ਪਾਰਟੀ ਲੀਡਰ ਜਨਤਕ ਬਿਆਨਬਾਜ਼ੀ ਤੋਂ ਗੁਰੇਜ਼ ਕਰਨ
ਚੰਡੀਗੜ੍ਹ, 12 ਜੂਨ (ਬਲਜੀਤ ਸਿੰਘ ਬਰਾੜ)- ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੂੰ ਪੰਜਾਬ ਕਾਂਗਰਸ ਵਿੱਚ ਸ਼ਾਮਲ ਕਰਨ ਦੇ ਦਿੱਤੇ ਸੁਝਾਅ ’ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪਾਰਟੀ ਲੀਡਰਾਂ ਨੂੰ ਅਜਿਹੀ ਜਨਤਕ ਬਿਆਨਬਾਜ਼ੀ ਕਰਨ ਤੋਂ ਸੰਜਮ ਵਰਤਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਕਾਂਗਰਸ ਪਾਰਟੀ ਵਿੱਚ ਲਿਆਉਣ ਬਾਰੇ ਕੋਈ ਵੀ ਫੈਸਲਾ ਲੈਣਾ ਪਾਰਟੀ ਹਾਈ ਕਮਾਂਡ ਦੇ ਅਧਿਕਾਰ ਖੇਤਰ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮਸਲਿਆਂ ਨਾਲ ਸਬੰਧਤ ਵਿਚਾਰ-ਚਰਚਾ ਕਰਨ ਲਈ ਪਾਰਟੀ ਮੰਚ ਹੀ ਸਹੀ ਥਾਂ ਹੁੰਦੀ ਹੈ। ਸ੍ਰੀ ਬਿੱਟੂ ਵੱਲੋਂ ਸਾਲ 2019 ਦੀਆਂ ਚੋਣਾਂ ਤੋਂ ਪਹਿਲਾਂ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਬਾਰੇ ਦਿੱਤੇ ਬਿਆਨ ’ਤੇ ਹੈਰਾਨੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਦੇ ਸੰਸਦ ਮੈਂਬਰ ਨੂੰ ਆਪਣੇ ਵਿਚਾਰ ਜਾਂ ਤਾਂ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੋਲ ਜਾਂ ਫਿਰ ਉਨ੍ਹਾਂ (ਮੁੱਖ ਮੰਤਰੀ) ਕੋਲ ਜ਼ਾਹਰ ਕਰਨੇ ਚਾਹੀਦੇ ਸਨ।