ਲੋਕਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਤੋਂ ਬਾਅਦ ਡਾਕਟਰ ਗ੍ਰਿਫਤਾਰ, ਮਾਮਲਾ ਦਰਜ
ਤਲਵੰਡੀ ਸਾਬੋ, 26 ਫਰਵਰੀ (ਰਣਜੀਤ ਸਿੰਘ ਰਾਜੂ)-ਅੱਜ ਨੇੜਲੇ ਪਿੰਡ ਚੱਠੇਵਾਲਾ ਅੰਦਰ ਉਦੋਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦਾ ਇੱਕ ਗੱਭਰੂ ਜਵਾਨ ਮੁੰਡਾ ਜਿਸਦਾ ਬੀਤੀ ਰਾਤ ਐਕਸੀਡੈਂਟ ਹੋਇਆ ਸੀ ਇੱਕ ਡਾਕਟਰ ਦੀ ਕਥਿਤ ਅਣਗਹਿਲੀ ਦੇ ਚਲਦਿਆਂ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਸੀ ਕਿ ਅੱਜ ਹੀ ਉਕਤ ਨੌਜਵਾਨ ਦੀ ਭੈਣ ਦਾ ਵਿਆਹ ਸੀ ਤੇ ਘਰੇ ਬਰਾਤ ਆਉਣੀ ਸੀ ਪ੍ਰੰਤੂ ਇੱਕ ਡਾਕਟਰ ਦੀ ਲਾਪ੍ਰਵਾਹੀ ਦੇ ਚਲਦਿਆਂ ਖੁਸ਼ੀਆਂ ਵਾਲੇ ਜਿਸ ਘਰ ਵਿੱਚ ਅੱਜ ਬਾਜੇ ਵੱਜਣੇ ਸਨ ਉ¤ਥੇ ਵੈਣ ਪਾਉਣ ਦੀ ਗੂੰਜ ਸੁਣਾਈ ਦੇਣ ਲੱਗ ਪਈ।
ਇੱਕਤਰ ਜਾਣਕਾਰੀ ਅਨੁਸਾਰ ਪਿੰਡ ਚੱਠੇਵਾਲਾ ਨਿਵਾਸੀ ਭੂਰਾ ਸਿੰਘ ਦੀ ਲੜਕੀ ਦੀ ਸ਼ਾਦੀ ਸੀ ਤੇ ਅੱਜ 26 ਫਰਵਰੀ ਨੂੰ ਬਾਰਾਤ ਆਉਣੀ ਸੀ।ਬੀਤੀ ਰਾਤ ਜਦੋਂ ਲੜਕੀ ਦਾ ਇਕਲੌਤਾ ਭਰਾ ਲਖਵਿੰਦਰ ਸਿੰਘ ਉਰਫ ਲੱਖਾ ਬਰਾਤ ਲਈ ਤੰਦੂਰੀਆਂ ਨੂੰ ਪੱਕਾ ਕਰਵਾਉਣ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਉਹ ਇੱਕ ਟਰੈਕਟਰ ਦ ੇਪਿੱਛੇ ਜਾ ਰਿਹਾ ਸੀ ਕਿ ਸਾਈਡ ਦੇਣ ਵੇਲੇ ਅੱਗੋਂ ਆ ਰਹੀ ਕਾਰ ਦੀ ਲਾਈਟਾਂ ਪੈਣ ਨਾਲ ਦਿਖਾਈ ਨਾਂ ਦੇਣ ਕਰਕੇ ਮੋਟਰਸਾਈਕਲ ਅੱਗੇ ਜਾ ਰਹੇ ਟ੍ਰੈਕਟਰ ਦੇ ਥੱਲੇ ਜਾ ਵੜਿਆ ਜਿਸ ਕਾਰਣ ਲੱਖਾ ਗੰਭੀਰ ਜਖਮੀ ਹੋ ਗਿਆ ਜਿਸਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਚੁੱਕ ਕੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਰਾਜ ਨਰਸਿੰਗ ਹੋਮ ਵਿੱਚ ਦਾਖਿਲ ਕਰਵਾ ਦਿੱਤਾ।ਅੱਜ ਸਵੇਰੇ ਪਤਾ ਲੱਗਾ ਕਿ ਲੱਖੇ ਦੀ ਮੌਤ ਹੋ ਗਈ।ਲੱਖੇ ਦੇ ਪਰਿਵਾਰ ਵਾਲਿਆਂ ਨੇ ਸਵੇਰੇ ਨਰਸਿੰਗ ਹੋਮ ਦੇ ਡਾਕਟਰ ਤੇ ਅਣਗਹਿਲੀ ਵਰਤਣ ਦੇ ਦੋਸ਼ ਲਾਏ।ਉਨ੍ਹਾਂ ਕਿਹਾ ਕਿ ਲੜਕੇ ਦੀ ਹਾਲਤ ਗੰਭੀਰ ਹੋਣ ਦੇ ਬਾਵਜੂਦ ਘਰਦਿਆਂ ਦੇ ਕਹਿਣ ਤੇ ਵੀ ਡਾਕਟਰ ਨੇ ਉਸਨੂੰ ਰੈਫਰ ਨਹੀ ਕੀਤਾ।ਉਨ੍ਹਾਂ ਕਿਹਾ ਕਿ ਅਣਗਹਿਲੀ ਦੀ ਹੱਦ ਇੱਥੋਂ ਤੱਕ ਸੀ ਕਿ ਸਵੇਰੇ ਜਦੋਂ ਘਰ ਦੇ ਕੁਝ ਨੌਜਵਾਨ ਜਖਮੀ ਲਈ ਚਾਹ ਲੈ ਕੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਜਾ ਕੇ ਡਾਕਟਰ ਨੂੰ ਦੱਸਿਆ।ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਏ ਕਿ ਬਾਦ ਵਿੱਚ ਡਾਕਟਰ ਉਨ੍ਹਾਂ ਨੂੰ ਧਮਕੀਆਂ ਦੇਣ ਲੱਗ ਪਿਆ ਕਿ ਮੇਰੀ ਪਹੁੰਚ ਉ¤ਪਰ ਤੱਕ ਹੈ ਤੁਸੀਂ ਜੋ ਕਰਨਾ ਹੈ ਕਰ ਲਉ ਜਿਸ ਤੇ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਬਲਾਕ ਕਾਂਗਰਸ ਪ੍ਰਧਾਨ ਬਾਬੂ ਸਿੰਘ ਮਾਨ ਨੂੰ ਸੂਚਿਤ ਕੀਤਾ ਤੇ ਧੜਾਧੜ ਮ੍ਰਿਤਕ ਦੇ ਪਿੰਡੋਂ ਅਤੇ ਮ੍ਰਿਤਕ ਦੀ ਭੈਣ ਨੂੰ ਵਿਆਹੁਣ ਜਾਣ ਵਾਲੇ ਨੌਜਵਾਨ ਦੇ ਪਿੰਡ ਭਾਗੀਵਾਂਦਰ ਦੇ ਲੋਕ ਅਤੇ ਕਾਂਗਰਸੀ ਵਰਕਰਾਂ ਦੇ ਨਾਲ ਨਾਲ ਹੋਰਨਾਂ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਰਾਜ ਨਰਸਿੰਗ ਹੋਮ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਕਾਂਗਰਸ ਪ੍ਰਧਾਨ ਬਾਬੂ ਸਿੰਘ ਮਾਨ, ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਅਵਤਾਰ ਮੈਨੂੰਆਣਾ, ਜਥੇਦਾਰ ਗੁਰਤੇਜ ਸਿੰਘ ਜੋਧਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜ਼ਿਲ੍ਹਾ ਸਕੱਤਰ ਮੋਤੀ ਭਾਗੀਵਾਂਦਰ, ਪੀ.ਪੀ.ਪੀ. ਦੇ ਹਲਕਾ ਇੰਚਾਰਜ ਜਗਜੀਤ ਸਿੰਘ ਸਿੱਧੂ, ਆਪ ਆਗੂ ਅਵਤਾਰ ਚੋਪੜਾ,ਅਕਾਲੀ ਦਲ (ਬ) ਆਗੂ ਸ਼ੇਰ ਸਿੰਘ ਮੈਨੇਜਰ, ਅਕਾਲੀ ਦਲ ਮਾਨ ਦੇ ਰਾਜਿੰਦਰ ਸਿੰਘ ਜਵਾਹਰਕੇ, ਭਾਕਿਯੂ ਏਕਤਾ (ਉਗਰਾਹਾਂ) ਦੇ ਮੋਹਨ ਸਿੰਘ ਚੱਠੇਵਾਲਾ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਰਾਏ, ਚੱਠੇਵਾਲਾ ਦੇ ਸਰਪੰਚ ਜਗਰੂਪ ਸਿੰਘ, ਵਾਂਦਰ ਪੱਤੀ ਦੇ ਸਰਪੰਚ ਰਾਜੂ ਸਿੰਘ, ਬਲਦੇਵ ਸਿੰਘ ਲੇਲੇਵਾਲਾ ਸਾਬਕਾ ਬਲਾਕ ਸੰਮਤੀ ਮੈਂਬਰ, ਸੌਦਾਗਰ ਲੇਲੇਵਾਲਾ, ਸੀਨੀਅਰ ਕਾਂਗਰਸੀ ਆਗੂ ਭੋਲਾ ਕਲਾਲਵਾਲਾ ਆਦਿ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਡਾਕਟਰ ਤੇ ਤੁਰੰਤ ਮਾਮਲਾ ਦਰਜ ਨਾਂ ਕੀਤਾ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਤਲਵੰਡੀ ਸਾਬੋ ਮੁਖੀ ਪ੍ਰਿਤਪਾਲ ਸਿੰਘ ਘਟਨਾ ਸਥਾਨ ਤੇ ਪੁੱਜੇ ਤੇ ਉਨ੍ਹਾਂ ਡਾਕਟਰ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਪ੍ਰੰਤੂ ਪ੍ਰਦਰਸ਼ਨਕਾਰੀ ਡਾਕਟਰ ਤੇ ਤੁਰੰਤ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਦੀ ਮੰਗ ਤੇ ਅੜ ਗਏ ਤੇ ਆਖਿਰ ਪ੍ਰਦਰਸ਼ਨਕਾਰੀਆਂ ਦੇ ਦਬਾਅ ਅੱਗੇ ਝੁਕਦਿਆਂ ਪੁਲਿਸ ਨੇ ਡਾਕਟਰ ਦਿਨੇਸ਼ ਬਾਂਸਲ ਨੂੰ ਗ੍ਰਿਫਤਾਰ ਕਰਕੇ ਮ੍ਰਿਤਕ ਨੌਜਵਾਨ ਦੇ ਚਾਚਾ ਮਹਿਮਾ ਸਿੰਘ ਦੇ ਬਿਆਨਾਂ ਤੇ ਡਾਕਟਰ ਦਿਨੇਸ਼ ਬਾਂਸਲ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਧਾਰਾ 304,506 ਅਧੀਨ ਮਾਮਲਾ ਦਰਜ ਕਰ ਲਿਆ ਹੈ।ਉਕਤ ਘਟਨਾ ਨਾਲ ਪੂਰੇ ਹਲਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।