Skip to content
Independent perspectives. Global stories.
BREAKING

ਸ. ਨਵਜੋਤ ਸਿੰਘ ਸਿੱਧੂ ਵੱਲੋਂ ਵਿਲੱਖਣ ਤਿਆਗ ਦੀ ਮਿਸਾਲ ਕਾਇਮ

Share this story

ਸਪੁੱਤਰ ਕਾਕਾ ਕਰਨ ਸਿਧੂ ਅਤੇ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਸਰਕਾਰੀ ਅਹੁਦੇ ਤਿਆਗੇ

ਚੰਡੀਗੜ੍ਹ, 26 ਮਈ- ਸਾਬਕਾ ਕ੍ਰਿਕਟ ਖਿਡਾਰੀ, ਟੀਵੀ ਹਸਤੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਸਿਆਸੀ ਖੇਤਰ ਵਿੱਚ ਵਿਲੱਖਣ ਤਿਆਗ ਦੀ ਮਿਸਾਲ ਪੈਦਾ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਦੋ ਵੱਡੇ ਅਹੁਦੇ ਵਾਪਿਸ ਕਰ ਦਿੱਤੇ ਹਨ। ਸ. ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਸਪੁਤਰ ਕਾਕਾ ਕਰਨ ਸਿਧੂ ਹੁਣ ਸਰਕਾਰ ਵੱਲੋਂ ਦਿੱਤੇ ਗਏ ਅਹੁਦੇ ਨਹੀਂ ਸੰਭਾਲਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਨਾਲ ਬੀਬਾ ਡਾ. ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਬਣਾਇਆ ਗਿਆ ਸੀ, ਪ੍ਰੰਤੂ ਉਨ੍ਹਾਂ ਨੇ ਇਹ ਅਹੁਦਾ ਹਾਲੇ ਤੱਕ ਨਹੀਂ ਸੰਭਾਲਿਆ ਸੀ। ਬੀਤੇ ਕੱਲ੍ਹ ਉਨ੍ਹਾਂ ਦੇ ਸਪੁੱਤਰ ਕਾਕਾ ਕਰਨ ਸਿਧੂ ਨੂੰ ਪੰਜਾਬ ਦਾ ਸਹਾਇਕ ਐਡਵੋਕੇਟ ਜਨਰਲ ਥਾਪਿਆ ਗਿਆ ਸੀ।ਸ. ਨਵਜੋਤ ਸਿੰਘ ਸਿੱਧੂ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਸਿਆਸੀ ਵਿਰੋਧੀ ਚਿਤ ਹੋ ਗਏ ਹਨ। ਸਿਆਸਤ ਦੇ ਖੇਤਰ ਵਿੱਚ ਅੱਜ ਤੱਕ ਕਿਸੇ ਵੀ ਸਿਆਸਤਦਾਨ ਨੇ ਇਸ ਤਰ੍ਹਾਂ ਦੇ ਤਿਆਗ ਦਾ ਸਬੂਤ ਨਹੀਂ ਦਿੱਤਾ। ਸ. ਸਿੱਧੂ ਨੇ ਇਹ ਫੈਸਲਾ ਬਿਨਾ ਕਿਸੇ ਦਬਾਅ ਆਪਣੀ ਨਿੱਜੀ ਇੱਛਾ ਨਾਲ ਲਿਆ ਹੈ। ਇਹ ਐਲਾਨ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਚੰਡੀਗੜ੍ਹ ਵਿਚ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ, “ਮੈਂ ਮੁਖ ਮੰਤਰੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਪਰਿਵਾਰ ਨੂੰ ਮਾਣ ਬਖ਼ਸ਼ਿਆ, ਪਰ ਮੇਰੀ ਪਤਨੀ ਤੇ ਸਪੁਤਰ ਨੇ ਆਪੋ-ਆਪਣੇ ਅਹੁਦੇ ਨਾ ਸੰਭਾਲਣ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਕਿਹਾ, “ਮੇਰੀ ਪਤਨੀ ਇਸ ਅਹੁਦੇ ਤੋਂ ਅਸੰਤੁਸ਼ਟ ਸੀ ਤੇ ਮੇਰਾ ਬੇਟਾ ਵੀ। ਸਿਆਸਤ ਵਿਚ ਸਭ ਤੋਂ ਵਡੀ ਚੀਜ਼ ਸਾਖ ਹੁੰਦੀ ਹੈ ਤੇ ਮੈਂ ਸਾਖ ਨੂੰ ਹੀ ਸਭ ਕੁਝ ਸਮਝਦਾ ਹਾਂ।”ਇਸ ਤੋਂ ਪਹਿਲਾਂ ਨਵਜੋਤ ਕੌਰ ਸਿਧੂ ਨੇ ਸੋਸ਼ਲ ਮੀਡੀਆ ‘ਤੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿਤਾ। ਉਨ੍ਹਾਂ ਆਪਣੀ ਫੇਸਬੁਕ ਪ੍ਰੋਫਾਈਲ ‘ਤੇ ਪੋਸਟ ਕਰਕੇ ਲਿਖਿਆ ਕਿ ਉਹ ਸੀਨੀਅਰ ਗਾਇਨਾਕੋਲੋਜਿਸਟ (ਇਸਤਰੀ ਰੋਗਾਂ ਦੀ ਮਾਹਿਰ) ਹੈ ਤੇ ਪੰਜਾਬ ਦੇ ਲੋਕਾਂ ਲਈ ਉਨ੍ਹਾਂ ਆਪਣੀ ਸਰਕਾਰੀ ਨੌਕਰੀ ਦਾ ਤਿਆਗ ਕਰ ਦਿਤਾ।ਆਪਣੇ ਸਪੁਤਰ ਬਾਰੇ ਗਲ ਕਰਦਿਆਂ ਉਨਾਂ ਦਸਿਆ ਕਿ ਕਰਨ ਨੇ ਦਿਲੀ ਯੂਨੀਵਰਸਿਟੀ ਤੋਂ ਜਨਰਲ ਵਰਗ ਵਿਚ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਤੇ ਨਿਊਯਾਰਕ ਦੇ ਕਾਰਡੋਜ਼ੋ ਲਾਅ ਕਾਲਜ ਤੋਂ ਓਪਨ ਮੈਰਿਟ ਵਿਚ ਐਲਐਲਐਮ ਪਾਸ ਕੀਤੀ। ਇਸ ਤੋਂ ਇਲਾਵਾ ਉਸ ਨੂੰ ਦਿਲੀ ਹਾਈ ਕੋਰਟ ਵਿਚੋਂ 6 ਸਾਲ ਦਾ ਤਜਰਬਾ ਵੀ ਹਾਸਲ ਹੈ।ਉਨ੍ਹਾਂ ਕਿਹਾ ਕਿ ਉਹ ਬੇਰੁਜ਼ਗਾਰ, ਸਿਫ਼ਾਰਸ਼ੀ, ਘਟ ਪੜ੍ਹੇ ਵਿਖੇ ਜਾਂ ਗ਼ੈਰ ਹਕਦਾਰ ਲੋਕ ਨਹੀਂ ਸਨ ਤੇ ਉਨ੍ਹਾਂ ਦੀ ਤੁਲਨਾ ਤਾਕਤ ਦੇ ਆਸਰੇ ਨੌਕਰੀਆਂ ਲੈਣ ਵਾਲਿਆਂ ਨਾਲ ਨਾ ਕੀਤੀ ਜਾਵੇ। ਜੋਸ਼ੀ, ਮਜੀਠੀਆ ਤੇ ਹੋਰਾਂ ਨੂੰ ਇਸ ਤਰ੍ਹਾਂ ਦੀਆਂ ਟਿਪਣੀਆਂ ਕਰਨ ਦਾ ਕੋਈ ਹਕ ਨਹੀਂ ਹੈ। ਉਨ੍ਹਾਂ ਉਕਤ ਲੀਡਰਾਂ ’ਤੇ ਭ੍ਰਿਸ਼ਟਾਚਾਰ ਆਸਰੇ ਧਨ-ਦੌਲਤ ਇਕਠੇ ਕਰਨ ਦੇ ਵੀ ਇਲਜ਼ਾਮ ਲਾਏ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਸ. ਨਵਜੋਤ ਸਿੰਘ ਸਿਧੂ ਦੇ ਪੁਤਰ ਕਰਨ ਸਿੰਘ ਸਿਧੂ ਨੂੰ ਪੰਜਾਬ ਵਿਚ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ। 29 ਸਾਲਾ ਕਰਨ ਸਿਧੂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਪਿਤਾ ਲਈ ਕਈ ਰੈਲੀਆਂ ਵੀ ਕੀਤੀਆਂ ਸਨ। ਇਸੇ ਦੌਰਾਨ ਉਹ ਸੁਰਖੀਆਂ ਵਿਚ ਆਇਆ ਸੀ।

WRITTEN BY