ਮੇਲੇ ਲਈ ਸਾਰੇ ਪ੍ਰਬੰਧ ਮੁਕੰਮਲ : ਸ. ਕਰਨਦੀਪ ਸਿੰਘ ਭੁੱਲਰ ਤਹਿਸੀਲਦਾਰ
ਜਲੰਧਰ, 14 ਜੂਨ (ਪੰਜਾਬ ਟਾਇਮਜ਼ ਬਿਊਰੋ)- ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਪ੍ਰਮੁੱਖ ਸ਼ਰਧਾ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਪਿੰਡ ਤੱਲ੍ਹਣ ਵਿਖੇ 67ਵਾਂ ਸਾਲਾਨਾ ਜੋੜ ਮੇਲਾ ਅੱਜ 15 ਜੂਨ ਨੂੰ ਸ਼ੁਰੂ ਹੋ ਰਿਹਾ ਹੈ। ਮੇਲਾ 17 ਜੂਨ ਐਤਵਾਰ ਤੱਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਨਾਲ ਮੇਲੇ ਦੀ ਸ਼ੁਰੂਆਤ ਹੋਵੇਗੀ। 17 ਜੂਨ ਨੂੰ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਰਿਸੀਵਰ ਸ਼੍ਰੀ ਕਰਨਦੀਪ ਸਿੰਘ ਭੁੱਲਰ ਤਹਿਸੀਲਦਾਰ ਜਲੰਧਰ-1 ਨੇ ਦੱਸਿਆ ਕਿ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਰਿਕਾਰਡ ਤੋੜ ਸੰਗਤ ਦੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ 16 ਜੂਨ ਸ਼ਾਮੀ 5:30 ਵਜੇ ਤੋਂ 10 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਤੱਲ੍ਹਣ ਸਾਹਿਬ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਬਲਵਿੰਦਰ ਕੌਰ ਖਡੂਰ ਸਾਹਿਬ ਵਾਲੇ, ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਿੰਦਰ ਸਿੰਘ ਸ਼੍ਰੀ ਨਗਰ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਤਰਨ ਰਾਹੀਂ ਨਿਹਾਲ ਕਰਨਗੇ। 17 ਜੂਨ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਢੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਢਾਡੀ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਈ ਦੀਦਾਰ ਸਿੰਘ ਦਰਦੀ, ਗਿਆਨੀ ਇੰਦਰਜੀਤ ਸਿੰਘ ਬਜੂਹਾ, ਭਾਈ ਲਖਵਿੰਦਰ ਸਿੰਘ ਸੋਹਲ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਨਾਂ ਧਾਰਮਿਕ ਸਮਾਗਮਾਂ ਦੀ ਸਟੇਜ ਦਾ ਸੰਚਾਲਨ ਉਘੇ ਸਿੱਖ ਵਿਦਵਾਨ ਅਤੇ ਬੁਲਾਰੇ ਸ. ਤੀਰਥ ਸਿੰਘ ਢਿੱਲੋਂ ਅਤੇ ਸ. ਹਰਵਿੰਦਰ ਸਿੰਘ ਵੀਰ ਰਹੀਮਪੁਰੀ ਕਰਨਗੇ। ਸ. ਕਰਨਦੀਪ ਸਿੰਘ ਭੁੱਲਰ ਅਨੁਸਾਰ 15 ਅਤੇ 16 ਜੂਨ ਨੂੰ ਕਬੱਡੀ ਦੇ ਆਲ ਓਪਨ ਮੈਚ ਕਰਵਾਏ ਜਾਣਗੇ। ਇਸ ਸਬੰਧੀ ਐਂਟਰੀਆਂ 15 ਜੂਨ ਨੂੰ ਸਵੇਰੇ 8 ਵਜੇ ਤੋਂ 9 ਵਜੇ ਤੱਕ ਲਈਆਂ ਜਾਣਗੀਆਂ ਅਤੇ 10 ਵਜੇ ਮੈਚ ਸ਼ੁਰੂ ਕਰਵਾਏ ਜਾਣਗੇ। 17 ਜੂਨ ਨੂੰ ਕੁਸ਼ਤੀਆਂ, ਕਬੱਡੀ, ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ। ਮੁੱਖ ਕਬੱਡੀ ਮੁਕਾਬਲਾ ਸ਼ੇਰੇ-ਏ-ਪੰਜਾਬ ਕੈਲੀਫੋਰਨੀਆਂ, ਡੀ.ਏ.ਵੀ. ਕਾਲਜ ਰਾਣੂੰਆਂ, ਬਾਬਾ ਭਾਈ ਸਾਧੂ ਕਲੱਬ ਰੁੜਕਾ ਕਲਾਂ ਵਿਚਾਲੇ ਹੋਵੇਗਾ। ਸ. ਭੁੱਲਰ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਜੋੜ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ