ਅਕਾਲੀ ਦਲ ਦਾ ਉਮੀਦਵਾਰ ਲੁੜਕਿਆ-‘ਆਪ’ ਜੀ ਜ਼ਮਾਨਤ ਜ਼ਬਤ
ਜਲੰਧਰ, 31 ਮਈ- ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਹੁਕਮਰਾਨ ਕਾਂਗਰਸ ਦੇ ਉਮੀਦਵਾਰ ਸ. ਹਰਦੇਵ ਸਿੰਘ ਲਾਡੀ ਨੇ ਆਪਣੇ ਨੇੜਲੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 38,802 ਵੋਟਾਂ ਨਾਲ ਹਰਾ ਦਿੱਤਾ ਹੈ। ਕਾਂਗਰਸ ਨੇ ਇਸ ਵੱਡੀ ਜਿੱਤ ਨਾਲ ਪੰਜਾਬ ਵਿਧਾਨ ਸਭਾ ਵਿੱਚ ਦੋ ਤਿਹਾਈ ਬਹੁਮਤ ਹਾਸਿਲ ਕਰ ਲਿਆ ਹੈ। ਕਾਂਗਰਸ ਦੇ ਹੁਣ ਵਿਧਾਨ ਸਭਾ ਵਿੱਚ 78 ਵਿਧਾਇਕ ਹੋ ਗਏ ਹਨ, ਜਦੋਂ ਕਿ ਅਕਾਲੀ ਦਲ 14 ਵਿਧਾਇਕਾਂ ਉਪਰ ਸਿਮਟ ਗਿਆ ਹੈ। ਸ਼ਾਹਕੋਟ ਦੀ ਚੋਣ ਵਿੱਚ ਸਭ ਤੋਂ ਮਾੜਾ ਹਾਲ ਆਮ ਆਦਮੀ ਪਾਰਟੀ ਦਾ ਹੋਇਆ ਹੈ ਜਿਸਦੇ ਉਮੀਦਵਾਰ ਸ. ਰਤਨ ਸਿੰਘ ਕਾਕੜ ਕਲਾਂ ਨੂੰ ਸਿਰਫ 1900 ਵੋਟਾਂ ਪਈਆਂ ਹਨ। ਅਕਾਲੀ ਵਿਧਾਇਕ ਸ. ਅਜੀਤ ਸਿੰਘ ਕੋਹਾੜ ਦੀ ਫਰਵਰੀ ਵਿੱਚ ਮੌਤ ਹੋ ਜਾਣ ਕਾਰਨ ਇਸ ਹਲਕੇ ਦੀ 28 ਮਈ ਨੂੰ ਜ਼ਿਮਨੀ ਚੋਣ ਹੋਈ ਸੀ। ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਜੇਤੂ ਰਹੀ। ਹਲਕੇ ਵਿੱਚ ਕੁੱਲ 12 ਉਮੀਦਵਾਰ ਖੜ੍ਹੇ ਸਨ। ਲਗਭਗ 76 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਕਾਂਗਰਸੀ ਉਮੀਦਵਾਰ ਸ. ਲਾਡੀ ਨੂੰ ਕੁੱਲ 82,745 ਵੋਟ ਮਿਲੇ, ਜਦੋਂ ਕਿ ਅਕਾਲੀ ਉਮੀਦਵਾਰ ਕੋਹਾੜ ਨੂੰ 43,944 ਵੋਟਾਂ ਮਿਲੀਆਂ। ਸ. ਲਾਡੀ ਸਾਰੇ ਹੀ ਗੇੜਾਂ ਦੌਰਾਨ ਵਿਰੋਧੀ ਉਮੀਦਵਾਰਾਂ ’ਤੇ ਭਾਰੂ ਰਹੇ। ਅਕਾਲੀ ਉਮੀਦਵਾਰ ਆਪਣੇ ਚੋਣ ਕੇਂਦਰ ਤੋਂ ਵੀ ਚੋਣ ਹਾਰ ਗਿਆ। ਅਕਾਲੀ ਅਤੇ ‘ਆਪ’ ਉਮੀਦਵਾਰ ਚੋਣ ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਖਿਸਕ ਗਏ। ਕਾਂਗਰਸੀ ਹਲਕਿਆਂ ਵਿੱਚ ਇਸ ਜਿੱਤ ਨਾਲ ਖੁਸ਼ੀ ਦਾ ਮਾਹੌਲ ਹੈ। ਦੂਸਰੇ ਪਾਸੇ ‘ਆਪ’ ਅਤੇ ਅਕਾਲੀ ਦਲ ਦੀ ਤਿੱਖੀ ਅਲੋਚਨਾ ਹੋ ਰਹੀ ਹੈ।



