱਟ ਗਏ ਸਨ ਕਿ ਉਨ੍ਹਾਂ ਨੂੰ ਕੁਝ ਵੀ ਸੁਝ ਨਹੀਂ ਸੀ ਰਿਹਾ। ਇਤਨੇ ਦੁਖਦਾਈ ਕਾਂਡਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਸੰਸਾਰ ਭਰ ਵਿੱਚੋਂ ਕਿਸੇ ਪਾਸਿਉਂ ਵੀ ਆਪਣੇ ਹੱਕ ਵਿੱਚ ਹਮਦਰਦੀ ਦੇ ਦੋ ਸ਼ਬਦ ਵੀ ਸੁਨਾਈ ਨਾ ਦੇਣ ਜਾਣ ਕਾਰਣ, ਉਹ ਪੂਰੀ ਤਰ੍ਹਾਂ ਨਿਰਾਸ਼ ਹੋ ਚੁਕੇ ਸਨ, ਕਿਉਂਕਿ ਉਨ੍ਹਾਂ ਨੂੰ ਕੋਈ ਵੀ ਅਜਿਹਾ ਹਮਦਰਦ ਨਜ਼ਰ ਨਹੀਂ ਆਇਆ ਜਿਸ ਨੇ ਉਨ੍ਹਾਂ ਦੇ ਇਸ ਅਸਹਿ ਤੇ ਅਕਹਿ ਦੁਖ ਤੇ ਦੋ ਅਥਰੂ ਹੀ ਵਹਾਏ ਹੋਣ। ਅਜਿਹੀ ਹਾਲਤ ਵਿੱਚ ਉਹ ਪੂਰੀ ਤਰ੍ਹਾਂ ਅਲਗ-ਥਲਗ ਪੈ ਆਪਣੇ ਨੂੰ ਬੇਸਹਾਰਾ ਮਹਿਸੂਸ ਕਰਨ ਤੇ ਮਜਬੂਰ ਹੋ ਗਏ ਹੋਏ ਸਨ।
ਉਨ੍ਹਾਂ ਦਿਨਾਂ ਵਿੱਚ ਹੀ, ਉਨ੍ਹਾਂ ਨੂੰ ਭਾਜਪਾ ਦੇ ਨੇੜੇ ਲਿਆਣ ਦੇ ਉਦੇਸ਼ ਨਾਲ ਮਦਨ ਲਾਲ ਖੁਰਾਣਾ ਸਾਹਮਣੇ ਆਏ। ਉਹ ਸਿੱਖਾਂ ਦੀਆਂ ਬੈਠਕਾਂ ਵਿੱਚ ਜਾ, ਆਪਣੀ ਗਲ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕੀਤਾ ਕਰਦੇ, ਕਿ ਬਚਪਨ ਵਿੱਚ ਉਹ ਵੀ ਸਿੱਖ ਬਣਨਾ ਚਾਹੁੰਦੇ ਸਨ, ਪ੍ਰੰਤੂ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦਾ ਭਰਾ ਜਨਮ ਲੈ, ਸਿੱਖ ਬਣ ਗਿਆ ਅਤੇ ਉਹ ਸਿੱਖ ਬਣਦੇ-ਬਣਦੇ ਰਹਿ ਗਏ।
ਸ਼ਾਇਦ ਨਾ ਤਾਂ ਮਦਨ ਲਾਲ ਖੁਰਾਣਾ ਨੂੰ ਇਹ ਪਤਾ ਸੀ ਅਤੇ ਨਾ ਹੀ ਨਰੇਂਦਰ ਮੋਦੀ ਨੂੰ ਹੀ ਪਤਾ ਹੈ ਕਿ ਸਿੱਖ ਧਰਮ ਵਿੱਚ ਅਜਿਹੀ ਕੋਈ ਬੰਦਸ਼ ਜਾਂ ਮਾਨਤਾ ਨਹੀਂ ਕਿ ਜੇ ਵੱਡਾ ਭਰਾ ਸਿੱਖ ਬਣ ਗਿਆ ਹੈ ਤਾਂ ਛੋਟਾ ਭਰਾ ਸਿੱਖ ਨਹੀਂ ਬਣ ਸਕਦਾ। ਇਸੇ ਤਰ੍ਹਾਂ ਸਿੱਖ ਧਰਮ ਵਿੱਚ ਅਜਿਹੀ ਵੀ ਕੋਈ ਮਾਨਤਾ ਨਹੀਂ ਕਿ ਜਿਸ ਕੋਲ ਪਗੜੀ ਖ੍ਰੀਦਣ ਲਈ ਪੈਸੇ ਨਹੀਂ, ਉਹ ਸਿੱਖ ਨਹੀਂ ਬਣ ਸਕਦਾ। ਸਿਖ ਮਾਨਤਾਵਾਂ ਅਨੁਸਾਰ ਹਰ ਉਹ ਵਿਅਕਤੀ ਗੁਰੂ ਦਾ ਸਿੱਖ ਹੈ, ਜੋ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਦੇ ਪ੍ਰਤੀ ਨਿਸ਼ਠਾ ਅਤੇ ਸ਼ਰਧਾ ਰਖਦਾ ਹੈ। ਜੇ ਉਹ ਸਿੰਘ ਸਜਣਾ ਚਾਹੁੰਦਾ ਹੈ ਤਾਂ ਉਸਨੂੰ ਅੰਮ੍ਰਿਤ ਛਕ ‘ਸਿੰਘ’ ਸਜਣ ਲਈ ਗੁਰੂ ਚਰਨਾਂ ਵਿੱਚ ਆਪਣੀ ਹਉਮੈ ਸਹਿਤ ਜੀਵਨ ਨੂੰ ਸਮਰਪਤ ਕਰਨਾ ਹੁੰਦਾ ਹੈ। ਇਨ੍ਹਾਂ ਹਾਲਾਤ ਵਿੱਚ ਨਾ ਤਾਂ ਪਰਿਵਾਰ ਵਿੱਚ ਪਹਿਲੇ ਜਨਮ ਲੈਣ ਅਤੇ ਨਾ ਹੀ ਪਗੜੀ ਖ੍ਰੀਦਣ ਲਈ ਪੈਸਿਆਂ ਦੀ ਲੋੜ ਹੁੰਦੀ ਹੈ।
ਤੀਜੀ ਗਲ, ਜੋ ਨਰੇਂਦਰ ਮੋਦੀ ਨੇ ਰੈਲੀ ਵਿੱਚ ਬੜੇ ਜ਼ੋਰ ਨਾਲ ਕਹੀ, ਉਹ ਇਹ ਸੀ ਕਿ ਗੁਜਰਾਤ ਵਿਚੋਂ ਕਿਸੇ ਸਿੱਖ ਨੂੰ ਨਹੀਂ ਉਜਾੜਿਆ ਜਾਇਗਾ। ਉਨ੍ਹਾਂ ਦੇ ਇਸ ਕਥਨ ਵਿੱਚੋਂ ਈਮਾਨਦਾਰੀ ਤਾਂ ਹੀ ਝਲਕਦੀ ਵਿਖਾਈ ਦਿੰਦੀ ਜੇ ਉਹ ਇਸ ਦੇ ਨਾਲ ਹੀ ਇਹ ਭਰੋਸਾ ਵੀ ਦਿੰਦੇ ਕਿ ਸਿੱਖ ਕਿਸਾਨਾਂ ਨੂੰ ਗੁਜਰਾਤ ਵਿਚੋਂ ਉਜਾੜੇ ਜਾਣ ਦੇ ਵਿਰੁਧ ਗੁਜਰਾਤ ਹਾਈਕੋਰਟ ਵਲੋਂ ਦਿਤੇ ਗਏ ਹੋਏ ਫੈਸਲੇ ਦਾ ਉਹ ਸਨਮਾਨ ਕਰਨਗੇ ਅਤੇ ਇਸਦੇ ਵਿਰੁਧ ਰਾਜ ਸਰਕਾਰ ਵਲੋਂ ਸੁਪ੍ਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਹੋਈ ਰਿਟ ਪਟੀਸ਼ਨ ਨੂੰ ਵਾਪਸ ਲੈਣ ਦਾ ਆਦੇਸ਼ ਉਹ ਸਬੰਧਤ ਅਧਿਕਾਰੀਆਂ ਨੂੰ ਦੇਣਗੇ। ਪ੍ਰੰਤੂ ਉਨ੍ਹਾਂ ਅਜਿਹਾ ਕੋਈ ਭਰੋਸਾ ਨਾ ਦੇ ਕੇ ਆਪਣੇ ਕਥਨ ਦੇ ਈਮਾਨਦਾਰਾਨਾ ਹੋਣ ਪ੍ਰਤੀ ਸ਼ੰਕਾਵਾਂ ਨੂੰ ਬਣੇ ਰਹਿਣ ਦਿੱਤਾ।
ਇੱਕ ਗਲ ਹੋਰ ਇਸੇ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਨਰੇਂਦਰ ਮੋਦੀ ਦਾ ਸੁਆਗਤ ਕਰਦਿਆਂ ਉਨ੍ਹਾਂ ਪਾਸੋਂ ਮੰਗ ਕੀਤੀ ਕਿ ਉਹ (ਨਰੇਂਦਰ ਮੋਦੀ) ਪ੍ਰਧਾਨ ਮੰਤਰੀ ਬਣਨ ਤੇ ਨੀਲਾ ਤਾਰਾ ਸਾਕੇ ਅਤੇ ਨਵੰਬਰ-84 ਦੇ ਸਿੱਖ ਕਤਲੇਆਮ ਦੀ ਜਾਂਚ ਕਰਵਾਉਣ। ਪਰ ਨਰੇਂਦਰ ਮੋਦੀ ਨੇ ਅਜਿਹਾ ਕੋਈ ਭਰੋਸਾ ਦੇਣਾ ਤਾਂ ਦੂਰ ਰਿਹਾ, ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਸ. ਬਾਦਲ ਵਲੋਂ ਕੀਤੀਆਂ ਗਈਆਂ ਇਨ੍ਹਾਂ ਮੰਗਾਂ ਦਾ ਜ਼ਿਕਰ ਤਕ ਕਰਨਾ ਮੁਨਾਸਿਬ ਨਹੀਂ ਸਮਝਿਆ, ਸ਼ਾਇਦ ਉਨ੍ਹਾਂ ਨੂੰ ਡਰ ਸੀ ਕਿ ਜੇ ਉਨ੍ਹਾਂ ਇਨ੍ਹਾਂ ਮੰਗਾਂ ਬਾਰੇ ਕੋਈ ਟਿੱਪਣੀ ਕੀਤੀ ਤਾਂ ਉਨ੍ਹਾਂ ਦੇ ਕਿਸੇ ਹੋਰ ਜਲਸੇ ਵਿੱਚ ਸੰਨ-2002 ਦੌਰਾਨ ਗੁਜਰਾਤ ਵਿੱਚ ਹੋਏ ਮੁਸਲਿਮ ਕਤਲੇ-ਆਮ ਦੀ ਜਾਂਚ ਕਰਵਾਏ ਜਾਣ ਦਾ ਭਰੋਸਾ ਦਿਤੇ ਜਾਣ ਦੀ ਵੀ ਮੰਗ ਕੀਤੀ ਜਾ ਸਕਦੀ ਹੈ।
ਇਹ ਸਿਲਸਿਲਾ ਬੰਦ ਹੋਣਾ ਚਾਹੀਦੈ : ਪਿਛਲੇ ਦਿਨੀਂ ਕੁਝ ਸਿੱਖ ਮੁੱਖੀਆਂ ਵਲੋਂ ਦਿੱਲੀ ਦੀ ਇੱਕ ਕਾਲੌਨੀ ਵਿੱਚ ਹੋ ਰਹੇ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਨੂੰ ਰੋਕਣ ਦੀ ਜੋ ਕਾਰਵਾਈ ਕੀਤੀ ਗਈ, ਉਸਨੂੰ ਠੀਕ ਕਰਾਰ ਦੇ ਭਾਵੇਂ ਉਹ ਆਪਣੀ ਪਿੱਠ ਥਪਥਪਾ ਰਹੇ ਹੋਣ, ਪ੍ਰੰਤੂ ਸਿੱਖ ਧਰਮ ਦੇ ਵਿਦਵਾਨ ਅਤੇ ਧਾਰਮਕ ਮੁੱਖੀ ਉਨ੍ਹਾਂ ਦੀ ਇਸ ਕਾਰਵਾਈ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਆਮ ਲੋਕਾਂ ਵਿੱਚ ਇਹ ਸੰਦੇਸ਼ ਚਲਾ ਗਿਆ ਹੈ ਕਿ ਸਿੱਖ ਮੁੱਖੀ ਆਪ ਹੀ ਸਿੱਖੀ ਪ੍ਰਚਾਰ ਦੇ ਸ੍ਰੋਤਾਂ ਨੂੰ ਬੰਦ ਕਰਨ ਦੀ ਰਾਹ ਪੁਰ ਤੁਰ ਪਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਲ ਕਿਥੋਂ ਤਕ ਜਾਇਜ਼ ਹੋ ਸਕਦੀ ਹੈ? ਇਸ ਸਬੰਧ ਵਿੱਚ ਅਕਾਲ ਤਖਤ ਦੇ ਜੱਥੇਦਾਰ ਸਹਿਤ ਸਮ੍ਹੂਹ ਧਾਰਮਕ ਮੁੱਖੀਆਂ ਤੇ ਧਾਰਮਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਮਿਲ-ਬੈਠ, ਸਿਰ ਜੋੜ ਕੇ, ਸੋਚਣਾ ਅਤੇ ਵਿਚਾਰਨਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖੀ-ਵਿਰੋਧੀ ਪ੍ਰਚਾਰ ਪੁਰ ਤਾਂ ਰੋਕ ਲਾਈ ਜਾ ਸਕਦੀ ਹੈ, ਪ੍ਰੰਤੂ ਸਿੱਖੀ ਦੇ ਪ੍ਰਚਾਰ ਪੁਰ ਰੋਕ ਲਾਇਆ ਜਾਣਾ ਸਿੱਖ-ਸਿਧਾਂਤਾਂ ਦੇ ਹੀ ਨਹੀਂ, ਸਗੋਂ ਸਥਾਪਤ ਧਾਰਮਕ ਸਿੱਖ ਮਾਨਤਾਵਾਂ ਦੇ ਵੀ ਵਿਰੁਧ ਹੈ। ਉਨ੍ਹਾਂ ਪੁਛਿਆ ਕਿ ਪੰਜਾਬ ਵਿੱਚ ਅਨੇਕਾਂ ਡੇਰੇਦਾਰ, ਜੋ ਸਿੱਖੀ-ਵਿਰੋਧੀ ਪ੍ਰਚਾਰ ਕਰਨ ਵਿੱਚ ਦਿਨ-ਰਾਤ ਜੁਟੇ ਹੋਏ ਹਨ, ਉਨ੍ਹਾਂ ਵਲੋਂ ਕੀਤੇ ਜਾ ਰਹੇ ਸਿੱਖੀ-ਵਿਰੋਧੀ ਪ੍ਰਚਾਰ ਨੂੰ ਠਲ੍ਹ ਪਾਣ ਪ੍ਰਤੀ ਇਹ ਲੋਕੀ ਕਿਤਨੇ-ਕੁ ਈਮਾਨਦਾਰ ਅਤੇ ਸਰਗਰਮ ਹਨ? ਜੋ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਨੂੰ ਰੋਕਣ ਵਿੱਚ ਪ੍ਰਾਪਤ ਕੀਤੀ ਸਫਲਤਾ ਪੁਰ ਬਗਲਾਂ ਵਜਾ ਰਹੇ ਹਨ ਤੇ ਅਕਾਲ ਤਖਤ ਦੇ ਜਥੇਦਾਰ ਜਿਨ੍ਹਾਂ ਦੀ ਪਿੱਠ ਠੌਕ ਰਹੇ ਹਨ?
ਇਨ੍ਹਾਂ ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਅੱਜ ਦੇ ਸਮਾਜਕ ਅਤੇ ਰਾਜਨੀਤਿਕ ਵਾਤਾਵਰਣ ਨੂੰ ਵੇਖਦਿਆਂ ਕਿਸੇ ਸਿੱਖ ਨੂੰ ਪੰਥ ਵਿਚੋਂ ‘ਛੇਕੇ’ ਜਾਣ ਜਾਂ ਉਸਦਾ ਸਮਾਜਕ ਬਾਈਕਾਟ ਕੀਤੇ ਜਾਣ ਦੇ ‘ਹੁਕਮਨਾਮੇ’ ਜਾਰੀ ਕਰਨ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪੁਛਿਆ ਕਿ ਅਕਾਲ ਤਖਤ ਤੋਂ ਨਿਰੰਕਾਰੀਆਂ, ਆਰਐਸਐਸ ਅਤੇ ਕਈ ਡੇਰੇਦਾਰਾਂ ਆਦਿ ਦਾ ਬਾਈਕਾਟ ਕੀਤੇ ਜਾਣ ਦੇ ਜੋ ਹੁਕਮਨਾਮੇ ਜਾਰੀ ਕੀਤੇ ਗਏ ਹੋਏ ਹਨ, ਧਾਰਮਕ ਸਿੱਖ ਸੰਸਥਾਵਾਂ ਪੁਰ ਕਾਬਜ਼ ਚਲੇ ਆ ਰਹੇ ਅਕਾਲੀਆਂ ਵਲੋਂ ਕਿਤਨਾ-ਕੁ ਪਾਲਣ ਜਾਂ ਸਤਿਕਾਰ ਕੀਤਾ ਜਾ ਰਿਹਾ ਹੈ? ਇਨ੍ਹਾਂ ਵਿਦਵਾਨਾਂ ਨੇ ਇਹ ਵੀ ਪੁਛਿਆ ਕਿ ਅਕਾਲੀਆਂ ਵਲੋਂ ਇਨ੍ਹਾਂ ਹੁਕਮਨਾਮਿਆਂ ਨੂੰ ਅਣਗੋਲਿਆਂ ਕੀਤੇ ਜਾਣ ਪੁਰ ਅਕਾਲ ਤਖਤ ਦੇ ਜਥੇਦਾਰ ਨੇ ਉਨ੍ਹਾਂ ਅਕਾਲੀਆਂ ਵਿਚੋਂ ਕਿਸੀ ਇੱਕ ਪਾਸੋਂ ਵੀ ਕਦੀ ਕੋਈ ਜਵਾਬ-ਤਲਬੀ ਕੀਤੀ ਹੈ? ਜੇ ਨਹੀਂ, ਤਾਂ ਉਨ੍ਹਾਂ ਦੇ ਹੁਕਮਾਂ ਦਾ ਪਾਲਣ ਨਾ ਕਰਨ ਵਾਲੇ ਦੂਜਿਆਂ ਨੂੰ ਕਿਉਂ ਅੱਖਾਂ ਵਿਖਾਈਆਂ ਜਾ ਰਹੀਆਂ ਹਨ? ਕੀ ਇਸ ਪਿੱਛੇ ਨਿਜੀ ਵਿਰੋਧ ਦੀ ਭਾਵਨਾ ਜਾਂ ਸੱਤਾਧਾਰੀਆਂ ਦੇ ਰਾਜਸੀ ਸੁਆਰਥ ਨੂੰ ਪੂਰਿਆਂ ਕਰਨ ਦੀ ਸੋਚ ਹੀ ਕੰਮ ਨਹੀਂ ਕਰ ਰਹੀ?
ਇਨ੍ਹਾਂ ਵਿਦਵਾਨਾਂ ਦਾ ਮੰਨਣਾ ਹੈ ਕਿ ਅੱਜ ਅਕਾਲ ਤਖਤ ਦੇ ਹੁਕਮਨਾਮੇ ਦੇ ਨਾਂ ’ਤੇ ਪ੍ਰੋ. ਦਰਸ਼ਨ ਸਿੰਘ ਦੇ ਵਿਰੁਧ ਜੋ ਕੁਝ ਹੋ ਰਿਹਾ ਹੈ, ਉਸਦੇ ਲਈ ਉਹ ਆਪ ਵੀ ਘਟ ਜ਼ਿਮੇਂਦਾਰ ਨਹੀਂ, ਕਿਉਂਕਿ ਉਨ੍ਹਾਂ ਨੇ ਵੀ ਅਕਾਲ ਤਖਤ ਦੇ ਜੱਥੇਦਾਰ ਦੇ ਅਹੁਦੇ ਪੁਰ ਰਹਿੰਦਿਆਂ, ਸਮੇਂ ਦੇ ਸੱਤਾਧਾਰੀਆਂ ਦੇ ‘ਆਦੇਸ਼’ ਪੁਰ ਕਈ ਸਨਮਾਨਤ ਵਿਅਕਤੀਆਂ ਨੂੰ ਅਕਾਲ ਤਖਤ ਪੁਰ ਸੰਮਨ ਕਰ ਅਪਮਾਨਤ ਕਰਨ ਦਾ ਗੁਨਾਹ ਕੀਤਾ ਸੀ।
ਅਤੇ ਅੰਤ ਵਿੱਚ : ਧਾਰਮਕ ਸਿੱਖ ਵਿਦਵਾਨਾਂ ਦਾ ਮੰਨਣਾ ਹੈ ਕਿ ਅਕਾਲ ਤਖਤ ਦੇ ਵਰਤਮਾਨ ਜੱਥੇਦਾਰ ਨੂੰ ਸਾਰੇ ਸਾਬਕਾ ਜੱਥੇਦਾਰਾਂ, ਜੋ ਕਿ ਜੀਵਤ ਹਨ, ਨਾਲ ਮਿਲ-ਬੈਠ ਇੱਕ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰ, ਸਾਰੇ ਜਥੇਦਾਰਾਂ ਵਲੋਂ ਜਾਰੀ ਕੀਤੇ ਜਾਂਦੇ ਰਹੇ ਵਿਵਾਦਤ ਹੁਕਮਨਾਮਿਆਂ ਲਈ ਪਸ਼ਚਾਤਾਪ ਕਰਨਾ ਅਤੇ ਭਵਿੱਖ ਵਿੱਚ ਅਜਿਹੇ ਸਾਰਥਕ ਫੈਸਲੇ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ, ਜਿਨ੍ਹਾਂ ਰਾਹੀਂ ਨਾ ਤਾਂ ਕਿਸੇ ਨੂੰ ਪੰਥ ਵਿਚੋਂ ਛੇਕਿਆ ਗਿਆ ਹੋਵੇ ਤੇ ਨਾ ਹੀ ਕਿਸੇ ਦੇ ਸਮਾਜਕ ਬਾਈਕਾਟ ਦਾ ਹੀ ਸਦਾ ਦਿੱਤਾ ਗਿਆ ਹੋਵੇ। ਇਸਦੇ ਨਾਲ ਹੀ ਉਨ੍ਹਾਂ ਹੁਕਮਨਾਮਿਆਂ ਪੁਰ ਰਾਜਸੀ ਪ੍ਰਭਾਵ ਅਧੀਨ ਜਾਰੀ ਕੀਤੇ ਹੋਣ ਦਾ ਦੋਸ਼ ਵੀ ਨਾ ਲਗ ਸਕੇ ਅਤੇ ਨਾ ਹੀ ਉਨ੍ਹਾਂ ਕਾਰਣ ਕਿਸੇ ਧਾਰਮਕ ਵਿਵਾਦ ਦੇ ਪੈਦਾ ਹੋਣ ਦੀ ਸੰਭਾਵਨਾ ਹੀ ਬਣ ਸਕੇ।