ਬਾਈਕ ਸਵਾਰ ਦੀ ਮੌਕੇ ’ਤੇ ਮੌਤ, ਬੱਸ ’ਚ ਸਵਾਰ ਸਾਰੇ 40ਬੱਚੇ ਸੁਰੱਖਿਅਤ
ਝਬਾਲ, 31 ਮਈ (ਜਤਿੰਦਰ ਸ਼ਰਮਾ)- ਵੀਰਵਾਰ ਨੂੰ ਤੜਕਸਾਰ ਸਵੇਰੇ ਉਸ ਵੇਲੇ ਭਿਆਨਕ ਹਾਦਸਾ ਵਾਪ ਗਿਆ ਜਦੋਂ ਬੱਚੇ ਲੈ ਕੇ ਜਾ ਰਹੀ ਇਕ ਨਿੱਜੀ ਸਕੂਲ ਦੀ ਬੱਸ ਸੜਕ ’ਤੇ ਜਾ ਰਹੇ ਇਕ ਮੋਟਰਸਾਇਕਲ ਨਾਲ ਟਕਰਾਉਣ ਉਪਰੰਤ ਡੂੰਘੇ ਖੇਤ ’ਚ ਜਾ ਪਲਟੀ। ਇਸ ਹਾਦਸੇ ਦੌਰਾਨ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਪ੍ਰੰਤੂ ਬੱਸ ’ਚ ਸਵਾਰ ਕਰੀਬ 40 ਬੱਚੇ ਵਾਲ-ਵਾਲ ਬੱਚ ਗਏ ਜਿੰਨ੍ਹਾਂ ਨੂੰ ਲੋਕਾਂ ਦੀ ਸਹਾਇਤਾ ਨਾਲ ਬੱਸ ਦੇ ਸ਼ੀਸ਼ੇ, ਦਰਵਾਜੇ ਆਦਿ ਤੋੜ ਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਸਥਾਨ ਤੋਂ ਬੱਸ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ, ਜਦੋਂ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਅਤੇ ਹਾਦਸਾ ਗ੍ਰਸਤ ਵਾਹਨ ਕਬਜ਼ੇ ਹੇਠ ਲੈ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਤੜਕਸਾਰ ਸਵੇਰੇ ਕਰੀਬ 7:15 ਇਹ ਹਾਦਸਾ ਪਿੰਡ ਭੁੱਸੇ ਤੋਂ ਥੋੜਾ ਅੱਗੇ ਜਾ ਕੇ ਉਸ ਵੇਲੇ ਵਾਪਰਿਆ ਜਦੋਂ ਮੋਟਰਸਾਇਕਲ ਸਵਾਰ ਇਕ ਨੌਜਵਾਨ ਜੋ ਕਿ ਦੁੱਧ ਵੇਚਣ ਦਾ ਕੰਮ ਕਰਦਾ ਸੀ ’ਤੇ ਕਸਬਾ ਸਰਾਏ ਅਮਾਨਤ ਖਾਂ ਤੋਂ ਬਿੱਧੀ ਚੰਦੀਆਂ ਦੀ ਬਹਿਕ ’ਤੇ ਦੁੱਧ ਲੈਣ ਲਈ ਜਾ ਰਿਹਾ ਸੀ। ਪ੍ਰਤੱਖ ਦਰਸ਼ੀਆਂ ਰਣਜੀਤ ਸਿੰਘ, ਸੁਖਜਿੰਦਰ ਸਿੰਘ, ਰਾਮ ਸਿੰਘ ਨੰਬਰਦਾਰ, ਡਾ. ਸਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਮੁਤਾਬਕ ਉਕਤ ਸਥਾਨ ’ਤੇ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਸ੍ਰੀ ਗੁਰੂ ਹਰਿਗੋਬਿੰਦ ਗੰਡੀਵਿੰਡ ਸਕੂਲ ਦੀ ਇਕ ਨਿੱਜੀ ਬੱਸ ਪੀ.ਬੀ.46 ਐਮ.8180 ਨੇ ਮੋਟਰਸਾਇਕਲ ਸਵਾਰ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਮੋਟਰਸਾਇਕਲ ਸਵਾਰ ਨੌਜਵਾਨ ਨੂੰ ਕਈ ਮੀਟਰ ਘੜੀਸ ਦੀ ਹੋਈ ਬੱਸ ਸੜਕ ਕਿਨਾਰੇ ਡੂੰਘੇ ਖੇਤ ਵਿਚ ਜਾ ਪੱਲਟੀ ਅਤੇ ਪੁੱਠੀ ਹੋ ਗਈ। ਉਕਤ ਲੋਕਾਂ ਮੁਤਾਬਕ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸਦਾ ਮੋਟਰਸਾਇਕਲ ਵੀ ਚਕਨਾਚੂਰ ਹੋ ਗਿਆ। ਉਨ੍ਹਾਂ ਦੱਸਿਆ ਕਿ ਬੱਸ ’ਚ 40 ਦੇ ਕਰੀਬ ਬੱਚੇ ਸਨ, ਜਿੰਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਥਾਨਿਕ ਲੋਕਾਂ ਮੁਤਾਬਕ ਉਕਤ ਸਕੂਲ ਦੇ ਪ੍ਰਬੰਧਕਾਂ ਵੱਲੋਂ ਇਹ ਤੀਜਾ, ਚੌਥਾ ਡਰਾਇਵਰ ਬੱਸ ਦਾ ਬਦਲਿਆ ਗਿਆ ਹੈ। ਪਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਉਕਤ ਬੱਸ ਦਾ ਚਾਲਕ ਜਿੱਥੇ ਬੱਸ ਨੂੰ ਤੇਜ਼ ਚਲਾ ਰਿਹਾ ਸੀ ਉੱਥੇ ਹੀ ਬੱਸ ਚਲਾਂਉਦੇ ਸਮੇਂ ਉਹ ਮੁਬਾਇਲ ’ਤੇ ਗੱਲ ਕਰ ਰਿਹਾ ਸੀ। ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਇੰਸਪੈਕਟਰ ਤਰਸ਼ੇਮ ਮਸੀਹ ਨੇ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਪੁੱਤਰ ਸੁੱਖਵੰਤ ਸਿੰਘ ਵਾਸੀ ਸਰਾਏ ਅਮਾਨਤ ਖਾਂ ਵਜੋਂ ਹੋਈ ਹੈ, ਜਦੋਂ ਕਿ ਫਰਾਰ ਹੋਏ ਬੱਸ ਚਾਲਕ ਦੀ ਪਛਾਣ ਸਵਰਨ ਸਿੰਘ ਵੱਜੋਂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਵਾਪਰੀ ਉਕਤ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵਾਪਰੇ ਉਕਤ ਹਾਦਸੇ ਦੀ ਬਰੀਕੀ ਨਾਲ ਜਾਂਚ ਕਰਨ ਲਈ ਉਨ੍ਹਾਂ ਵੱਲੋਂ ਤਰੁੰਤ ਟੀਮ ਰਵਾਨਾ ਕਰ ਦਿੱਤੀ ਗਈ ਹੈ।



